Saturday, April 11, 2026

ਅਕੈਡਮਿਕ ਐਕਸੀਲੈਂਸ ਐਵਾਰ ਸਮਾਰੋਹ ਦਾ ਆਯੋਜਨ

PPN2911201716ਬਠਿੰਡਾ, 29 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਸਾਲ 2017 ਦੌਰਾਨ ਅਕਾਦਮਿਕ ਖੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 400 ਵਿਦਿਆਰਥੀਆਂ ਨੂੰ 14 ਲੱਖ ਤੋਂ ਵਧੇਰੇ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕਰਨ ਲਈ ਅਕੈਡਮਿਕ ਐਕਸੀਲੈਂਸ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਸਮਾਗਮ ਵਿੱਚ ਪ੍ਰੋ .(ਡਾ.) ਬੀ.ਐਸ ਘੁੰਮਣ, ਵਾਇਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ  ਸੁਖਮੰਦਰ ਸਿੰਘ ਚੱਠਾ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਸਮਾਗਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਨੇ ਸ਼ਮਾਂ ਰੋਸ਼ਨ ਕਰਕੇ ਕੀਤੀ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਸਾਡੀ ਸੰਸਥਾ ਦੀ ਇਹ ਪਿਰਤ ਹੈ ਕਿ ਅਕਾਦਮਿਕ, ਖੇਡਾਂ ਅਤੇ ਕਲਚਰਲ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵਜੋਂ ਨਗਦ ਇਨਾਮ ਦਿੱਤੇ ਜਾਂਦੇ ਹਨ।ਉਹਨਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਇਹ ਵਿਲੱਖਣ ਮਿਸਾਲ ਹੈ ਕਿ ਅੱਜ ਐਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਉਨਾਂ ਨੇ ਆਏ ਹੋਏ ਮਹਿਮਾਨਾਂ, ਸੰਸਥਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਇਸ ਅਕੈਡਮਿਕ ਐਕਸੀਲੈਂਸ ਐਵਾਰਡ ਸਮਾਰੋਹ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ ਅਤੇ ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ।
ਮੁੱਖ ਮਹਿਮਾਨ ਪ੍ਰੋ. (ਡਾ.) ਬੀ.ਐਸ ਘੁੰਮਣ, ਵਾਇਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ  ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਕਿੱਲ ਡਿਵੈਲਪਮੈਂਟ ਦੇ ਖੇਤਰ ਵਿੱਚ ਕਾਰਜ ਕਰਨਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਬਹੁਤ ਚੰਗਾ ਕਦਮ ਹੈ, ਜਦੋਂ ਕਿ ਚੋਟੀ ਦੀਆਂ ਨਾਮਵਰ ਬਹੁਕੌਮੀ ਕੰਪਨੀਆਂ ਵਿੱਚ ਇਸ ਸੰਸਥਾ ਦੇ ਵਿਦਿਆਰਥੀਆਂ ਦੀ ਪਲੇਸਮੇਂਟ ਦਾ ਹੋਣਾ ਆਪਣੇ ਆਪ ਵਿੱਚ ਇਸ ਸੰਸਥਾ ਦਾ ਇੱਕ ਵਿਲੱਖਣ ਗੁਣ ਹੈ। ਉਹਨਾਂ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ‘ਆਇਲੈਂਡ ਆਫ਼ ਐਕਸੀਲੈਂਸ’ (ਉਤਮਤਾ ਦਾ ਟਾਪੂ) ਦੇ ਨਾਂ ਨਾਲ ਨਿਵਾਜ਼ਿਆ।ਉਨਾਂ ਨੇ ਅਕਾਦਮਿਕ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ ਅਤੇ ਕਿਹਾ ਕਿ ਸਫ਼ਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ, ਸਹਿਨਸ਼ੀਲਤਾ, ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ-ਨਾਲ ਸਮਾਜਿਕ ਗੰਭੀਰਤਾ ਦਾ ਹੋਣਾ ਬਹੁਤ ਜਰੂਰੀ ਹੈ।
ਇਸ ਸਮਾਗਮ ਦੌਰਾਨ ਮੈਰਿਟ ਪੁਜੀਸ਼ਨਾਂ ਹਾਸਲ ਕਰਨ ਵਾਲੇ 25 ਵਿਦਿਆਰਥੀਆਂ ਸਮੇਤ 80% ਤੋਂ ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਕੁੱਲ 400 ਵਿਦਿਆਰਥੀਆਂ ਨੂੰ 14 ਲੱਖ ਤੋਂ ਵਧੇਰੇ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਅਤੇ ਬਾਬਾ ਫ਼ਰੀਦ ਗਰੁਪ ਆਫ਼ ਇੰਸਟੀਚਿਊਸ਼ਨਜ਼ ਦੀ ਸਮੁੱਚੀ ਮੈਨੇਜਮੇਂਟ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰਜ਼, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵੱਖ-ਵੱਖ ਕਾਲਜਾਂ/ਸਕੂਲਾਂ ਦੇ ਪਿ੍ਰੰਸੀਪਲ ਸਹਿਬਾਨ ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply