ਬਟਾਲਾ, 23 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਕਣਕ ਦਾ ਵੱਧ ਝਾੜ ਲੈਣ ਲਈ ਇਸ ਦੀ ਬਿਜਾਈ ਸਮੇਂ ਠੰਡੇ ਜਲਵਾਯੂ ਦੀ ਜ਼ਰੂਰਤ ਹੁੰਦੀ ਹੈ, ਜੋ ਵਧੀਆ ਫੁਟਾਰੇ ਲਈ ਅਤੇ
ਬਿਮਾਰੀਆਂ ਤੋਂ ਬਚਾਉਣ ਲਈ ਸਹਾਈ ਹੁੰਦੀ ਹੈ। ਬਲਾਕ ਖੇਤੀਬਾੜੀ ਅਫ਼ਸਰ ਡਾ. ਰਜਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਕਣਕ ਦੀ ਬਿਜਾਈ ਸਮੇਂ ਸਿਰ ਭਾਵ 25 ਅਤਕੂਬਰ ਤੋਂ ਕੀਤੀ ਜਾ ਸਕਣ ਵਾਲੀ ਬਿਜਾਈ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੀ.ਬੀ. ਡਬਲਯੂ 621, ਪੀ.ਬੀ.ਡਬਲਯੂ 725, ਪੀ.ਬੀ.ਡਬਲਯੂ 677, ਐਚ.ਡੀ 3086, ਐਚ.ਡੀ 2967, ਡਬਲਯੂ.ਐਚ 1105 ਅਤੇ ਪੀ.ਬੀ.ਡਬਲਯੂ ਜ਼ਿੰਕ-1 ਦੀ ਸਿਫ਼ਾਰਸ਼ ਕੀਤੀ ਹੈ।ਜਦੋਂ ਕਿ ਕਿਸਾਨ, ਪੀ ਬੀ ਡਬਲਯੂ 550, ਉਨਤ ਪੀ.ਬੀ.ਡਬਲਯੂ 550 ਨੂੰ ਨਵੰਬਰ ਦੇ ਦੂਜੇ ਹਫ਼ਤੇ ਤੋਂ ਪਹਿਲਾਂ ਨਾ ਬੀਜਣ। ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਪਿਛੇਤੀਆਂ ਕਿਸਮਾਂ ਵਿੱਚ ਪੀ.ਬੀ.ਡਬਲਯੂ 658 ਅਤੇ ਪੀ ਬੀ ਡਬਲਯੂ 590 ਆਉਂਦੀਆਂ ਹਨ, ਜਿਨਾਂ ਦੀ ਬਿਜ਼ਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਕੀਤੀ ਜਾ ਸਕਦੀ ਹੈ।
ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਸਮੇਂ ਸਿਰ ਬੀਜੀਆਂ ਜਾਣ ਵਾਲੀਆਂ ਕਿਸਮਾਂ ਜੇਕਰ 25 ਅਕਤੂਬਰ ਤੋਂ ਪਹਿਲਾਂ ਬੀਜ ਲਈਆਂ ਜਾਂਦੀਆਂ ਹਨ ਤਾਂ ਇਸ ਸਮੇਂ ਵੱਧ ਤਾਪਮਾਨ ਹੋਣ ਕਰਕੇ ਇਹਨਾਂ ਦਾ ਬੀਜ ਜੰਮਦਾ ਨਹੀਂ ਅਤੇ ਪੌਦਿਆਂ ਦੀ ਗਿਣਤੀ ਘਟਣ ਕਰਕੇ ਝਾੜ ਤੇ ਮਾੜਾ ਅਸਰ ਪੈਂਦਾ ਹੈ।ਫੁਟਾਰਾ ਘਟਣ ਕਰਕੇ ਫ਼ਸਲ ਛੇਤੀ ਸਿੱਟਿਆਂ ਤੇ ਆ ਜਾਂਦੀ ਹੈ, ਆਕਾਰ ਛੋਟਾ ਰਹਿ ਜਾਂਦਾ ਹੈ, ਛੇਤੀ ਸਿੱਟੇ ਬਣਨ ਕਰਕੇ ਇਸਦੀ ਕੋਰੇ ਦੀ ਮਾਰ ਹੇਠਾਂ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਿਸ ਕਰਕੇ ਸਿਟੇ ਖਾਲੀ ਰਹਿ ਜਾਂਦੇ ਹਨ। ਖੇਤੀਬਾੜੀ ਅਧਿਕਾਰੀ ਡਾ. ਰਜਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਵੀਰ ਕਣਕ ਦਾ ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਹੀ ਕਰਨ ਅਤੇ ਚੰਗੀ ਫ਼ਸਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਣਕ ਦੀਆਂ ਸਿਫ਼ਾਰਸ਼ ਕਿਸਮਾਂ ਵਿੱਚੋਂ ਹੀ ਚੋਣ ਕਰਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media