ਸਟਾਫ਼ ਦੇ ਬੱਚਿਆਂ ਵੱਲੋਂ ਟੋਪੀ ਪਾਉਣ ਜਾਂ ਪਤਿਤਪੁਣੇ ਵੱਲ ਵੱਧਣ ਦੀਆਂ ਖ਼ਬਰਾਂ ਮੰਦਭਾਗੀਆਂ – ਸਿਰਸਾ
ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸੇਵਾ ਨਿਭਾਉਣ ਦੌਰਾਨ
ਅਕਾਲ ਚਲਾਣਾ ਕਰ ਗਏ 5 ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਅੱਜ ਕਮੇਟੀ ਵੱਲੋਂ ਮਾਲੀ ਸਹਾਇਤਾ ਦੇ ਚੈਕ ਦਿੱਤੇ ਗਏ। ਕਮੇਟੀ ਦਫ਼ਤਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ 5 ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨੂੰ ਪ੍ਰਤੀ ਪਰਿਵਾਰ 7,30,896/- ਰੁਪਏ ਦੀ ਰਾਸ਼ੀ ਦੇ ਚੈਕ ਤਕਸੀਮ ਕਰਨ ਦੌਰਾਨ ਕਮੇਟੀ ਸਟਾਫ਼ ਨੂੰ ਆਪਣਾ ਪਰਿਵਾਰ ਦੱਸਿਆ।
ਆਪਣੀ ਸੇਵਾਕਾਲ ਦੌਰਾਨ ਬੀਤੇ ਦਿਨੀਂ ਅਕਾਲ ਚਲਾਣਾ ਕਰਨ ਵਾਲੇ ਮੁਲਾਜ਼ਮ ਵਰਪਾਲ ਸਿੰਘ (ਜਥੇਦਾਰ), ਛੁਟਕਨ (ਮਾਲੀ), ਰਵਿੰਦਰ ਕੌਰ(ਸੇਵਾਦਾਰਨੀ), ਮਨਜੀਤ ਸਿੰਘ ਤੇ ਹਰਜੀਤ ਸਿੰਘ (ਸੇਵਾਦਾਰ) ਦੇ ਪਰਿਵਾਰਾਂ ਨੂੰ ਪ੍ਰਾਪਤ ਹੋਈ ਕੁਲ 36,54,482/-ਰੁਪਏ ਦੀ ਰਾਸ਼ੀ ’ਚ ਅੱਧੀ ਸਹਾਇਤਾ ਕਮੇਟੀ ਵੱਲੋਂ ਅਤੇ ਅੱਧੀ ਸਹਾਇਤਾ ਕਮੇਟੀ ਸਟਾਫ਼ ਵੱਲੋਂ ਦਿੱਤੀ ਗਈ ਹੈ। ਦਿੱਲੀ ਕਮੇਟੀ ਸਟਾਫ਼ ਯੂਨੀਅਨ ਦੇ ਪ੍ਰਧਾਨ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਹੈਠ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਕਮੇਟੀ ਵੱਲੋਂ ਮਦਦ ਦੇਣ ਲਈ ਧੰਨਵਾਦ ਕਰਦੇ ਹੋਏ ਸਾਬਕਾ ਪ੍ਰਬੰਧਕਾਂ ਵੱਲੋਂ ਇਸ ਮਸਲੇ ’ਤੇ ਕੀਤੀ ਗਈ ਅਨਦੇਖੀ ਦਾ ਵੀ ਜਿਕਰ ਕੀਤਾ।ਉਨ੍ਹਾਂ ਕਿਹਾ ਕਿ ਸਾਬਕਾ ਕਮੇਟੀ ਪ੍ਰਧਾਨ ਪ੍ਰਹਿਲਾਦ ਸਿੰਘ ਚੰਢੋਕ ਵੱਲੋਂ ਸੇਵਾਕਾਲ ਦੌਰਾਨ ਅਕਾਲ ਚਲਾਣਾ ਕਰਨ ਵਾਲੇ ਸਟਾਫ਼ ਲਈ 30,000/-ਕਮੇਟੀ ਵੱਲੋਂ ਅਤੇ ਇਤਨਾ ਹੀ ਸਟਾਫ਼ ਵੱਲੋਂ ਦੇਣ ਦਾ ਮਤਾ ਪ੍ਰਵਾਨ ਕੀਤਾ ਗਿਆ ਸੀ।ਉਨ੍ਹਾਂ ਤੋਂ ਬਾਅਦ ਆਏ ਸਰਨਾ ਭਰਾਵਾਂ ਦੇ ਕਾਰਜਕਾਲ ਦੌਰਾਨ 40 ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਨਾਲ ਹੀ ਸਾਰੇ ਸਟਾਫ਼ ਦਾ ਮੰਹਿਗਾਈ ਭੱਤਾ ਵੀ ਬੰਦ ਕਰ ਦਿੱਤਾ ਗਿਆ ਸੀ। ਪਰ ਮੌਜੂਦਾ ਕਮੇਟੀ ਨੇ ਸਟਾਫ਼ ਭਲਾਈ ਲਈ ਹਰ ਪ੍ਰਕਾਰ ਦੀ ਸਹਾਇਤਾ ਉਪਲਬੱਧ ਕਰਵਾਈ ਹੈ।
ਜੀ.ਕੇ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ 1960 ਤੋਂ ਕਮੇਟੀ ਪ੍ਰਬੰਧ ਦੇ ਨਾਲ ਜੁੜਿਆ ਹੋਇਆ ਹੈ।ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਗੁਰੂਧਾਮਾਂ ਨੂੰ ਦਿਵਾਈਆਂ ਗਈਆਂ ਜਮੀਨਾਂ ਦੌਰਾਨ ਕਮੇਟੀ ਸਟਾਫ਼ ਨੇ ਹਮੇਸ਼ਾ ਹੀ ਡੱਟ ਕੇ ਪ੍ਰਬੰਧਕਾਂ ਦਾ ਸਾਥ ਦਿੱਤਾ ਸੀ।ਕਈ ਵਾਰ ਹੋਏ ਹਿੰਸਕ ਟਕਰਾਵ ਦੌਰਾਨ ਵੀ ਸਟਾਫ਼ ਨੇ ਹਮੇਸ਼ਾ ਆਪਣੀ ਸ਼ਰੀਰਕ ਸੱਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਪੰਥ ਦੇ ਹੱਕ ’ਚ ਭੁਗਤ ਕੇ ਕੌਮ ਦਾ ਮਾਨ ਵਧਾਇਆ ਸੀ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2013 ਕਮੇਟੀ ਚੋਣਾਂ ਤੋਂ ਪਹਿਲੇ ਸਟਾਫ਼ ਨਾਲ ਕੀਤੇ ਗਏ ਸਾਰੇ ਵਾਇਦਿਆਂ ਨੂੰ ਸਿਰੇ ਚੜਾਉਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ।
ਜੀ.ਕੇ ਨੇ ਕਿਹਾ ਕਿ ਕਮੇਟੀ ਨੇ ਆਪਣੇ ਸਰੋਤਾਂ ਤੋਂ ਵੱਧ ਕੇ ਸਟਾਫ਼ ਦੀ ਬਾਂਹ ਫੜਨ ਤੋਂ ਕਦੇ ਕਿਨਾਰਾ ਨਹੀਂ ਕੀਤਾ।ਇਸ ਲਈ ਸਟਾਫ਼ ਨੂੰ ਵੀ ਸੇਵਾ ਦੌਰਾਨ ਕੋਤਾਹੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਗੁਰਦੁਆਰਿਆਂ ’ਚ ਸੇਵਾ ਨਿਭਾਅ ਰਹੇ ਸਟਾਫ਼ ਨੂੰ ਸੰਗਤਾਂ ਨਾਲ ਮਿੱਠਾ ਬੋਲਣ ਦੀ ਹਦਾਇਤ ਦਿੰਦੇ ਹੋਏ ਉਨ੍ਹਾਂ ਕਿਹਾ ਕਿ `ਜੇਕਰ ਤੁਸੀਂ ਗੁੜ ਨਹੀਂ ਦੇ ਸਕਦੇ, ਤਾਂ ਗੁੜ ਵਾਲੀ ਗੱਲ ਤਾਂ ਕਰ ਹੀ ਸਕਦੇ ਹੋ`।ਦਿੱਲੀ ਕਮੇਟੀ ਦੇ ਇਤਿਹਾਸ ’ਚ ਪਹਿਲੀ ਵਾਰ ਗੁਰੂ ਦੀ ਗੋਲਕ ’ਚੋਂ ਗੁਰੂ ਦਾ ਹਿੱਸਾ ਸਟਾਫ਼ ਦੇ ਪਰਿਵਾਰਾਂ ਨੂੰ ਦੇ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਹੱਕ ਰੋਕਣ ਲਈ ਨਹੀਂ ਸਗੋਂ ਦੇਣ ਲਈ ਹੁੰਦੇ ਹਨ।ਜੀ.ਕੇ ਨੇ ਇਸ ਵਰ੍ਹੇ ਕਮੇਟੀ ਸਟਾਫ਼ ਨੂੰ ਵਰਦੀ ਦੇਣ ਦਾ ਵੀ ਐਲਾਨ ਕੀਤਾ।
ਸਿਰਸਾ ਨੇ ਕਿਹਾ ਕਿ ਇਨਸਾਨੀ ਜਿੰਦਗੀ ਦੀ ਕੀਮਤ ਨਹੀਂ ਲਗਾਈ ਜਾ ਸਕਦੀ, ਪਰ ਸਾਬਕਾ ਪ੍ਰਬੰਧਕਾਂ ਨੇ ਆਪਣੀ ਹਉਮੇ ’ਚ ਕਮੇਟੀ ਸਟਾਫ਼ ਦਾ ਹੱਕ ਦੇਣ ’ਚ ਕੋਤਾਹੀ ਵਰਤੀ ਸੀ।ਜਿਸ ਕਰਕੇ ਦਿੱਲੀ ਦੀ ਸੰਗਤ ਨੇ ਉਨ੍ਹਾਂ ਨੂੰ ਬਦਲ ਦਿੱਤਾ।ਜਿਸ ਪਰਿਵਾਰ ’ਚ ਮੌਤ ਹੁੰਦੀ ਹੈ ਉਹੀ ਪਰਿਵਾਰ ਉਸ ਦਰਦ ਨੂੰ ਸਮਝ ਸਕਦਾ ਹੈ।ਇਸ ਕਰਕੇ ਦਿੱਲੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਜਿਤਨਾ ਅੰਸ਼ਦਾਨ ਕਮੇਟੀ ਸਟਾਫ਼ ਆਪਣੀ ਤਣਖਾਹ ’ਚੋਂ ਦੇਵੇਗਾ, ਕਮੇਟੀ ਵੀ ਉਸ ਦੇ ਬਰਾਬਰ ਮਾਇਕ ਸਹਾਇਤਾ ਦੇਵੇਗੀ।ਸਿਰਸਾ ਨੇ ਯੂਨੀਅਨ ਪ੍ਰਧਾਨ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਵੱਲੋਂ ਹਮੇਸ਼ਾ ਹੀ ਸਟਾਫ਼ ਦੇ ਹੱਕ ਲਈ ਆਵਾਜ਼ ਬੁਲੰਦ ਕਰਨ ਦੀ ਕੀਤੀ ਜਾਂਦੀ ਕੋਸ਼ਿਸ਼ਾਂ ਦੀ ਸਲਾਘਾ ਕੀਤੀ।
ਰਾਣਾ ਨੇ ਸਟਾਫ਼ ਕੁਆਟਰ ’ਚ ਰਹਿਣ ਵਾਲੇ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ’ਚ ਸਿੱਖੀ ਸੰਭਾਲਣ ਦਾ ਹੌਕਾ ਦਿੰਦੇ ਹੋਏ ਸਟਾਫ਼ ਦੇ ਬੱਚਿਆਂ ਵੱਲੋਂ ਟੋਪੀ ਪਾਉਣ ਜਾਂ ਪਤਿਤਪੁਣੇ ਵੱਲ ਵੱਧਣ ਦੀਆਂ ਆਉਂਦੀਆਂ ਖ਼ਬਰਾਂ ਨੂੰ ਮੰਦਭਾਗਾ ਦੱਸਿਆ।ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media