ਨੇਪਾਲ, ਸ਼੍ਰੀਲੰਕਾ, ਚੈਕ ਰਿਪਬਲਿਕ ਤੇ ਇਰਾਕ ਨਾਲ ਵਪਾਰ ਵਧਾਏਗਾ ਭਾਰਤ
ਅੰਮਿ੍ਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਉਤਪਾਦਨ ਦੇ ਖੇਤਰ ਵਿਚ ਲੋਕਾਂ ਦੀ ਮੰਗ ਅਨੁਸਾਰ ਭਾਰਤੀ ਉਦਯੋਗ ਵਿਚ ਬਦਲਾਅ ਦੀ ਸੰਭਾਵਨਾ ਨੂੰ ਅੱਗੇ ਵਧਾਉਣ ਦੇ ਮੰਤਵ ਨਾਲ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਪੰਜਾਬ ਅੰਤਰਰਾਸ਼ਟਰੀ ਵਪਾਰ ਐਕਸਪੋ (ਪਾਈਟੈਕਸ) ਦੇ ਦੌਰਾਨ ਵੱਖ-ਵੱਖ ਦੇਸ਼ਾਂ ਦੇ ਕਾਰੋਬਾਰੀ ਪ੍ਰਤੀਨਿੱਧਾਂ ਨੇ ਬਾਈਰ-ਸੈਲਰ ਮੀਟ ਵਿਚ ਆਪਣੇ ਵਿਚਾਰ ਸਾਂਝੇ ਕੀਤੇ।ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਪੰਜਾਬ ਕਮੇਟੀ ਦੇ ਚੇਅਰਮੈਨ ਆਰ.ਐਸ. ਸਚਦੇਵਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਇਹ ਪੰਜਾਬ ਦੀ ਪਵਿੱਤਰ ਭੂਮੀ ‘ਤੇ ਤੀਜਾ ਮੌਕਾ ਹੈ ਜਦੋਂ ਸਨਅਤਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਕਾਰੋਬਾਰ ਦੇ ਵਿਸਥਾਰ ਲਈ ਸਾਂਝਾ ਮੰਚ ਮਿਲਿਆ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਕਾਸਸ਼ੀਲ ਦੇਸ਼ ਵਿਚ 90 ਫੀਸਦੀ ਭੂਮਿਕਾ ਉਦਯੋਗਾਂ ਦੀ ਹੁੰਦੀ ਹੈ।
ਬਾਈਰ-ਸੈਲਰ ਮੀਟ ਵਿਚ ਪਹਿਲੀ ਵਾਰ ਪਹੁੰਚੇ ਚੈੱਕ ਗਣਰਾਜ ਦੇ ਕਾਰੋਬਾਰੀ ਅਤੇ ਆਰਥਿਕ ਵਿਭਾਗ ਦੇ ਮੁਖੀ ਮਿਲਾਨ ਟੋਸ ਨੇ ਕਿਹਾ ਕਿ ਸਰਕਾਰੀ ਪੱਧਰ ਤੇ ਉਦਯੋਗਿਕ ਖੇਤਰ ਨੂੰ ਅੱਗੇ ਵਧਾਉਣ ਦੇ ਸਮਝੌਤੇ ਤੋਂ ਬਾਅਦ ਭਵਿੱਖ ਵਿਚ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਆਦਾਨ ਪ੍ਰਦਾਨ ਵਿਚ ਵਾਧਾ ਹੋਵੇਗਾ।ਨੈਸ਼ਨਲ ਚੈਂਬਰ ਆਫ ਕਾਮਰਸ ਸ਼੍ਰੀਲੰਕਾ ਦੇ ਮੀਤ ਪ੍ਰਧਾਨ ਈਸੇਲਾ ਡੇ ਲਿਵੇਰਾ ਨੇ ਕਿਹਾ ਕਿ ਸ੍ਰੀਲੰਕਾ ਸਮੇਤ ਕਈ ਹੋਰ ਦੇਸ਼ਾਂ ਨੂੰ ਭਾਰਤ ਤੋਂ ਉਦਯੋਗਿਕ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਉਦਯੋਗਿਕ ਵਿਸਥਾਰ ਦੀ ਬਹੁਤ ਵੱਡੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਬਨਣ ਵਾਲੀ ਇਮਾਰਤ ਉਸਾਰੀ ਦੀ ਸਮੱਗਰੀ ਦੀ ਸ੍ਰੀਲੰਕਾ ਵਿੱਚ ਵਧੇਰੇ ਮੰਗ ਹੋਣ ਦੇ ਨਾਲ-ਨਾਲ ਭਾਰਤ ਵਿੱਚ ਬਣਾਈਆਂ ਗਈਆਂ ਸੀਲਿੰਗ ਟਾਇਲਸ, ਬਾਥਰੂਮ ਫਿਟਿੰਗਜ਼ ਅਤੇ ਹੋਰ ਸੈਨੇਟਰੀ ਵਸਤੂਆਂ ਨੂੰ ਵੀ ਸ੍ਰੀਲੰਕਾ ਵਿੱਚ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ।ਇਸ ਦੌਰਾਨ ਨੇਪਾਲ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਰਾਜੇਸ਼ ਕਾਜੀ ਸ਼ਰੇਸ਼ਠਾ ਨੇ ਕਿਹਾ ਕਿ ਉਹ ਖਾਦ ਪ੍ਰੋਸੈਸਿੰਗ ਦੇ ਖੇਤਰ ਵਿਚ ਭਾਰਤ ਨਾਲ ਮਿਲ ਕੇ ਵਪਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।ਜਿਸ ਕਰਕੇ ਉਨ੍ਹਾਂ ਨੇ ਨੇਪਾਲ ਵਿੱਚ ਆਪਣੀ ਮੰਗ ਬਾਰੇ ਵਿਚਾਰ ਪ੍ਰਗਟ ਕੀਤੇ।ਇਸ ਕਾਨਫਰੰਸ ਦੌਰਾਨ ਇਰਾਕ ਦੀ ਨੰੁਮਾਇੰਦਗੀ ਕਰਨ ਵਾਲੇ ਖਲਦੂਨ ਤਾਰੇਕ ਯਾਸੀਨ ਨੇ ਆਟੋ ਮੋਬਾਈਲ ਦੇ ਖੇਤਰ ਵਿਚ ਕਾਰੋਬਾਰ ਨੂੰ ਅੱਗੇ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।ਇਸ ਮੌਕੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਡਾ. ਰਣਜੀਤ ਮਹਿਤਾ ਨੇ ਕਿਹਾ ਕਿ ਇਸ ਤਰਾਂ ਦੇ ਆਯੋਜਨ ਨਾਲ ਦੇਸ਼ਾਂ ਵਿਚਕਾਰ ਕਾਰੋਬਾਰੀ ਸੰਬੰਧ ਮਜ਼ਬੂਤ ਹੁੰਦੇ ਹਨ।ਇਸ ਮੌਕੇ ਫੋਰਟਿਸ ਐਸਕੋਰਟ ਦੇ ਦਿਨੇਸ਼ ਵਸ਼ਿਸ਼ਠ ਸਮੇਤ ਕਈ ਮਹਾਨ ਹਸਤੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
Punjab Post Daily Online Newspaper & Print Media