ਮਾਲੇਰਕੋਟਲਾ (ਸੰਦੌੜ), 18 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਮੁਸਲਿਮ ਭਾਈਚਾਰੇ ਦੇ ਵੱਡੇ ਇਜ਼ਤਮਾ ਨੂੰ ਲੈ ਕੇ ਮਾਲੇਰਕੋਟਲਾ ਵਿਖੇ ਲੁਧਿਆਣਾ ਰੋਡ ਤੇ ਚੱਲ ਰਹੀਆਂ ਤਿਆਰੀਆਂ ‘ਚ ਦੋ ਦਿਨ ਲਈ ਉਸ ਸਮੇ ਵਿਘਨ ਪਿਆ ਜਦੋਂ ਧੁੰਦ ਤੋਂ ਬਾਅਦ ਬਾਰਿਸ਼ ਵਾਲਾ ਮੌਸਮ ਚੱਲਦਾ ਰਿਹਾ।ਇਸ ਭਾਈਚਾਰੇ ਵਲੋਂ ਇਸ ਦੀਆਂ ਤਿਆਰੀਆਂ ਦਾ ਸਿਲਸਲਾ ਭਾਵੇਂ ਪਿਛਲੇ ਇੱਕ ਮਹੀਨੇ ਤੋਂ ਬਿਜਲੀ ਗਰਿੱਡ ਦੇ ਪਿਛੇ ਨਰਸਰੀਆਂ ਨੇੜੇ ਸਥਿਤ ਇਜ਼ਤਮਾ ਵਾਲੀ ਜਗ੍ਹਾ ਤੇ ਜੰਗੀ ਪੱਧਰ `ਤੇ ਚੱਲਦਾ ਰਿਹਾ, ਪਰ ਇੰਨ੍ਹਾਂ ਦੋ ਦਿਨਾਂ ‘ਚ ਥੋੜੀ ਮੁਸ਼ਕਿਲ ਜਰੂਰ ਆਈ ਜਿਸ ਨੂੰ ਲੈ ਕੇ ਕੱਲ ਸਾਰਾ ਦਿਨ ਰਾਤ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਅਪਣੀਆ ਸੇਵਾਵਾਂ ਦੇ ਕੇ ਇਸ ਦੇ ਪ੍ਰਬੰਧ ‘ਚ ਹੋਰ ਤੇਜ਼ੀ ਲੈ ਆਂਦੀ ਤੇ ਪਾਣੀ ਖਿਚਣ ਵਾਲੀਆਂ ਮਸ਼ੀਨਾਂ, ਟਰੈਕਟਰਾਂ ਅਤੇ ਜੇ.ਸੀ.ਬੀ ਨਾਲ ਮੁੱਖ ਪੰਡਾਲ ‘ਚੋ ਪਾਣੀ ਨੂੰ ਸਾਫ ਕਰਕੇ ਨੀਵੀਆਂ ਜਗਾਹਾਂ ਤੇ ਮਿੱਟੀ ਪਾ ਕੇ ਪੱਧਰਾ ਕਰ ਦਿੱਤਾ ਗਿਆ।ਖਾਣੇ ਲਈ ਕੰਟੀਨਾਂ ਦਾ ਪ੍ਰਬੰਧ ਵੀ ਵੱਖੋ ਵੱਖ ਇਲਾਕਿਆਂ ਤੋ ਆਏ ਹੋਟਲ ਵਾਲਿਆਂ ਵਲੋ ਕੀਤਾ ਗਿਆ ਹੈ।
ਮਿਲੀਆ ਸੂਚਨਾਵਾਂ ਅਨੁਸਾਰ ਅੱਜ ਸਵੇਰੇ ਫਜ਼ਰ ਦੀ ਨਮਾਜ਼ ਤੋਂ ਬਾਅਦ ਵਖੋ ਵੱਖ ਪ੍ਰੋਗਰਾਮਾਂ ਲਈ ਜ਼ਿਮੇਦਾਰ ਸਾਥੀਆਂ ਨੂੰ ਪ੍ਰਬੰਧਾਂ ਲਈ ਮਰਕਜ਼ ਮਦਨੀ ਮਸਜਿਦ ‘ਚ ਪਹੰੁਚੇ ਬਜ਼ੁੱਰਗਾਂ ਵੱਲੋਂ ਇਜ਼ਤਮਾ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ ਤਾਂ ਜੋ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ। ਰੱਬ ਵੱਲੋਂ ਮੌਸਮ ਸਵੇਰੇ ਜਿਉ ਹੀ ਸਾਫ ਕੀਤਾ ਗਿਆ ਤਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾਂ ਗੁਆਢੀ ਸੂਬਿਆਂ ਦੇ ਲੋਕ ਹਜ਼ਾਰਾਂ ਦੀ ਗਿਣਤੀ ‘ਚ ਇਜ਼ਤਮਾ ਵਾਲੀ ਜਗ੍ਹਾ ਤੇ ਪਹੁਚਣੇ ਸ਼ੁਰੂ ਹੋ ਗਏ ਤੇ ਇੱਥੇ ਅੱਜ ਇੱਥੇ ਇਜ਼ਤਮਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ‘ਚ ਪਹੰੁਚੇ ਮੁਸਲਿਮ ਭਾਈਚਾਰੇ ਨੇ ਜ਼ੁਮੇ ਦੀ ਵਿਸ਼ੇਸ਼ ਨਮਾਜ਼ ਅਦਾ ਕੀਤੀ।ਕੱਲ ਸਵੇਰੇ 18 ਨਵੰਬਰ ਤੋਂ ਸ਼ੁਰੂ ਹੋ ਕੇ 19 ਅਤੇ 20 ਨਵੰਬਰ ਤੱਕ ਹੋਣ ਜਾ ਰਹੇ ਇਸ ਪੰਜਾਬ ਦੀ ਸਰਜ਼ਮੀਨ ਤੇ ਆਪਣੀ ਕਿਸਮ ਦੇ ਪਹਿਲੇ ਮੁਸਲਿਮ ਭਾਈਚਾਰੇ ਦੇ ਵੱਡੇ ਇਜ਼ਤਮਾ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ ਤੇ ਕੱਲ ਸਵੇਰੇ ਪਹਿਲਾ ਪ੍ਰੋਗਰਾਮ ਫਜ਼ਰ ਦੀ ਨਮਾਜ਼ ਤੋਂ ਬਾਅਦ ਸਵੇਰੇ 6.00 ਵਜੇ ਹੋਵੇਗਾ, ਇਸ ਤੋਂ ਬਾਦ ਖਿੱਤੇਵਾਰ ਜਮਾਤਾਂ ਵੱਲੋਂ ਜੋੜ ਕੇ ਤਾਲੀਮ ਵਾਲਾ ਅਮਲ ਹੋਵੇਗਾ ਅਤੇ ਇਸ ਤੋਂ ਬਾਅਦ ਸ਼ਾਮ 4:30 ਵਜੇ ਅਸਰ ਦੀ ਨਮਾਜ਼ ਤੋਂ ਬਾਅਦ ਅਤੇ ਇਸ ਤੋਂ ਬਾਅਦ ਮਗਰਿਬ ਦੀ ਨਮਾਜ਼ ਤੋਂ ਬਾਅਦ ਰਾਤ ਈਸ਼ਾ ਦੀ ਨਮਾਜ਼ ਤੱਕ ਨਸ਼ਿਸਤ ਚੱਲੇਗੀ।
ਇਸੇ ਤਰਾਂ ਦੂਜੇ ਦਿਨ ਐਤਵਾਰ ਸਵੇਰੇ ਫਜ਼ਰ ਤੋਂ ਬਾਅਦ ਪ੍ਰੋਗਰਾਮ ਚੱਲਕੇ ਹਰ ਨਮਾਜ਼ ਤੋਂ ਬਾਦ ਨਸ਼ਿਸਤ ਰੱਖੀ ਗਈ ਹੈ ਜਿਸ ਵਿਚ ਉਲੇਮਾ ਹਜ਼ਰਾਤ, 4 ਮਹੀਨੇ ਵਾਲੇ ਸਾਥੀਆਂ, ਸਟੂਡੈਂਟਸ ਅਤੇ ਖੁਵਾਸ ਲੋਕਾਂ ਦੀਆਂ ਨਿਸ਼ਸਤਾ 10 ਤੋਂ 12 ਵਜੇ ਜਿਥੇ ਇੰਤਜ਼ਾਮ ਰੱਖਿਆ ਗਿਆ ਹੈ ਉਥੇ ਹੀ ਸ਼ਾਮ ਅਸਰ ਦੀ ਨਮਾਜ਼ ਤੋਂ ਬਾਅਦ 4:30 ਵਜੇ ਸਾਦੇ ਤਰੀਕੇ ਨਾਲ ਵਿਆਹ ਦੇ ਬੰਧਨ ‘ਚ ਬੰਨਣ ਲਈ ਸੈਕੜਿਆਂ ਦੀ ਗਿਣਤੀ ਵਿੱਚ ਨਿਕਾਹ ਵੀ ਹੋਣ ਬਾਰੇ ਪਤਾ ਚੱਲਿਆ ਹੈ। ਇਜ਼ਤਮਾ ਵਿੱਚ ਪੰਜਾਬ ‘ਚ ਪਹਿਲੀ ਵਾਰ ਵਿਸ਼ੇਸ਼ ਤੌਰ `ਤੇ ਪਹੁੰਚੇ ਵਿਸ਼ਵ ਭਰ ‘ਚ ਮੁਸਲਿਮ ਭਾਈਚਾਰੇ ‘ਚ ਕੰਮ ਕਰ ਰਹੀ ਤਬਲੀਗੀ ਜਮਾਅਤ ਦੇ ਮਰਕਜ਼ ਹਜ਼ਰਤ ਨਿਜ਼ਾਮੁਦੀਨ ਦਿੱਲੀ ਦੇ ਪ੍ਰਮੁੱਖ ਹਜ਼ਰਤ ਮੋਲਾਨਾ ਮੁਹੰਮਦ ਸਾਦ ਸਾਹਿਬ ਅਤੇ ਹੋਰ ਜ਼ਿੰਮੇਵਾਰ ਉਲਮਾ ਇਕਰਾਮ ਵੱਲੋਂ ਇੱਕ ਰੱਬ ਦੀ ਹੋਦ, ਹਜ਼ਰਤ ਮੁਹੰਮਦ ਸਲ. ਸਾਹਿਬ ਦੀਆਂ ਬਰਕਤ ਸਦਕਾਂ ਅੱਲਾ ਵੱਲੋਂ ਉਮਤ ਦੇ ਹਰ ਫਰਦ ਦੀ ਲਗਾਈ ਦਾਵਤ ਦੀ ਜ਼ਿਮੇਦਾਰੀ, ਆਪ ਦੀ ਜੰਦਗੀ ਦੇ ਅਸੂਲ ਹਰ ਇਨਸਾਨ ਵਿੱਚ ਆ ਜਾਣ ਇਸ ਬਾਰੇ ‘ਚ ਪਹੁੰਚੇ ਲੋਕਾਂ ਨੂੰ ਸਮਝਾਉਣ ਦੀ ਕੋੋਸ਼ਿਸ਼ ਕੀਤੀ ਜਾਵੇਗੀ।
ਪ੍ਰਸ਼ਾਸਨਿਕ ਤੌਰ `ਤੇ ਨਗਰ ਕੋਂਸਲ ਦੇ ਪ੍ਰ੍ਰਧਾਨ ਸਮੇਤ ਪੂਰੇ ਅਮਲੇ ਅਤੇ ਜਰੂਰਤ ਅਨੁਸਾਰ ਸੇਵਾਵਾਂ ਦੇਣ ਲਈ ਹਰ ਸਰਕਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਰੂਰਤ ਅਨੁਸਾਰ ਸੇਵਾਵਾਂ ਦਿੱਤੀਆ ਜਾ ਰਹੀਆ ਹਨ। ਇਸ ਇਜ਼ਤਮਾ ਦੀ ਕਾਮਯਾਬੀ ਕਹੀ ਜਾਣ ਵਾਲੀ ਅੱਲਾ ਦੇ ਰਸਤੇ ਵਿੱਚ ਜਮਾਤਾਂ ‘ਚ ਜਾਣ ਦੀ ਕੜੀ ਤਹਿਤ 14 ਨਬੰਵਰ ਨੂੰ ਸੈਂਕੜੇ ਲੋਕ ਭਾਵੇਂ ਜਮਾਤਾਂ ਵਿੱਚ ਨਿਕਲ ਚੁੱਕੇ ਹਨ, ਪਰ ਇਜਤਮਾ ਦੇ ਆਖਿਰੀ ਦਿਨ 20 ਨੰਬਰ ਨੂੰ ਦੁਪਹਿਰ 12 ਵਜੇ ਦੁਆ ਤੋਂ ਬਾਅਦ ਬਾਹਰਲੇ ਦੇਸ਼ਾਂ ਲਈ ਪੰਜ ਤੇ ਦੋ ਮਹੀਨੇ ਲਈ ਅਤੇ ਚਾਰ ਮਹੀਨੇ ਤੇ ਚਾਲੀ ਦਿਨਾਂ ਵਾਲ਼ੀਆ ਜਮਾਤਾਂ ‘ਚ ਹੋਰ ਸੈਕੜਿਆਂ ਦੀ ਗਿਣਤੀ ‘ਚ ਲੋਕਾਂ ਦੇ ਨਿਕਲਣ ਦੀ ਉਮੀਦ ਹੈ। ਇਸ ਜਗਾ ਤੇ 4-5 ਲੱਖ ਲੋਕਾਂ ਦੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੰਧੂ ਅਨੁਸਾਰ ਉਨ੍ਹਾਂ ਦੇ ਅਧਿਕਾਰੀਆ ਵੱਲੋਂ ਅਪਣੀ ਜਿਮੇਵਾਰੀ ਸਮਝਦਿਆਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਇਸੇ ਤਹਿਤ ਪੁਲਿਸ ਦੇ ਉਚ ਪੁਲਿਸ ਅਧਿਕਾਰੀਆਂ ਵੱਲੋਂ ਇਜਤਮਾ ਵਾਲੀ ਜਗ੍ਹਾ ਦਾ ਦੋ ਦਿਨ ਪਹਿਲਾਂ ਦੌਰਾ ਵੀ ਕੀਤਾ ਜਾ ਚੁੱਕਿਆ ਹੈ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media