Thursday, March 12, 2026

ਕੀ ਇਸ ਵਾਰ ਫਿਰ ਖੂਨੀ ਖੇਡ ਖੇਡੇਗੀ ਚਾਇਨਾ ਡੋਰ?

ਡੋਰ ਦੇ ਸਮਗਲਰਾਂ ਖਿਲਾਫ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ  – ਡੀ.ਐਸ.ਪੀ ਸਹੋਤਾ

ਜੰਡਿਆਲਾ ਗੁਰੂ, 10 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਜਨਵਰੀ ਮਹੀਨੇ ਲੋਹੜੀ ਦੇ ਦਿਨ ਤੱਕ ਕਰੋੜਾਂ ਰੁਪਏ ਦੀ ਇਸ ਖੂਨੀ ਖੇਡ ਖੇਡਣ ਵਾਲੀ ਸਿੰਥੈਟਿਕ ਡੋਰ ਦੀ ਖਰੀਦੋ ਫਰੋਖਤ ਪੁਲਿਸ ਦੀਆਂ ਨਜ਼ਰਾਂ ਵਿਚ ਘੱਟਾ ਪਾ ਕੇ ਹੁੰਦੀ ਹੈ। ਹੁਣ ਵੀ ਜੰਡਿਆਲਾ ਗੁਰੂ ਵਿਚ ਵੱਡੇ ਪੱਧਰ `ਤੇ ਪੁਰਾਣੇ ਸਮੱਗਲਰ ਇਸ ਦੀ ਖਰੀਦ ਕਰਨ ਵਿਚ ਲੱਗ ਚੁਕੇ ਹਨ ਕਿਉਂਕਿ ਲੋਹੜੀ ਦੇ ਦਿਨਾਂ ਵਿਚ ਇਸ ਦੇ ਦੁਗਣੇ ਰੇਟ `ਤੇ ਸੇਲ ਕੀਤੀ ਜਾਂਦੀ ਹੈ।
ਉਦਾਹਰਣ ਦੇ ਤੋਰ ਤੇ ਇਕ ਲੱਖ ਰੁਪਏ ਦੀ ਡੋਰ ਖਰੀਦਣ ਵਾਲਾ ਇਸ ਨੂੰ ਦੋ ਲੱਖ ਰੁਪਏ ਤੱਕ ਵੇਚ ਦਿੰਦਾ ਹੈ।ਚੰਦ ਪੈਸਿਆਂ ਲਈ ਵਿਸ਼ੇਸ਼ ਤੋਰ `ਤੇ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕੋਈ ਪ੍ਰਵਾਹ ਨਹੀਂ ਕਿ ਉਹਨਾਂ ਦੀ ਡੋਰ ਨਾਲ ਕਿਸੇ ਰਾਹਗੀਰ ਦੀ ਜਾਨ ਵੀ ਜਾ ਸਕਦੀ ਹੈ ਅਤੇ ਪਿਛਲੇ ਸਮੇਂ ਵਿਚ ਅਜਿਹੇ ਕਈ ਹਾਦਸੇ ਹੋ ਚੁਕੇ ਹਨ। ਕੋਈ ਸਮਾਂ ਸੀ ਜਦੋਂ ਬਰੇਲੀ ਦੀ ਚਰਖੜੀ ਅਤੇ ਅੰਮ੍ਰਿਤਸਰ ਦੀ ਬਣੀ ਡੋਰ ਦੀ ਬਹੁਤ ਮੰਗ ਹੁੰਦੀ ਸੀ ਅਤੇ ਇਸ ਨਾਲ ਸਿਰਫ ਅੰਮ੍ਰਿਤਸਰ ਸ਼ਹਿਰ ਵਿਚ ਸੈਂਕੜੇ ਗਰੀਬ ਘਰਾਂ ਨੂੰ ਰੁਜ਼ਗਾਰ ਮਿਲਦਾ ਸੀ ਅਤੇ ਹਰ ਪਾਸੇ ਬਾਜ਼ਾਰਾਂ ਵਿਚ ਡੋਰ ਤਿਆਰ ਕਰਦੇ ਕਾਰੀਗਰ ਦੇਖੇ ਜਾ ਸਕਦੇ ਸੀ ਅਤੇ ਇਸ ਅੰਮ੍ਰਿਤਸਰੀ ਡੋਰ ਨਾਲ ਜਿਆਦਾਤਰ ਵੱਡੀ ਪਤੰਗ ਹੀ ਅਸਮਾਨ ਵਿੱਚ ਉਡਾਈ ਜਾਂਦੀ ਸੀ।
ਅੱਜ ਵੀ ਅਗਰ ਪੁਲਿਸ ਪ੍ਰਸ਼ਾਸਨ ਹੁਣ ਤੋਂ ਹੀ ਸਖਤੀ ਕਰਕੇ ਸਮਗਲਿੰਗ ਕਰਨ ਵਾਲਿਆਂ ਨੂੰ ਵਾਰਨਿੰਗ ਦਏ ਤਾਂ ਇਕ ਤਾਂ ਅਸਮਾਨ ਵਿੱਚ ਖੂਨੀ ਖੇਡ ਖਤਮ ਹੋ ਜਾਵੇਗੀ ਅਤੇ ਅੰਮ੍ਰਿਤਸਰ ਦੇ ਗਰੀਬ ਮਜਦੂਰ ਡੋਰ ਤਿਆਰ ਕਰਕੇ ਲੋਹੜੀ ਦੇ ਤਿਉਹਾਰ ਨੂੰ ਖੁਸ਼ੀ ਖੁਸ਼ੀ ਮਨਾ ਸਕਦੇ ਹਨ।ਇਹ ਵੀ ਪਤਾ ਲੱਗਾ ਹੈ ਕਿ ਇਹ ਖੂਨੀ ਖੇਡ ਖੇਡਣ ਵਾਲੀ ਡੋਰ ਦੇ ਸਮੱਗਲਰ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਮੁੱਠੀ ਗਰਮ ਕਰ ਦਿੰਦੇ ਹਨ, ਜੋ ਛਾਪਾਮਾਰੀ ਕਰਨ ਆਉਂਦੇ ਹਨ ਅਤੇ ਸੀਨੀਅਰ ਅਫਸਰਾਂ ਤੱਕ ਰਿਪੋਰਟ ਪਹੁੰਚ ਜਾਂਦੀ ਹੈ ਕਿ ਕੋਈ ਬਰਾਮਦਗੀ ਨਹੀਂ ਹੋਈ।ਡੋਰ ਵੇਚਣ ਵਾਲੇ ਕੋਈ ਹੋਰ ਨਹੀਂ ਬਲਕਿ ਬਜਾਰਾਂ ਵਿਚ ਹੀ ਦੁਕਾਨਾਂ ਕਰਦੇ ਹਨ, ਚਾਹੇ ਉਹ ਜੰਡਿਆਲਾ ਗੁਰੂ ਬਾਜ਼ਾਰਾਂ ਵਿਚ ਬੇਕਰੀ ਦੇ ਨਾਮ `ਤੇ ਦੁਕਾਨ ਕਰਦੇ ਹੋਣ, ਪਲਾਸਟਿਕ ਦੇ ਸਮਾਨ ਦੀ ਦੁਕਾਨ, ਬੈਗਾਂ ਦੀ ਦੁਕਾਨ, ਮੋਬਾਈਲਾਂ ਦੀ ਦੁਕਾਨ, ਟ੍ਰਾਂਸਪੋਰਟ, ਵਿਦਿਆਰਥੀ ਆਦਿ ਹਰ ਕੋਈ ਅੰਦਰਖਾਤੇ 5-10 ਗੱਟੁ ਵੇਚ ਕੇ ਹਜਾਰਾਂ ਰੁਪਏ ਦਿਹਾੜੀ ਪਾ ਰਹੇ ਹਨ।
ਇਸ ਸਬੰਧੀ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਇਸ ਡੋਰ ਦੇ ਸਮੱਗਲਰਾਂ ਖਿਲਾਫ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੁਰਾਣੇ ਰਿਕਾਰਡ ਨੂੰ ਦੇਖਦੇ ਹੋਏ ਚਾਈਨਾ ਡੋਰ ਦੀ ਸਮਗਲਿੰਗ ਕਰਨ ਵਾਲਿਆਂ `ਤੇ ਪੂਰੀ ਨਜਰ ਰਹੇਗੀ। ਉਹਨਾਂ ਨੇ ਵਿਸ਼ੇਸ਼ ਤੋਰ `ਤੇ ਸਕੂਲ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਆਪਣੇ ਸਕੂਲ ਵਿਚ ਇਸ ਡੋਰ ਦੇ ਭੈੜੇ ਨਤੀਜਿਆਂ ਤੋਂ ਬੱਚਿਆਂ ਨੂੰ ਜਾਣੂ ਕਰਵਾਉਣ ਅਤੇ ਬੱਚਿਆਂ ਵਿਚ ਹੀ ਐਸਾ ਉਤਸ਼ਾਹ ਭਰ ਦੇਣ ਕਿ ਉਹ ਖੁਦ ਆਪ ਇਸ ਨੂੰ ਵੇਚਣ ਵਾਲਿਆਂ ਦੀ ਜਾਣਕਾਰੀ ਸਕੂਲ ਪ੍ਰਿੰਸੀਪਲ ਜਾਂ ਫਿਰ ਪੁਲਿਸ ਨੂੰ ਦੇਣ ਅਤੇ ਅਜਿਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇ।ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਅਜਿਹੇ ਭੈੜੇ ਅਨਸਰਾਂ ਦੀ ਸੂਚਨਾ ਪੁਲਿਸ ਨੂੰ ਦੇਣ ਅਤੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply