Saturday, April 11, 2026

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਪਾਸ ਕੀਤੇ ਗਏ ਕੁੱਝ ਅਹਿਮ ਮਤੇ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਦਿੱਲੀ ਸਥਿਤ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਤਬਦੀਲ ਕਰਨ ਦੀ ਪੁਰਜ਼ੋਰ ਸ਼ਬਦਾਂ ਵਿਚ Gobind Singh Longowal Sgpcਨਖੇਧੀ ਕੀਤੀ ਗਈ। ਕਾਲਜ ਦੀ ਗਵਰਨਿੰਗ ਬਾਡੀ ਦੇ ਇਸ ਫੈਸਲੇ ਨੂੰ ਬਿਲਕੁਲ ਗਲਤ ਕਰਾਰ ਦਿੰਦਿਆਂ ਇਸ ਨੂੰ ਇਤਿਹਾਸਕ ਵਿਰਾਸਤ ਦੀ ਹੋਂਦ ਖਤਮ ਕਰਨ ਵਾਲੀ ਕਾਰਵਾਈ ਕਿਹਾ। ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਬ ਸਿਨਹਾ ਵੱਲੋਂ ਨਵੇਂ ਨਾਮ ਵੰਦੇ ਮਾਤਰਮ ਮਹਾਂਵਿਦਿਆਲਾ ਨੂੰ ਭਾਰਤੀ ਭਾਵਨਾ ਨੂੰ ਹੁਲਾਰਾ ਦੇਣ ਵਾਲਾ ਕਹਿਣਾ ਉਚਿਤ ਨਹੀਂ ਹੈ। ਕਿਉਂਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਿਚ 80% ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਇਸ ਕਾਲਜ ਦੀ ਵਿਰਾਸਤੀ ਹੋਂਦ ਖਤਮ ਕਰਕੇ ਘਟ ਗਿਣਤੀਆਂ ਵਿਚ ਬੇਗਾਨਗੀ ਦਾ ਅਹਿਸਾਸ ਕਰਾਉਣਾ ਸਿੱਖਾਂ ਦੀ ਦੇਸ਼ ਭਗਤੀ ਨਾਲ ਵੱਡਾ ਅਨਿਆ ਹੈ। ਜਨਰਲ ਇਜਲਾਜ ਵੱਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਦਿਆਲ ਸਿੰਘ ਮਜੀਠੀਆ ਕਾਲਜ ਦੇ ਨਾਮ ਨੂੰ ਕਾਇਮ ਰੱਖਣ ਲਈ ਕਾਰਵਾਈ ਨੂੰ ਅਮਲੀ ਰੂਪ ਦੇਵੇ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤ੍ਰਿੰਗ ਕਮੇਟੀ ਦੀ ਇਕੱਤਰਤਾ ਮਿਤੀ 10-10-2017 ਦੀ ਮਤਾ ਨੰਬਰ 1163 ਰਾਹੀਂ ਹੋਏ ਫੈਸਲੇ ਅਨੁਸਾਰ ਧਰਮੀ ਫੌਜੀਆਂ ਨੂੰ ਅਪ੍ਰੈਲ 2018 ਤੋਂ ਅਗੋਂ ਪੰਜ ਸਾਲ ਲਈ 50-50 ਹਜ਼ਾਰ ਰੁਪਏ ਸਾਲਾਨਾ ਜਾਰੀ ਰੱਖਣ, ਧਰਮੀ ਫੌਜੀਆਂ ਦੇ ਬੱਚਿਆਂ ਜਿਨਾਂ ਦੀ ਕੰਟਰੈਕਟ ਜਾਂ ਆਰਜੀ ਸਰਵਿਸ ਵਿਚ 2 ਸਾਲ ਹੋ ਗਈ ਹੈ, ਨੂੰ ਬਿਲਮੁਕਤਾ ਦੀ ਬਜਾਏ ਗ੍ਰੇਡ ਵਿਚ ਕਰਨ, ਜਿਨਾਂ ਦਾ ਜਨਰਲ ਕੋਰਟ ਮਾਰਸ਼ਲ, ਸਮਰੀਕੋਰਟ ਮਾਰਸ਼ਲ ਹੋਇਆ ਅੱਗੋਂ ਉਨਾਂ ਦੇ ਬੱਚਿਆਂ ਨੂੰ ਕੰਟਰੈਕਟ ਜਾਂ ਆਰਜੀ ਰੱਖਣ ਦੀ ਬਜਾਏ ਸਿੱਧਾ ਬਿਲਮੁਕਤਾ ਰੱਖਣ ਲਈ ਸਰਵਿਸ ਰੂਲ ਦੇ ਨਿਯਮ ਜਾਂ ਉਪਨਿਯਮ ਤੇ ਪ੍ਰਬੰਧ ਸਕੀਮ ਵਿਚ ਸੋਧ ਕਰਨ ਦਾ ਫੈਸਲਾ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤਿ੍ਰੰਗ ਕਮੇਟੀ ਦੀ ਇਕੱਤਰਤਾ ਮਿਤੀ 10-10-2017 ਦੀ ਮਤਾ ਨੰਬਰ 1183 ਰਾਹੀਂ ਹੋਏ ਫੈਸਲੇ ਅਨੁਸਾਰ ਗੁਰਦੁਆਰਾ ਕਮੇਟੀ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਲੋਪੋਂ (ਮੋਗਾ) ਦੀ ਸਾਲਾਨਾ ਆਮਦਨ 35 ਲੱਖ ਤੋਂ ਵੱਧ ਜਾਣ ਕਾਰਨ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ ਸੈਕਸ਼ਨ 87 (1)ਬੀ ਤੋਂ ਸੈਕਸ਼ਨ 85 ਵਿਚ ਤਬਦੀਲ ਕਰਨ ਦੀ ਪ੍ਰਵਾਨਗੀ ਦਿੰਦਿਆਂ ਅੱਗੋਂ ਲੋੜੀਂਦੀ ਕਾਰਵਾਈ ਲਈ ਭਾਰਤ ਸਰਕਾਰ ਪਾਸ ਸਿਫਾਰਸ਼ ਕੀਤੀ ਗਈ।
ਇਜਲਾਸ ਦੌਰਾਨ ਪੰਜਾਬੀ ਭਾਸ਼ਾ ਬਾਰੇ ਅਹਿਮ ਮਤਾ ਪਾਸ ਕਰਦਿਆਂ ਮਾਂ ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਬੰਦ ਕਰਨ/ਕਰਵਾਉਣ ਲਈ ਸਰਕਾਰਾਂ ਪਾਸੋਂ ਮੰਗ ਕੀਤੀ ਗਈ। ਮਤੇ ਰਾਹੀਂ ਚਿੰਤਾ ਜ਼ਾਹਿਰ ਕੀਤੀ ਗਈ ਕਿ ਪੰਜਾਬ ਵਿਚ ਹੀ ਮਾਂ ਬੋਲੀ ਪੰਜਾਬੀ ਨਾਲ ਵਿਤਕਰਾ ਤੇ ਵਖਰੇਵਾਂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਾਸੀਆਂ ਦੀ ਬਦਕਿਸਮਤੀ ਹੈ ਕਿ ਉਹ ਆਪਣੀ ਮਾਂ ਬੋਲੀ ਨਾਲ ਵਿਤਕਰਾ ਕਰਦੇ ਹੋਏ ਵਿਦਿਅਕ, ਵਿੱਤੀ ਅਦਾਰਿਆਂ ‘ਤੇ ਆਪਣੇ ਨਾਵਾਂ ਦੀਆਂ ਤਖਤੀਆਂ ਮਾਂ ਬੋਲੀ ਪੰਜਾਬੀ ਦੀ ਥਾਂ ਹਿੰਦੀ ਤੇ ਅੰਗ੍ਰੇਜੀ ਵਿਚ ਲਿਖਦੀਆਂ ਹਨ, ਜੋ ਕਦਾਚਿਤ ਵੀ ਉਚਿਤ ਨਹੀਂ। ਘਰਾਂ ਵਿਚ ਹਿੰਦੀ ਬੋਲੀ ਜਾਣੀ, ਚੰਡੀਗੜ ਵਿਚ ਪੰਜਾਬੀ ਨੂੰ ਪਹਿਲਾ ਸਥਾਨ ਨਾ ਮਿਲਣਾ, ਕੌਮੀ ਰਾਜ ਮਾਰਗਾਂ ਦੇ ਚਿੰਨ ਹਿੰਦੀ ਅਤੇ ਅੰਗਰੇਜ਼ੀ ਵਿਚ ਪਹਿਲਾਂ ਲਿਖਣੇ, ਇਸ ਗੱਲ ਦਾ ਪ੍ਰਮਾਣ ਹਨ। ਭਾਸ਼ਾ ਵਿਭਾਗ ਪੰਜਾਬ ਮਾਂ ਬੋਲੀ ਪੰਜਾਬੀ ਦੇ ਵਿਕਾਸ ਤੇ ਵਿਸਥਾਰ ਲਈ ਸਥਾਪਤ ਕੀਤਾ ਗਿਆ ਸੀ ਪਰ ਹੁਣ ਇਸ ਨੇ ਵੀ ਅਵੇਸਲੇਪਨ ਦਾ ਸਬੂਤ ਦਿੰਦਿਆਂ ਪੰਜਾਬੀ ਸਪਤਾਹ ਹੀ ਨਹੀਂ ਮਨਾਇਆ। ਜਨਰਲ ਇਜਲਾਸ ਵੱਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ ਤੇ ਹੋਰ ਪੰਜਾਬੀ ਵੱਸੋਂ ਵਾਲੇ ਸੂਬਿਆਂ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਵਿਸ਼ੇਸ਼ ਉਪਰਾਲੇ ਕਰੇ। ਇਸਦੇ ਨਾਲ ਹੀ ਪੰਜਾਬ ਸਰਕਾਰ ਅਤੇ ਚੰਡੀਗੜ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਬਹਾਲ ਕਰਾਉਣ ਲਈ ਪਿਛਲੇ ਸਮੇਂ ਵਿਚ ਪੰਜਾਬੀ ਪ੍ਰੇਮੀਆਂ ‘ਤੇ ਦਰਜ ਕੀਤੇ ਕੇਸਾਂ ਨੂੰ ਰੱਦ ਕੀਤਾ ਜਾਵੇ।
ਸਾਲ 2019 ਵਿਚ ਆ ਰਹੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਸਾਲਾ ਪ੍ਰਕਾਸ਼ ਪੁਰਬ ਸਬੰਧੀ ਇੱਕ ਪਾਸ ਕੀਤੇ ਗਏ ਮਤੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਰਾਇ ਬੁਲਾਰ ਅਹਿਮਦ ਭੱਟੀ ਦੇ ਨਾਮ ਪੁਰ ਲਾਇਬ੍ਰੇਰੀ ਬਣਾਉਣ, ਸਿੱਖ ਮਿਊਜ਼ੀਅਮ ਸਥਾਪਤ ਕਰਨ, ਸਿੱਖ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਲਈ ਭਾਈ ਮਰਦਾਨਾ ਜੀ ਦੇ ਨਾਮ ਪੁਰ ਅਕੈਡਮੀ ਸਥਾਪਤ ਕਰਨ, ਪਾਕਿਸਤਾਨ ਵਿਖੇ ਸਿੱਖੀ ਦੇ ਪ੍ਰਚਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਪੰਜਾਬੀ/ਗੁਰਮੁਖੀ ਅਤੇ ਅੰਗ੍ਰੇਜ਼ੀ ਦੇ ਨਾਲ ਸ਼ਾਹਮੁਖੀ ਲਿੱਪੀ ਵਿਚ ਵੀ ਤਿਆਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸਦੇ ਨਾਲ ਹੀ ਫੈਸਲਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸ਼ਰਧਾਲੂ ਰਾਇ ਬੁਲਾਰ ਅਹਿਮਦ ਭੱਟੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਉਣ ਸਮੇਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਗੁਰਪੁਰਬ ਦੇ ਸਮਾਗਮਾਂ ਸਮੇਂ ਰਾਇ ਬੁਲਾਰ ਜੀ ਦੇ ਪਰਿਵਾਰਕ ਮੈਂਬਰਾਂ ਅਤੇ ਪਾਕਿਸਤਾਨ ਵਿਚ ਰਹਿ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੇ ਇਨਾਂ ਸਮਾਗਮਾਂ ਵਿਚ ਸ਼ਾਮਲ ਹੋਣ ‘ਤੇ ਨਿੱਘਾ ਸਵਾਗਤ ਕੀਤਾ ਜਾਵੇਗਾ।
ਜਨਰਲ ਇਜਲਾਸ ਵਿਚ ਪਾਸ ਕੀਤੇ ਗਏ ਇੱਕ ਮਤੇ ਵਿਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਪੁਰਜ਼ੋਰ ਮੰਗ ਕੀਤੀ। ਮਤੇ ਰਾਹੀਂ ਕਿਹਾ ਗਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਅਸਥਾਨ ਹੈ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਹ ਅਸਥਾਨ ਭਾਰਤ ਦੇ ਸਰਹੱਦੀ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦੀ ਸਰਹੱਦ ਤੋਂ ਕੋਈ 5-6 ਮੀਲ ਦੀ ਦੂਰੀ ‘ਤੇ ਸਥਿਤ ਹੋਣ ਕਾਰਨ ਸਾਫ ਨਜ਼ਰ ਆਉਂਦਾ ਹੈ। ਭਾਰਤ ਦੀ ਸਰਹੱਦ ਤੋਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਸੰਗਤਾਂ ਪੁੱਜਦੀਆਂ ਹਨ। ਇਸ ਲਈ ਜਨਰਲ ਇਜਲਾਸ ਵੱਲੋਂ ਇਸ ਅਸਥਾਨ ਦੇ ਖੁੱਲੇ ਲਾਂਘੇ ਲਈ ਮੰਗ ਕੀਤੀ ਗਈ। ਇਸੇ ਮਤੇ ਰਾਹੀਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਮੰਗ ਕੀਤੀ ਗਈ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਸੰਗਤਾਂ ਨੂੰ ਵੱਧ-ਵੱਧ ਵੀਜ਼ੇ ਦੇਣ ਅਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਖੁੱਲਾ ਲਾਂਘਾ ਵੀ ਦਿੱਤਾ ਜਾਵੇ।
ਇੱਕ ਮਤੇ ਰਾਹੀਂ ਗੁਰਦੁਆਰਾ ਗੁਰੂ ਡਾਂਗਮਾਰ ਤੇ ਗੁਰਦੁਆਰਾ ਚੁੰਗਥਾਮ (ਸਿੱਕਮ) ਵਿਖੇ ਵਾਪਰੀਆਂ ਘਟਨਾਵਾਂ ਅਤੇ ਪ੍ਰਸ਼ਾਸਨ ਵੱਲੋਂ ਮਿਲ ਕੇ ਕੀਤੇ ਗਏ ਕੋਝੇ ਯਤਨ ਦੀ ਨਿਖੇਧੀ ਕੀਤੀ ਗਈ। ਇਨਾਂ ਗੁਰੂ ਘਰਾਂ ਦੀ ਹੋਈ ਘੋਰ ਬੇਅਦਬੀ ਸਬੰਧੀ ਸਿੱਕਮ ਹਾਈਕੋਰਟ ਵਿਚ ਕੇਸ ਕੀਤਾ ਗਿਆ ਹੈ ਅਤੇ ਨਿਆਂਪ੍ਰਣਾਲੀ ਪਾਸੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਮਤੇ ਵਿਚ ਗੁਰੂ ਘਰ ਦੀ ਮਾਣ ਮਰਯਾਦਾ ਨੂੰ ਬਹਾਲ ਰੱਖਣ ਲਈ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਿੱਕਮ ਦੇ ਗਵਰਨਰ ਤੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਨੂੰ ਸੌਂਪਿਆ ਜਾਵੇ।
ਗੁਰਦੁਆਰਾ ਸਾਹਿਬਾਨ ਦੀ ਆਮਦਨ ਪੁਰ ਭਾਰਤ ਸਰਕਾਰ ਵੱਲੋਂ ਲਗਾਏ ਜੀ.ਐਸ.ਟੀ. ਦੀ ਸਖਤ ਨਿੰਦਾ ਕੀਤੀ ਗਈ। ਅੰਮਿ੍ਰਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਸ਼ਰਧਾਲੂ ਤੇ ਵੱਖ-ਵੱਖ ਧਰਮਾਂ ਨਾਲ ਸਬੰਧਤ ਪ੍ਰੇਮੀ ਨਤਮਸਤਕ ਹੁੰਦੇ ਹਨ, ਗੁਰੂ ਰਾਮਦਾਸ ਲੰਗਰ ਵਿਚ ਇੱਕ ਲੱਖ ਤੋਂ ਵੱਧ ਸੰਗਤਾਂ ਰੋਜ਼ਾਨਾ ਪ੍ਰਸ਼ਾਦਾ ਛਕਦੀਆਂ ਹਨ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼-ਵਿਦੇਸ਼ ਵਿਚ ਕੁਦਰਤੀ ਆਫਤਾਂ ਵਿਚ ਬਿਨਾਂ ਕਿਸੇ ਭੇਦ ਭਾਵ ਤੋਂ ਵੱਧ ਚੜ ਕੇ ਲੋਕਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬਾਨ ਦੀ ਆਮਦਨ ਸੰਗਤਾਂ ਵੱਲੋਂ ਕੀਤੇ ਦਾਨ ਉਪਰ ਹੀ ਨਿਰਭਰ ਹੈ। ਇਸ ਲਈ ਇਜਲਾਸ ਵੱਲੋਂ ਭਾਰਤ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰਦੁਆਰਾ ਸਾਹਿਬਾਨ ‘ਤੇ ਜੀ.ਐਸ.ਟੀ. ਤੋਂ ਛੋਟ ਦੇਣ ਦੀ ਪੁਰਜ਼ੋਰ ਮੰਗ ਕੀਤੀ ਗਈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply