ਸਕੂਲ ਬੰਦ ਨਹੀਂ ਹੋਣਗੇ ਸਿਰਫ਼ ਲੋੜੀਂਦੇ ਸਕੂਲਾਂ ਦੇ ਰਲੇਵੇ ਹੋਣਗੇ – ਸਕੱਤਰ ਕ੍ਰਿਸ਼ਨ ਕੁਮਾਰ
ਫਾਜਿਲਕਾ, 22 ਅਕਤੁਬਰ (ਪੰਜਾਬ ਪੋਸਟ- ਵਿਨੀਤ ਕੁਮਾਰ ਅਰੋੜਾ) – ਪਿਛਲੇ ਕਈ ਵਰਿਆਂ ਤੋਂ ਪੰਜਾਬ ਦੇ ਵੱਖ ਵੱਖ ਪਿੰਡਾ ਅਤੇ ਸ਼ਹਿਰਾਂ ਵਿੱਚ ਚੱਲ ਰਹੇ ਲਗਭਗ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਸਬੰਧੀ ਜਾਰੀ ਤੁਗਲਕੀ ਫਰਮਾਨ ਨੂੰ ਲੈਕੇ ਪੰਜਾਬ ਦੇ ਅਧਿਆਪਕ ਵਰਗ ਵਿਚ ਵੱਡਾ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਪੰਜਾਬ ਦੀਆਂ ਵੱਖ ਵੱਖ ਅਧਿਆਪਕ ਜੱਥੇਬੰਦੀਆਂ ਵਲੋ ਕਈ ਥਾਵਾਂ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਕਈ ਥਾਵਾਂ ਤੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਨ ਦੀ ਗੱਲ ਕਹੀ ਜਾ ਰਹੀ ਹੈ।ਅਧਿਆਪਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਦਾ ਡੱਟਕੇ ਵਿਰੋਧ ਕਰਨਗੇ।
ਪਰ ਇਸ ਸਬੰਧੀ ਜਦੋਂ ਸਾਡੇ ਪੱਤਰਕਾਰ ਵਿਨੀਤ ਕੁਮਾਰ ਅਰੋੜਾ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਨੇ ਇਸ ਗੱਲ ਨੂੰ ਕੋਰੀ ਅਫ਼ਵਾਹ ਦੱਸਦੇ ਹੋਏ ਕਿਹਾ ਕਿ ਪੰਜਾਬ ਵਿਚ 800 ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਬਲਕਿ 22 ਜ਼ਿਲਿਆਂ ’ਚ ਸਿਰਫ਼ 65 ਅਜਿਹੇ ਸਕੂਲ ਹਨ ਜਿਨਾਂ ਵਿਚ ਅਧਿਆਪਕ ਅਤੇ ਬੱਚਿਆਂ ਦੇ ਰੇਸ਼ੋ ਦਾ ਅਨੁਪਾਤ ਬਹੁਤ ਹੀ ਘੱਟ ਹੈ, ਜਿਸ ਕਰਕੇ ਸਿਰਫ ਇਨਾਂ 65 ਸਕੂਲਾਂ ਨੂੰ ਬੰਦ ਕੀਤਾ ਜਾਵੇਗਾ ਅਤੇ ਪੰਜਾਬ ਵਿਚ ਸਿਰਫ਼ 163 ਅਜਿਹੇ ਸਕੂਲਾਂ ਹਨ ਜਿਨਾਂ ਨੂੰ ਨੇੜਲੇ ਇਂੱਕ ਕਿਲੋਮੀਟਰ ਦੇ ਅੰਦਰ ਆਉਂਦੇ ਦੂਜੇ ਸਰਕਾਰੀ ਸਕੂਲ ਵਿਚ ਮਰਜ਼ ਕੀਤਾ ਜਾ ਰਿਹਾ ਹੈ।ਜਿਨਾਂ 65 ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਇਹ ਉਹ ਸਕੂਲ ਹਨ ਜਿਨਾਂ ਵਿੱਚ ਰਲੇਵੇ ਤੋਂ ਬਾਅਦ ਵੀ ਬੱਚਿਆਂ ਦੀ ਗਿਣਤੀ 20 ਤੋਂ ਵੀ ਘੱਟ ਹੈ।ਉਨਾਂ ਉਦਾਹਰਣ ਦਿੰਦਿਆਂ ਦੱਸਿਆ ਕਿ ਰੋਪੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੁਲਗਰਾ ਵਿਚ ਬੱਚਾ ਇੱਕ ਹੈ ਅਤੇ ਪੜਾਉਣ ਵਾਲੇ ਅਧਿਆਪਕ ਦੋ ਹਨ ਅਤੇ ਮੁਹਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ ਰੁੜਕੀ ਵਿਚ ਇੱਕ ਵੀ ਬੱਚਾ ਨਹੀਂ, ਪਰ ਉੱਥੇ ਇੱਕ ਅਧਿਆਪਕ ਕੰਮ ਕਰ ਰਿਹਾ ਹੈ।ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਅਧਿਆਪਕ ਵਰਗ ਦੇ ਹਮਾਇਤੀ ਹਨ ਅਤੇ ਹਰ ਪੱਖੋਂ ਉਨਾਂ ਦੇ ਹੱਕਾਂ ਦੇ ਨਾਲ ਖੜੇ ਹਨ।
ਕਿ੍ਰਸ਼ਨ ਕੁਮਾਰ ਨੇ ਦੱਸਿਆ ਕਿ ਆਰ.ਟੀ.ਈ ਐਕਟ ਦੇ ਮੁਤਾਬਕ ਇੱਕ ਕਿਲੋਮੀਟਰ ਦਾਇਰੇ ਦੇ ਅੰਦਰ ਦੇ ਉਨਾਂ ਸਕੂਲਾਂ ਨੂੰ ਆਪਸ ਵਿਚ ਮਰਜ਼ ਕੀਤਾ ਗਿਆ ਹੈ ਜਿਨਾਂ ਵਿਚ ਬੱਚਿਆਂ ਦੀ ਗਿਣਤੀ 20 ਤੋਂ ਘੱਟ ਹੈ ਅਤੇ ਉਨਾਂ ਕਿਹਾ ਕਿ ਜੋ ਸਕੂਲ ਮਰਜ਼ ਕੀੇਤੇ ਜਾ ਰਹੇ ਹਨ ਉਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਉਨਾਂ ਦੇ ਪਸੰਦ ਦੇ ਸਟੇਸ਼ਨਾਂ ਤੇ ਹੀ ਤੈਨਾਤ ਕੀਤਾ ਜਾ ਰਿਹਾ ਹੈ।ਸਿੱਖਿਆ ਸਕੱਤਰ ਨੇ ਕਿਹਾ ਕਿ ਪਾਰਦਰਸ਼ੀ ਨੀਤੀ ਤਹਿਤ ਬਿਨਾਂ ਕਿਸੇ ਅਸੁਵਿਧਾ ਦੇ ਇਨਾਂ ਸਕੂਲਾਂ ਦਾ ਰਲੇਵਾ ਕੀਤਾ ਜਾ ਰਿਹਾ ਹੈ, ਪਰ ਜੇਕਰ ਭਵਿੱਖ ਵਿਚ ਇਨਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ ਤਾਂ ਇਨਾਂ ਸਕੂਲਾਂ ਨੂੰ ਮੁੜ ਤੋਂ ਖੋਲਿਆ ਜਾ ਸਕਦਾ ਹੈ।ਜਿਹੜੇ 20 ਤੋਂ ਘੱਟ ਗਿਣਤੀ ਵਾਲੇ ਬੱਚਿਆਂ ਲਈ ਲੋੜੀਂਦੇ ਇੱਕ ਕਿਲੋਮੀਟਰ ਦੇ ਘੇਰੇ ਵਿਚ ਸਕੂਲ ਨਹੀਂ ਹਨ, ਉਨਾਂ ਸਕੂਲਾਂ ਨੂੰ ਇਸ ਨੀਤੀ ਤੋਂ ਬਾਹਰ ਰੱਖਿਆ ਗਿਆ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਤਰਕ ਸੰਗਤ ਢੰਗ ਦੇ ਨਾਲ ਸਿੱਖਿਆ ਸੁਧਾਰ ਦੇ ਘੇਰੇ ਵਿਚ ਆਉਂਦੇ ਤਰੀਕਿਆਂ ਮੁਤਾਬਕ ਇਹ ਰਲੇਵੇ ਕੀਤੇ ਜਾਣਗੇ ਜਿਸ ਨਾਲ ਬੱਚਿਆਂ ਦੀ ਪੜਾਈ ਤੇ ਕੋਈ ਮਾੜਾ ਅਸਰ ਨਾ ਪਵੇ।ਇਨਾਂ ਰਲੇਵਿਆਂ ਦਾ ਮੰਤਵ ਬੱਚਿਆਂ ਦੀ ਚੰਗੀ ਪੜਾਈ, ਸਮਾਂ ਅਤੇ ਵਿਤੀ ਬਚਤ ਕਰਨਾ ਹੈ ਨਾ ਕਿ ਕਿਸੇ ਅਧਿਆਪਕ ਨੂੰ ਖਜ਼ਲ ਖੁਆਰ ਕਰਨਾ।ਉਨਾਂ ਕਿਹਾ ਕਿ ਕਿਸੇ ਵੀ ਬੱਚੇ ਨੂੰ ਇੱਕ ਕਿਲੋਮੀਟਰ ਤੋਂ ਜਿਆਦਾ ਦਾ ਸਫ਼ਰ ਤੈਅ ਨਹੀਂ ਕਰਨਾ ਪਵੇਗਾ।
Punjab Post Daily Online Newspaper & Print Media