Tuesday, July 7, 2026

ਸ੍ਰੀ ਗੁਰੂ ਰਾਮਦਾਸ ਹੈਲਥ ਸਾਇੰਸਜ਼ ਯੂਨੀਵਰਸਿਟੀ ਵਿਖੇ ਵਾਤਾਵਰਣ ਤੇ ਸਿਹਤ ਕਾਨਫਰੰਸ ਆਯੋਜਿਤ

ਮਨੁੱਖੀ ਜੀਵਨ ਦੀ ਭਲਾਈ ਤੇ ਵਾਤਾਵਰਣ ਦੀ ਸੰਭਾਲ ਲਈ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ- ਪ੍ਰੋ. ਬਡੂੰਗਰ

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਜ਼ ਦੇ ਸਹਿਯੋਗ ਨਾਲ ਵਾਤਾਵਰਣ ਅਤੇ ਸਿਹਤ ਤੇ ਕਾਨਫਰੰਸ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੀ ਅਗਵਾਈ ਹੇਠ ਹੋਈ ਅਤੇ ਡਾ. ਮੁਕੁੰਦ ਐਸ. ਜੋਸ਼ੀ, ਪ੍ਰਧਾਨ, ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਜ਼ ਬਤੌਰ ਮੁੱਖ ਮਹਿਮਾਨ ਪੁੱਜੇ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੋਲਦਿਆਂ ਕਿਹਾ ਕਿ 10 ਸਾਲਾਂ ਬਾਅਦ ਇਹ ਕਾਂਨਫਰੰਸ ਪੰਜਾਬ ਵਿੱਚ ਹੋ ਰਹੀਂ ਹੈ ਅਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਉਚੇਰੇ ਦਰਜੇ ਦੀ ਕਾਨਫਰੰਸ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਗੰਦਲੇ ਹੋ ਰਹੇ ਵਾਤਾਵਰਣ ਦਾ ਮਨੁੱਖੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਰਲ ਕੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਹੰਭਲਾ ਮਾਰੀਏ।ਉਨ੍ਹਾਂ ਕਿਹਾ ਕਿ ਗੁਰਬਾਣੀ ਨੇ ਬਹੁਤ ਸਾਲ ਪਹਿਲਾਂ ਸਾਨੂੰ ਸੁਚੇਤ ਕੀਤਾ ਸੀ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਸ਼ਬਦ ਰਾਹੀਂ ਗੁਰੂ ਸਾਹਿਬ ਨੇ ਇਨਸਾਨੀ ਜੀਵਨ ਲਈ ਹਵਾ, ਪਾਣੀ ਅਤੇ ਧਰਤੀ ਦੀ ਮਹੱਤਤਾ ਨੂੰ ਦਰਸਾਇਆ ਸੀ।ਅੱਜ ਲੋੜ ਹੈ ਕਿ ਮਨੁੱਖੀ ਜੀਵਨ ਦੀ ਭਲਾਈ ਅਸੀ ਗੁਰਬਾਣੀ ਤੋਂ ਸੇਧ ਲਈਏ ਤੇ ਵਾਤਾਵਰਣ ਨੂੰ ਖਰਾਬ ਹੋਣ ਤੋਂ ਰੋਕਣ ਲਈ ਯਤਨਸ਼ੀਲ ਹੋਈਏ।ਉਨ੍ਹਾਂ ਨੇ ਇਸ ਮੌਕੇ ਪੁੱਜੇ ਡਾਕਟਰ ਸਾਹਿਬਾਨ ਨੂੰ ਸੰਸਥਾਂ ਵਿਖੇ ਆਉਂਣ ਤੇ `ਜੀ ਆਇਆ` ਆਖਿਆਂ ਤੇ ਇਸ ਪ੍ਰੋਗਰਾਮ ਨੂੰ ਆਯੋਜਤ ਕਰਨ ਲਈ ਸੰਸਥਾਂ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ।
ਇਸ ਕਾਨਫਰੰਸ ਵਿੱਚ ਹਵਾ ਪ੍ਰਦੂਸ਼ਣ, ਪਾਣੀ, ਇੰਡਸਟਰੀਅਲ ਵੇਸਟ, ਪੈਸਟੀਸਾਇਡਜ਼ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ, ਜਿਗਰ ਖਰਾਬ ਹੋਣਾ, ਸਾਹ ਦੀਆਂ ਬਿਮਾਰੀਆਂ, ਡੈਂਗੂ, ਅੰਤੜੀਆਂ ਦੇ ਰੋਗ ਆਦਿ ਦੀ ਰੋਕਥਾਮ, ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ।
ਡਾ. ਗੀਤਾ ਸ਼ਰਮਾ ਡਾਇਰੈਕਟਰ ਤੇ ਪ੍ਰਿੰਸੀਪਲ ਨੇ ਬੋਲਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਹੰਭਲਾ ਮਾਰੀਏ।ਉਨ੍ਹਾਂ ਕਿਹਾ ਕਿ ਇੰਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਆਪਣਾ ਆਲਾ-ਦੁਆਲਾ ਸਾਫ ਰੱਖਣਾ ਬਹੁੱਤ ਜਰੂਰੀ ਹੈ ਅਤੇ ਇਸ ਕੰਮ ਲਈ ਸਾਨੂੰ ਕੇਵਲ ਸਰਕਾਰ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਬਲਕਿ ਆਪਣੀ ਜਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਪੈਸਟੀਸਾਇਡਜ਼ ਨੂੰ ਬਹੁ-ਮਾਤਰਾ ਵਿੱਚ ਵਰਤਣ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ, ਕਿਉਂਕਿ ਪੈਸਟੀਸਾਇਡ ਦੀ ਅੰਨੇਵਾਹ ਵਰਤੋ ਇਨਸਾਨੀ ਜਿੰਦਗੀ ਨੂੰ ਕੈਂਸਰ ਵਰਗੀ ਭਿਆਨਕ ਅਤੇ ਨਾ-ਮੁਰਾਦ ਬਿਮਾਰੀ ਵੱਲ ਧੱਕ ਰਹੀਂ ਹੈ।ਇਸ ਨੂੰ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ, ਇਸ ਦੀ ਵਿਕਰੀ ਅਤੇ ਵਰਤੋ ਮੁਕੰਮਲ ਤੌਰ `ਤੇ ਘੱਟ ਹੋਣੀ ਚਾਹੀਦੀ ਹੈ।
ਇਸ ਮੌਕੇ ਤੇ ਡਾ. ਹਰਪ੍ਰੀਤ ਸਿੰਘ, ਡਾ. ਪੀ.ਵੀ.ਐਮ ਲਕਸ਼ਮੀ, ਡਾ. ਓ.ਪੀ. ਚੌਧਰੀ, ਡਾ. ਪ੍ਰੇਮਾ ਰਾਮਾਚੰਦਰਣ, ਡਾ. ਕੇ.ਕੇ ਸ਼ਰਮਾ, ਡਾ. ਟੀ.ਡੀ ਚੁੱਘ, ਡਾ. ਡੀ.ਐਨ ਸਰੀਵਾਸਤਵ, ਡਾ. ਸੇਜਲ ਧੂਰੀਆ, ਡਾ. ਭੁਪਿੰਦਰ ਸਿੰਘ ਵਾਲੀਆ, ਮੈਂਬਰ ਪੰਜਾਬ ਮੈਡੀਕਲ ਕੌਂਸਲ, ਡਾ. ਸਿਮਰਪ੍ਰੀਤ ਕੌਰ ਸੰਧੂ ਅਤੇ ਅਰੁਣ ਕੁਮਾਰ ਝਾਅ ਨੇ ਵੀ ਆਪਣੇ ਆਪਣੇ ਤੁਜੱਰਬੇ ਸਾਂਝੇ ਕੀਤੇ।ਡਾ. ਏ.ਕੇ ਝਾਅ ਨੇ ਵੀ ਸਰਕਾਰ ਦੀਆਂ ਪਾਲਸੀਆਂ ਦੀ ਜਾਣਕਾਰੀ ਦਿੱਤੀ।
ਇਸ ਕਾਨਫਰੰਸ ਵਿੱਚ ਸੁਰਜੀਤ ਸਿੰਘ ਭਿਟੇਵੱਡ ਮੈਂਬਰ ਟਰੱਸਟ, ਭਾਈ ਮਨਜੀਤ ਸਿੰਘ ਐਸ.ਜੀ.ਪੀ.ਸੀ.ਮੈਂਬਰ, ਡਾ. ਰੂਪ ਸਿੰਘ, ਸਕੱਤਰ ਟਰੱਸਟ, ਡਾ. ਏ.ਪੀ ਸਿੰਘ ਡੀਨ ਅਤੇ ਪੂਰੇ ਭਾਰਤ ਤੋਂ 700 ਦੇ ਕਰੀਬ ਡਾਕਟਰ ਅਤੇ ਮਾਹਿਰਾਂ ਨੇ ਮੌਜੂਦ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply