ਕੁੱਲ ਪਈਆਂ 169 ਵੋਟਾਂ ਵਿਚੋਂ ਗੋਬਿੰਦ ਸਿੰਘ ਲੌਂਗੋਵਾਲ ਨੇ ਹਾਸਲ ਕੀਤੀਆਂ 154 ਵੋਟਾਂ
ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਾਲਾਨਾ
ਜਨਰਲ ਇਜਲਾਸ ਦੌਰਾਨ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਚੁਣ ਲਏ ਗਏ। ਜਨਰਲ ਇਜਲਾਸ ਦੀ ਆਰੰਭਤਾ ਸਮੇਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕੀਤੀ ਅਤੇ ਪਾਵਨ ਹੁਕਮਨਾਮਾ ਗਿਆਨੀ ਹਰਮਿੱਤਰ ਸਿੰਘ ਨੇ ਲਿਆ। ਜਨਰਲ ਹਾਊਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਮੌਜੂਦ ਸਨ।
ਜਨਰਲ ਇਜਲਾਸ ਦੀ ਕਾਰਵਾਈ ਆਰੰਭ ਕਰਦਿਆਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਅਗਲੀ ਕਾਰਵਾਈ ਚਲਾਉਣ ਦਾ ਸੱਦਾ ਦਿੱਤਾ, ਜਿਸ ’ਤੇ ਉਨਾਂ ਨੇ ਅਕਾਲ ਚਲਾਣਾ ਕਰ ਚੁਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਮਲ ਸਿੰਘ, ਮਾਰਸ਼ਲ ਅਰਜਨ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁਖਬੀਰ ਸਿੰਘ ਸੁਲਤਾਨਵਿੰਡ ਅਤੇ ਜੋਗਿੰਦਰ ਸਿੰਘ ਸਾਹਨੀ ਚੰਡੀਗੜ ਸਬੰਧੀ ਸ਼ੋਕ ਮਤੇ ਪੇਸ਼ ਕੀਤੇ।
ਇਸ ਉਪਰੰਤ ਪ੍ਰੋ: ਬਡੂੰਗਰ ਨੇ ਪ੍ਰਧਾਨਗੀ ਪਦ ਲਈ ਨਾਮ ਦੀ ਮੰਗ ਕੀਤੀ ਜਿਸ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਨੇ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਪੇਸ਼ ਕੀਤਾ। ਲੌਂਗੋਵਾਲ ਦੇ ਨਾਮ ਦੀ ਤਾਈਦ ਗੁਰਬਚਨ ਸਿੰਘ ਕਰਮੂੰਵਾਲਾ ਅਤੇ ਤਾਈਦ ਮਜੀਦ ਭਾਈ ਮਨਜੀਤ ਸਿੰਘ ਨੇ ਕੀਤੀ। ਲੌਂਗੋਵਾਲ ਦੇ ਮੁਕਾਬਲੇ ’ਤੇ ਜਸਵੰਤ ਸਿੰਘ ਪੁੜੈਣ ਨੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਦਾ ਨਾਮ ਪੇਸ਼ ਕੀਤਾ, ਜਿਸ ਦੀ ਤਾਈਦ ਕੁਲਦੀਪ ਸਿੰਘ ਨੱਸੂਪੁਰ ਅਤੇ ਤਾਈਦ ਮਜੀਦ ਮਹਿੰਦਰ ਸਿੰਘ ਹੁਸੈਨਪੁਰ ਨੇ ਕੀਤੀ। ਇਸ ਦੌਰਾਨ ਕੁੱਲ ਪਈਆਂ 169 ਵੋਟਾਂ ਵਿਚੋਂ ਗੋਬਿੰਦ ਸਿੰਘ ਲੌਂਗੋਵਾਲ ਨੇ 154 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਵਿਰੋਧੀ ਧਿਰ ਦੇ ਉਮੀਦਵਾਰ ਅਮਰੀਕ ਸਿੰਘ ਸ਼ਾਹਪੁਰ ਨੂੰ ਕੇਵਲ 15 ਵੋਟਾਂ ਹੀ ਮਿਲ ਸਕੀਆਂ। ਇਸ ਤਰਾਂ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਵਜੋਂ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦੇ ਪਦ ਲਈ ਰਘੂਜੀਤ ਸਿੰਘ ਕਰਨਾਲ ਨੂੰ ਚੁਣਿਆ ਗਿਆ, ਜਿਨਾਂ ਦਾ ਨਾਮ ਜਥੇਦਾਰ ਤੋਤਾ ਸਿੰਘ ਨੇ ਪੇਸ਼ ਕੀਤਾ। ਉਨਾਂ ਦੇ ਨਾਮ ਦੀ ਤਈਦ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਅਤੇ ਮਜੀਦ ਪਰਮਜੀਤ ਸਿੰਘ ਖਾਲਸਾ ਨੇ ਕੀਤੀ। ਜੂਨੀਅਰ ਮੀਤ ਪ੍ਰਧਾਨ ਵਜੋਂ ਹਰਪਾਲ ਸਿੰਘ ਜੱਲਾ ਨੂੰ ਚੁਣਿਆ ਗਿਆ। ਉਨਾਂ ਦਾ ਨਾਮ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੇਸ਼ ਕੀਤਾ, ਤਈਦ ਪ੍ਰੀਤਮ ਸਿੰਘ ਮਲਸੀਹਾਂ ਅਤੇ ਤਾਈਦ ਮਜੀਦ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਕੀਤੀ। ਇਸੇ ਤਰਾਂ ਜਨਰਲ ਸਕੱਤਰ ਦੇ ਪਦ ਲਈ ਗੁਰਬਚਨ ਸਿੰਘ ਕਰਮੂੰਵਾਲਾ ਚੁਣੇ ਗਏ। ਉਨਾਂ ਦਾ ਨਾਮ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਪੇਸ਼ ਕੀਤਾ, ਤਾਈਦ ਗੁਰਪ੍ਰੀਤ ਸਿੰਘ ਝੱਬਰ ਅਤੇ ਤਾਈਦ ਮਜੀਦ ਗੁਰਮੇਲ ਸਿੰਘ ਸੰਗਤਪੁਰਾ ਨੇ ਕੀਤੀ।
ਇਸ ਉਪਰੰਤ ਨਵੇਂ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦਾ ਐਲਾਨ ਕੀਤਾ। ਅੰਤ੍ਰਿੰਗ ਕਮੇਟੀ ਦੇ ਇਨਾਂ ਮੈਂਬਰਾਂ ਵਿਚ ਸੱਜਣ ਸਿੰਘ ਬੱਜੂਮਾਨ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਅਰਾਈਆਂਵਾਲਾ, ਬੀਬੀ ਗੁਰਪ੍ਰੀਤ ਕੌਰ ਕਪੂਰਥਲਾ, ਗੁਰਤੇਜ ਸਿੰਘ ਢੱਡੇ, ਹਰਦੇਵ ਸਿੰਘ ਰੋਗਲਾ, ਰਵਿੰਦਰ ਸਿੰਘ ਚੱਕਮੁਕੇਰੀਆਂ, ਗੁਰਮੀਤ ਸਿੰਘ ਬੂਹ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਨਵਤੇਜ ਸਿੰਘ ਕਾਉਣੀ ਤੇ ਅਮਰੀਕ ਸਿੰਘ ਸ਼ਾਹਪੁਰ ਨੂੰ ਚੁਣਿਆ ਗਿਆ।
ਜਨਰਲ ਹਾਊਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਨਾਂ ਨੂੰ ਇਹ ਸੇਵਾ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਪ੍ਰਾਪਤ ਹੋਈ ਹੈ, ਜਿਸਨੂੰ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕੀਤਾ। ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਸਮੁੱਚੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਉਹ ਸਿੱਖ ਕੌਮ ਦੀ ਚੜਦੀ ਕਲਾ ਅਤੇ ਪੰਥਕ ਮਜ਼ਬੂਤੀ ਲਈ ਯਤਨ ਕਰਨਗੇ। ਉਨਾਂ ਕਿਹਾ ਕਿ ਕੌਮ ਨੂੰ ਦਰਪੇਸ਼ ਚੁਣੌਤੀਆਂ ਨੂੰ ਰਲ਼-ਮਿਲ਼ ਕੇ ਨਜਿੱਠਿਆ ਜਾਵੇਗਾ ਅਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਉਨਾਂ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਗਏ ਕਾਰਜਾਂ ਦੀ ਪ੍ਰਸ਼ੰਸਾ ਵੀ ਕੀਤੀ।
ਇਸ ਉਪਰੰਤ ਗੋਬਿੰਦ ਸਿੰਘ ਲੌਂਗੋਵਾਲ ਨੇ ਚੁਣੇ ਗਏ ਹੋਰ ਅਹੁਦੇਦਾਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਬਖਸ਼ਿਸ਼ ਕੀਤੇ।
ਜਨਰਲ ਹਾਊਸ ਦੌਰਾਨ ਸ਼੍ਰੋਮਣੀ ਸ਼੍ਰਮਣੀ ਕਮੇਟੀ ਦੇ 170 ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਜਿਨਾਂ ਵਿਚ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਜਥੇਦਾਰ ਅਵਤਾਰ ਸਿੰਘ ਮੱਕੜ, ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸੁਰਜੀਤ ਸਿੰਘ ਭਿੱਟੇਵਡ, ਬੀਬੀ ਕਿਰਨਜੋਤ ਕੌਰ, ਬਲਦੇਵ ਸਿੰਘ ਕਾਇਮਪੁਰ, ਬਾਬਾ ਬੂਟਾ ਸਿੰਘ, ਕੇਵਲ ਸਿੰਘ ਬਾਦਲ, ਸੰਤ ਬਲਬੀਰ ਸਿੰਘ ਘੁੰਨਸ, ਭਾਈ ਰਜਿੰਦਰ ਸਿੰਘ ਮਹਿਤਾ, ਬੀਬੀ ਹਰਜਿੰਦਰ ਕੌਰ ਚੰਡੀਗੜ, ਭਾਈ ਰਾਮ ਸਿੰਘ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਮਨਜੀਤ ਸਿੰਘ, ਗੁਰਿੰਦਰਪਾਲ ਸਿੰਘ ਗੋਰਾ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਜੋਧ ਸਿੰਘ ਸਮਰਾ, ਬਲਜੀਤ ਸਿੰਘ ਜਲਾਲਉਸਮਾਂ ਆਦਿ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਅਵਤਾਰ ਸਿੰਘ ਸੈਂਪਲਾ, ਮਨਜੀਤ ਸਿੰਘ, ਹਰਭਜਨ ਸਿੰਘ ਮਨਾਵਾਂ ਤੇ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਬਿਜੈ ਸਿੰਘ, ਦਿਲਜੀਤ ਸਿੰਘ ਬੇਦੀ ਤੇ ਬਲਵਿੰਦਰ ਸਿੰਘ ਜੌੜਾ ਸਿੰਘਾ, ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ, ਸਕੱਤਰ ਸਿੰਘ ਤੇ ਜਗਜੀਤ ਸਿੰਘ ਜੱਗੀ ਸਮੇਤ ਹੋਰ ਹਾਜ਼ਰ ਸਨ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media