ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਮੈਡੀਸਨ ਐਂਡ
ਫੀਜ਼ੀਓਥੀਰੈਪੀ ਵਿਭਾਗ ਵੱਲੋਂ ਸਪੋਰਟਸ ਨਿਊਟ੍ਰੀਸ਼ਨ, ਟ੍ਰੇਨਿੰਗ ਤੇ ਖੇਡਾਂ ਵਿਚ ਨੌਜੁਆਨਾਂ ਦੀ ਕਾਰਗੁਜ਼ਾਰੀ ਅਤੇ ਦਵਾਈਆਂ ਬਣਾਉਣ ਵੇਲੇ ਵਰਤੇ ਜਾਣ ਵਾਲੀ ਡਰੱਗਜ਼ ਦੀ ਸ਼ੁੱਧਤਾ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਵਿਚ ਵਿਭਾਗ ਦੇ ਵਿਦਿਆਰਥੀਆਂ, ਅਧਿਆਪਕਾਂ ਤੋਂ ਇਲਾਵਾ ਖੋਜਾਰਥੀਆਂ ਨੇ ਭਾਗ ਲਿਆ।
ਇਹ ਵਿਸ਼ੇਸ਼ ਭਾਸ਼ਣ ਜਰਮਨੀ ਦੇ ਇੰਸਟੀਚਿਊਟ ਆਫ ਐਕਸਰਸਾਈਜ਼ ਐਂਡ ਸਪੋਰਟਸ ਐਂਥਰੋਪੋਲੋਜੀ ਦੇ ਪ੍ਰੋ. ਕਲੌਸ-ਪੀਟਰ ਹਰਮ ਅਤੇ ਡਾ. ਐਂਡਰਜ਼ ਹਰਮ ਨੇ ਦਿੱਤੇ। ਵਿਭਾਗ ਦੇ ਮੁਖੀ, ਪ੍ਰੋ. ਸ਼ਿਆਮਲ ਕੋਲੇ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਿਆਂ ਅਤੇ ਉਨ੍ਹਾਂ ਦੀ ਜਾਣ ਪਛਾਣ ਕਰਾਈ।
ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਾਬਕਾ ਐਡਵਾਈਜ਼ਰੀ ਕਮੇਟੀ ਮੈਂਬਰ, ਪ੍ਰੋ. ਹਰਮ ਨੇ ਆਪਣੇ ਭਾਸ਼ਣ ਵਿਚ ਨੌਜੁਆਨ ਖਿਡਾਰੀਆਂ ਦੇ ਖਾਣ ਪੀਣ ਦਾ ਉਨ੍ਹਾਂ ਦੀ ਸਿਖਲਾਈ ਅਤੇ ਖੇਡਾਂ ਵਿਚ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਕ ਕਾਮਯਾਬ ਖਿਡਾਰੀ ਲਈ ਉਸਦੀ ਖੁਰਾਕ, ਕਸਰਤ ਅਤੇ ਖੇਡ ਪ੍ਰਤੀ ਰੁਚੀ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਖੁਰਾਕ ਲੜਕੀਆਂ ਅਤੇ ਲੜਕੇ ਲਈ ਵੱਖਰੀ ਵੱਖਰੀ ਹੁੰਦੀ ਅਤੇ ਉਨ੍ਹਾਂ ਦੇ ਸਰੀਰ ਅਨੁਸਾਰ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਡਾਂ ਲਈ ਖਿਡਾਰੀਆਂ ਦੀ ਸਮਰੱਥਾ ਅਨੁਸਾਰ ਫੂਡ ਸਪਲੀਮੈਂਟ ਅਤੇ ਡਾਈਟ ਚਾਰਟ ਬਣਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਸਰੀਰ ਉਸ ਖੇਡ ਅਨੁਸਾਰ ਵਧੀਆ ਕਾਰਗੁਜ਼ਾਰੀ ਕਰ ਸਕੇ। ਵਿਦਿਆਰਥੀਆਂ ਨੇ ਇਸ ਮੌਕੇ ਪ੍ਰੋ. ਹਰਮ ਤੋਂ ਖੇਡ ਅਤੇ ਖੁਰਾਕ ਸਬੰਧੀ ਸੁਆਲ ਵੀ ਪੁੱਛੇ ਗਏ ਜਿਸ ਵਿਚ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਡਾ. ਐਂਡਰਸ ਨੇ ਕਿਹਾ ਕਿ ਕਿਸੇ ਵੀ ਦਵਾਈ ਬਣਾਉਣ ਵੇਲੇ ਉਸ ਵਿਚ ਪਾਏ ਜਾਣ ਵਾਲੇ ਪਦਾਰਥਾਂ ਦੀ ਸ਼ੁੱਧਤਾ ਦਾ ਮਾਪਦੰਡ ਵੱਖ ਵੱਖ ਸਟੇਜਾਂ ‘ਤੇ ਚੈਕ ਕੀਤਾ ਜਾਂਦਾ ਹੈ ਤਾਂ ਕਿ ਅਸਰਦਾਰ ਦਵਾਈਆਂ ਬਣਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਕੋਈ ਵੀ ਦਵਾਈ ਵਰਤਣ ਵੇਲੇ ਉਨ੍ਹਾਂ ਵਿਚ ਪਾਏ ਜਾਣ ਵਾਲੇ ਤੱਤਾਂ ਬਾਰੇ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਪੋਜ਼ੀਟਵ ਡੋਪ ਟੈਸਟ ਤੋਂ ਬਚਿਆ ਜਾ ਸਕੇ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media