ਜੇਤੂਆਂ ਨੂੰ ਮਿਲਣਗੇ 7 ਲੱਖ ਰੁਪਏ ਤੋਂ ਵਧੇਰੇ ਦੇ ਇਨਾਮ
ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) ਪੰਜਾਬ ਸਰਕਾਰ ਦੀ ਸੁਚੱਜੀ ਅਗਵਾਈ ਸਦਕਾ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਸ਼ੂ ਪਾਲਣ

ਵਿਭਾਗ ਦੁਆਰਾ ਜ਼ਿਲੇ ਵਿੱਚ 13 ਅਤੇ 14 ਅਕਤੂਬਰ ਨੂੰ ਐਮ.ਆਰ.ਕਾਲਜ ਗਰਾਊਂਡ ਵਿੱਚ ਪਸ਼ੂ ਧਨ ਅਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਰਣਵੀਰ ਸਿੰਘ ਮੁੱਧਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਨ ਉਪਰੰਤ ਦਿੱਤੀ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਵਿਕਰਮ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪਸ਼ੂ ਮੇਲੇ ਬਾਰੇ ਕੀਤੇ ਜਾਣ ਵਾਲੇ ਅਗਾਊਂ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਉਨਾਂ ਕਿਹਾ ਕਿ ਮੇਲੇ ਵਿੱਚ ਦੁਧਾਰੂ ਪਸ਼ੂਆਂ ਦੇ ਦੁੱਧ ਚੁਆਈ ਅਤੇ ਚੰਗੀ ਨਸਲ ਦੇ ਪਸ਼ੂਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਪਸ਼ੂ ਪਾਲਕਾਂ ਨੂੰ 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ।ਉਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਸਿਹਤ ਵਿਭਾਗ ਦੀਆਂ ਡਾਕਟਰੀ ਟੀਮਾਂ ਵੱਲੋਂ ਲੋਕਾਂ ਨੂੰ ਡਾਕਟਰੀ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ।ਉਨਾਂ ਦੱਸਿਆ ਕਿ ਮੇਲੇ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।
ਡਿਪਟੀ ਡਾਇਰੈਕਟਰ ਪਸ਼ੂ-ਪਾਲਣ ਵਿਭਾਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਇਨਾਂ ਮੁਕਾਬਲਿਆਂ ਵਿੱਚ ਮੱਝਾਂ, ਗਾਵਾਂ, ਘੋੜੇ, ਭੇਡ, ਬੱਕਰੀਆਂ ਅਤੇ ਮੁਰਗ਼ੀ ਪਾਲਣ ਵਰਗੇ ਕਿਤਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਨਸਲਾਂ ਦੇ ਘੋੜੇ, ਮੱਝਾਂ, ਗਾਵਾਂ, ਬੱਕਰੀਆਂ, ਭੇਡਾਂ, ਸੂਰਾਂ ਅਤੇ ਮੁਰਗ਼ਿਆਂ ਦੇ ਨਸਲੀ ਮੁਕਾਬਲੇ ਅਤੇ ਗਾਵਾਂ, ਮੱਝਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾਣਗੇ।ਉਨਾਂ ਦੱਸਿਆ ਕਿ ਘੋੜਿਆਂ ਦੇ ਨਾਚ ਤੇ ਸਜਾਵਟੀ ਮੁਕਾਬਲੇ ਅਤੇ ਕੁੱਤਿਆਂ ਦੇ ਨਸਲੀ ਮੁਕਾਬਲੇ ਇਸ ਪਸ਼ੂਧਨ ਮੇਲੇ ਵਿੱਚ ਆਕਰਸ਼ਨ ਦਾ ਕੇਂਦਰ ਬਣੇ ਰਹਿਣਗੇ। ਉਨਾਂ ਕਿਹਾ ਕਿ ਇਸ ਪਸ਼ੂਧਨ ਨਸਲ ਅਤੇ ਦੁੱਧ ਚੁਆਈ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਪਸ਼ੂਆਂ ਲਈ ਮੈਡੀਕਲ ਟੀਮਾਂ ਵੀ ਮੌਕੇ ’ਤੇ ਮੌਜੂਦ ਰਹਿਣਗੀਆਂ।ਉਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਪਸ਼ੂ ਪਾਲਕਾਂ ਲਈ ਲੰਗਰ ਅਤੇ ਪਸ਼ੂਆਂ ਲਈ ਮੁਫ਼ਤ ਚਾਰਾ ਵੀ ਮੁਹੱਈਆ ਕਰਵਾਇਆ ਜਾਵੇਗਾ।ਇਸ ਮੌਕੇ ਜ਼ਿਲਾ ਲੀਡ ਬੈਂਕ ਮੈਨੇਜਰ ਪਰਮਜੀਤ ਕੋਚਰ, ਪ੍ਰਦੀਪ ਸੇਠੀ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media