ਜਲੰਧਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੇਵਲ ਵਿਗ ਫਾੳੂਂਡੇਸ਼ਨ ਵਲੋਂ ਸਾਲ 2017 ਲਈ ਸ੍ਰੀਮਤੀ ਚੰਦਨ ਨੇਗੀ ਅਤੇ ਡਾ. ਬਲਦੇਵ ਸਿੰਘ ਬੱਧਨ ਨੂੰ ਬੇਹਤਰੀਨ ਨਾਵਲਕਾਰ ਅਤੇ ਬੇਹਤਰੀਨ ਲੇਖਕ ਦੇ ਤੌਰ ਕੇਵਲ ਵਿਗ ਐਵਾਰਡ-2017 ਨਾਲ ਮਿਤੀ 4-12-2017 ਨੂੰ ਜਲੰਧਰ ਦੇ ਕੇ.ਐਲ ਸਹਿਗਲ ਮੈਮੋਰੀਅਲ ਹਾਲ ਵਿਖੇ ਬਾਅਦ ਦੁਪਹਿਰ 3.00 ਵਜੇ ਸਨਮਾਨਿਤ ਕੀਤਾ ਜਾਵੇਗਾ।ਇਹ ਐਵਾਰਡ ਪ੍ਰਮੁੱਖ ਪੱਤਰਕਾਰ ਅਤੇ ਸਾਹਿਤ ਪ੍ਰੇਮ ਸਵਰਗੀ ਕੇਵਲ ਵਿੱਗ ਦੀ ਯਾਦ ਵਿੱਚ ਸਥਾਪਿਤ ਲੇਖਣੀ ਅਤੇ ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਹਰ ਸਾਲ ਦਿੱਤਾ ਜਾਂਦਾ ਹੈ।ਹੁਣ ਤੱਕ ਇਹ ਸਨਮਾਨ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਦੀ ਗਿਣਤੀ 53 ਹੋ ਚੁੱਕੀ ਹੈ।
ਸ੍ਰੀਮਤੀ ਚੰਦਨ ਨੇਗੀ ਸਮਕਾਲੀ ਪੰਜਾਬੀ ਨਾਵਲਕਾਰਾਂ `ਚ ਮਸ਼ਹੂਰ ਨਾਂਅ ਹੈ ਅਤੇ ਉਨਾਂ ਨੇ ਆਪਣੀਆਂ ਸਾਹਿਤਕ ਘਾਲਨਾਵਾਂ ਦੀ ਬਦੌਲਤ ਹੀ ਆਪਣਾ ਉਚਾ ਸਥਾਨ ਬਣਾਇਆ ਹੋਇਆ ਹੈ।ਉਨਾਂ ਨੇ ਆਪਣੀ ਲੇਖਣੀ ਰਾਹੀਂ ਪੰਜਾਬੀ ਭਾਸ਼ਾ ਨੂੰ ਚੰਗਾ ਰੁਤਬਾ ਬਖਸ਼ਿਆ ਹੈ।ਉਨਾਂ ਦੇ ਨਾਵਲ ‘ਜਲ ਬਿਨ ਕੰੁਭ’ ਨੂੰ ਉਨਾਂ ਦੀ ਪ੍ਰਤੀਨਿਧ ਰਚਨਾ ਮੰਨਿਆ ਜਾਂਦਾ ਹੈ।ਉਨਾਂ ਨੇ ਲੇਖਣੀ ਦੀ ਸ਼ੁਰੂਆਤ 1975 ਤੋਂ ਕੀਤੀ।ਉਨਾਂ ਦੀ ਹਰ ਲੇਖਣੀ, ਹਰ ਨਾਵਲ, ਹਰ ਕਹਾਣੀ ਵਿੱਚ ਉਨਾਂ ਵੱਲੋਂ ਸਿਰਜੇ ਪਾਤਰ ਕੁੱਝ ਕਹਿਣਾ ਚਾਹੁੰਦੇ ਹਨ ਅਤੇ ਬਾਖੂਬੀ ਬਿਆਨ ਵੀ ਕਰਦੇ ਹਨ।ਉਨਾਂ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਕਲਾ ਦਾ ਆਧਾਰ ਜੀਵਨ ਦੀ ਸਚਾਈ ਹੀ ਹੈ ਤੇ ਹਰ ਗਲਪ ਦੀ ਆਧਾਰ ਭੂਮੀ ਕੋਈ ਨਾ ਕੋਈ ਯਥਾਰਥ ਹੀ ਹੁੰਦਾ ਹੈ।
ਮਨੁੱਖੀ ਸੰਵੇਦਨਾ ਨਾਲ ਓਤਪੋਤ ਉਨਾਂ ਦੀ ਹਰ ਰਚਨਾ ਮਾਨਵਵਾਦੀ ਨਜ਼ਰੀਏ ਅਤੇ ਯਥਾਰਥ ਤੋਂ ਹੀ ਸ਼ਕਤੀ ਪ੍ਰਾਪਤ ਕਰਦੀ ਹੈ।ਉਹ ਜੋ ਵੀ ਸਿਰਜਦੇ ਹਨ, ਉਹ ਜੀਵਨ ਦਾ ਹਿੱਸਾ ਹੀ ਹੁੰਦਾ ਹੈ।ਉਨਾਂ ਨੇ ਕਦੀ ਕਲਿਪਤ ਪਾਤਰ ਨਹੀਂ ਚਿਤਰਿਆ।
ਡਾ. ਬਲਦੇਵ ਸਿੰਘ ‘ਬੱਧਨ’ ਹੇਠਲੇ ਮੱਧਵਰਗੀ ਪਰਿਵਾਰ ਵਿੱਚ ਹੁਸ਼ਿਆਰਪੁਰ ਜ਼ਿਲੇ ਦੀ ਧਰਤੀ ’ਤੇ ਜਨਮੇ ਡਾ. ਬਲਦੇਵ ਸਿੰਘ ‘ਬੱਦਨ’ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ.ਫਿਲ. ਅਤੇ ਪੀ.ਐਚ.ਡੀ ਕਰਨ ਉਪਰੰਤ 31 ਮਾਰਚ, 1985 ਨੂੰ ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਬੁੱਕ ਟਰੱਸਟ, ਇੰਡੀਆ ਦਿੱਲੀ ਵਿੱਚ ਇੱਕ ਉੱਚ ਅਧਿਕਾਰੀ ਵਜੋਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ।ਪੰਜਾਬੀ ਭਾਸ਼ਾ ਦੇ ਉਹ ਪਹਿਲੇ ਸਾਹਿਤਕਾਰ ਹਨ, ਜਿਨਾਂ ਨੂੰ ਭਾਰਤ ਦੀਆਂ 32 ਭਾਸ਼ਾਵਾਂ ਦੇ ਚੀਫ਼ ਐਡੀਟਰ ਵਜੋਂ ਲੰਮਾ ਸਮਾਂ ਸੇਵਾ ਕਰਨ ਦਾ ਮੌਕਾ ਮਿਲਿਆ। ਭਾਰਤੀ ਭਾਸ਼ਾਵਾਂ ਦੇ ਸਾਹਿਤ ਨਾਲ ਜੁੜੀ ਇਸ ਬੇਜੋੜ ਸ਼ਖ਼ਸੀਅਤ ਨੇ ਪੰਜਾਬੀ ਸਾਹਿਤ ਨੂੰ ਪੂਰੇ ਦੇਸ਼ ਵਿੱਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਨਿਭਾਅ ਰਹੇ ਹਨ।ਮਿਆਰੀ ਗੈਰ ਪੰਜਾਬੀ ਰਚਨਾਵਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਉਨਾਂ ਨੇ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ ਤੇ ਆਪਣੀ ਕਲਮ ਦੀ ਸ਼ਕਤੀ ਰਾਹੀਂ ਸਾਹਿਤ ਦੀ ਹਰ ਵਿਧਾ ਵਿੱਚ ਅਹਿਮ ਯੋਗਦਾਨ ਪਾਇਆ ਹੈ। ਬਹੁਤ ਹੀ ਨਿਮਰ ਸੁਭਾਅ ਦੇ ਮਾਲਿਕ ਤੇ ਲੋੜਵੰਦਾਂ ਦੀ ਮੱਦਦ ਕਰਨ ਵਾਲੇ ਡਾ. ਬੱਧਨ ਦਾ ਆਪਣੀਆਂ ਜੜਾਂ, ਜਨਮ ਭੂਮੀ, ਮਾਤ ਭਾਸ਼ਾ ਨਾਲ ਜੁੜੇ ਰਹਿਣਾ ਇੱਕ ਮੀਰੀ ਗੁਣ ਹੈ।ਪੰਜਾਬ ਵਿੱਚ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀ ਸ਼ਖ਼ਸੀਅਤ ਡਾ. ਬੱਧਨ ਨੂੰ ਮਾਣ ਪ੍ਰਾਪਤ ਹੈ ਕਿ ਉਨਾਂ ਨੇ ਪੰਜਾਬ ਵਿੱੱਚ 18 ਪੁਸਤਕ ਮੇਲੇ ਅਤੇ 250 ਤੋਂ ਵੱਧ ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਅਤੇ ਸੈਂਕੜੇ ਸਾਹਿਤਕ ਸੰਮੇਲਨ ਕਰਵਾ ਕੇ ਪੰਜਾਬੀਆਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਅਜਿਹੀਆਂ ਮਾਣਮਤੀਆਂ ਸ਼ਖ਼ਸੀਅਤਾਂ ਨੂੰ ‘ਕੇਵਲ ਵਿਗ ਐਵਾਰਡ’ ਪ੍ਰਦਾਨ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹੈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media