Sunday, March 22, 2026

ਅੰਬਰਾਂ ਤੋਂ ਉਪਗ੍ਰਹਿ ਦੇ ਰਿਹਾ ਹੈ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਪੱਕੀ ਸੂਹ

ਸਰਕਾਰੀ ਮੁਲਾਜ਼ਮ ਨੇ ਪਰਾਲੀ ਸਾੜੀ ਤਾਂ ਹੋਵੇਗੀ ਵਿਭਾਗੀ ਕਾਰਵਾਈ

PPN2610201733ਅੰਮਿ੍ਤਸਰ, 26 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਪਰਾਲੀ ਸਾੜਨ ਤੇ ਲਗਾਈ ਰੋਕ ਦੇ ਮੱਦੇਨਜ਼ਰ ਅਬੰਰਾਂ ਤੋਂ ਉਪਗ੍ਰਹਿ ਵਲੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਪੱਕੀ ਸੂਹ ਦਿੱਤੀ ਜਾ ਰਹੀ ਹੈ, ਜਿਸ ਦੇ ਅਧਾਰ ’ਤੇ ਖੇਤੀ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀ ਸਬੰਧਤ ਕਿਸਾਨ ਤੱਕ ਪਹੁੰਚ ਕਰਕੇ ਪਰਾਲੀ ਸਾੜਨ ਕਾਰਨ ਜ਼ਮੀਨ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂੰ ਕਰਵਾਉਣਗੇ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਸ਼ਾਮ ਇਸ ਮੁੱਦੇ ’ਤੇ ਵਧੀਕ ਡਿਪਟੀ ਕਮਿਸ਼ਨਰ, ਐਸ ਡੀ ਐਮਜ਼, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਆਪਣੀ ਪੂਰੀ ਤਾਕਤ ਝੋਕ ਦੇਣ, ਕਿਉਂਕਿ ਇਸ ਨਾਲ ਕੇਵਲ ਜ਼ਮੀਨ ਜਾਂ ਕਿਸਾਨ ਦਾ ਹੀ ਨੁਕਸਾਨ ਨਹੀਂ ਹੋ ਰਿਹਾ, ਬਲਕਿ ਸਮੁੱਚੇ ਵਾਤਾਵਰਣ ’ਤੇ ਮਾਰੂ ਪ੍ਰਭਾਵ ਪੈ ਰਿਹਾ ਹੈ, ਜੋ ਕਿ ਮਨੁੱਖ ਦੀਆਂ ਆਉਣ ਵਾਲੀਆਂ ਪੀੜੀਆਂ ਲਈ ਵੀ ਖਤਰਨਾਕ ਸਾਬਿਤ ਹੋਵੇਗਾ। ਉਨਾਂ ਨੇ ਬੈਠਕ ਵਿਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ’ਤੇ ਸਬੰਧਤ ਕਿਸਾਨ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਕਿਸਾਨ ਨੂੰ ਪਰਾਲੀ ਨਾ ਸਾੜਨ ਦੇ ਲਾਭ  ਅਤੇ ਪਰਾਲੀ ਸਾੜਨ ਦਾ ਨੁਕਸਾਨ ਜ਼ਰੂਰ ਦੱਸਣ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਆਈ.ਏ.ਐਸ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਾਰੇ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਨੂੰ ਪਾਬੰਦ ਕੀਤਾ ਗਿਆ ਹੈ ਕਿ ਜੇਕਰ ਉਨਾਂ ਦਾ ਪਰਿਵਾਰ ਖੇਤੀ ਵੀ ਕਰਦਾ ਹੈ ਤਾਂ ਉਹ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਅਤੇ ਜੇਕਰ ਕੋਈ ਸਰਕਾਰੀ ਮੁਲਾਜ਼ਮ ਅਜਿਹਾ ਕਰੇਗਾ ਤਾਂ ਪਰੋਸਨਲ ਵਿਭਾਗ ਨੂੰ ਹਦਾਇਤ ਕੀਤੀ ਕੀਤੀ ਗਈ ਹੈ ਕਿ ਸਬੰਧਤ ਕਰਮਚਾਰੀ ਖਿਲਾਫ ਵਿਭਾਗੀ ਕਰਵਾਈ ਕੀਤੀ ਜਾਵੇ। ਉਨਾਂ ਦੱਸਿਆ ਕਿ ਮਾਲ ਵਿਭਾਗ ਪਿੰਡਾਂ ਦੇ ਮੋਹਤਬਰ, ਸਰਪੰਚ, ਪੰਚ, ਨੰਬਰਦਾਰਾਂ ਆਦਿ ਨੂੰ ਜਿੱਥੇ ਇਸ ਨੇਕ ਕੰਮ ਦੀ ਅਗਵਾਈ ਲਈ ਭਰੋਸੇ ਵਿਚ ਲੈਣ ਉਥੇ ਉਨਾਂ ’ਤੇ ਨਿਗਾ ਵੀ ਰੱਖਣ ਕਿ ਉਹ ਖ਼ੁਦ ਆਪਣੇ ਖੇਤਾਂ ਵਿਚ ਪਰਾਲੀ ਨਾ ਸਾੜਨ।
ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਹਰ ਇਕ ਲੋੜੀਂਦਾ ਕਦਮ ਚੁੱਕਿਆ ਜਾਵੇ ਤਾਂ ਜੋ ਪਰਾਲੀ ਸਾੜਨ ਨੂੰ ਸਾੜਨ ਤੋਂ ਰੋਕਿਆ ਜਾ ਸਕੇ। ਉਨਾਂ ਇਸ ਕੰਮ ਲਈ ਕਿਸਾਨਾਂ ਨਾਲ ਸਿੱਧੇ ਜੁੜੇ ਪਟਵਾਰੀ, ਕਾਨੂੰਗੋ ਅਤੇ ਮਾਲ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ ਖੇਤੀ ਵਿਭਾਗ ਦੇ ਨਾਲ ਮਿਲ ਕੇ ਕੰਮ ਕਰਨ ਦੀ ਹਦਾਇਤ ਕੀਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਸ਼ਰਮਾ, ਐਸ.ਡੀ.ਐਮ ਰਜਤ ਉਬਰਾਏ, ਐਸ.ਡੀ.ਐਮ ਨਵੀਨ ਸਿੰਗਲਾ, ਐਸ.ਡੀ.ਐਮ ਰਵਿੰਦਰ ਸਿੰਘ, ਖੇਤੀ ਅਧਿਕਾਰੀ ਦਲਬੀਰ ਸਿੰਘ ਛੀਨਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply