ਪਠਾਨਕੋਟ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਤਕਨੀਕੀ ਤੌਰ `ਤੇ ਮਜ਼ਬੂਤ ਕਰਨ ਲਈ ਬਲਾਕ ਪਟਾਨਕੋਟ ਦੇ ਪਿੰਡ ਚੱਕ ਮਿਨਹਾਸ ਵਿੱਚ ਪਿੰਡ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ।ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ ਦੇ ਪ੍ਰਬੰਧਾਂ ਹੇਠ ਲਗਾਏ ਇਸ ਕੈਂਪ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ।ਇਸ ਮੌਕੇ ਡਾ. ਜਰਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਰਜਿੰਦਰ ਕੁਮਾਰ ਮਿਨਹਾਸ, ਮੋਹਨ ਲਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਖੇਤੀ ਲਾਗਤ ਖਰਚੇ ਘਟਾਉਣ ਲਈ ਫਸਲਾਂ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਵੇ।ਉਨਾਂ ਕਿਹਾ ਕਿ ਕਣਕ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜਦੋਂ ਵੀ ਕਿਸੇ ਕਿਸਮ ਦੀ ਸਮੱਸਿਆ ਆਵੇ ਤਾਂ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ।ਉਨਾਂ ਕਿਹਾ ਕਿਸਾਨਾਂ ਨੂੰ ਰਵਾਇਤੀ ਸੋਚ ਨੂੰ ਤਿਆਗ ਕੇ ਵਿਉਪਾਰਕ ਅਤੇ ਵਿਗਿਆਨਕ ਸੋਚ ਦਾ ਧਾਰਨੀ ਬਨਣਾ ਚਾਹੀਦਾ ਹੈ।ਉਨਾਂ ਕਿਹਾ ਕਿ ਕਮਾਦ ਅਤੇ ਮਟਰਾਂ ਦੀ ਕਟਾਈ ਤੋਂ ਉਪਰੰਤ ਕਣਕ ਦੀ ਬਿਜਾਈ ਕਰਨੀ ਬਹੁਤੀ ਫਾਇਦੇਮੰਦ ਨਹੀਂ ਹੁੰਦੀ ਅਤੇ ਕਣਕ ਦੀ ਬਿਜਾਏ ਜਨਵਰੀ ਦੇ ਆਖਰੀ ਹਫਤੇ ਤੋਂ ਰਾਜਮਾਂਹ ਅਤੇ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਕਰਨੀ ਚਾਹੀਦੀ ਹੈ।ਰਾਜਮਾਂਹ ਅਤੇ ਬਹਾਰ ਰੁੱਤ ਦੀ ਮੱਕੀ ਦੇ ਬੀਜ਼ ਲਈ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ।ਡਾ. ਜਰਮਨਜੀਤ ਸਿੰਘ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜੇਕਰ ਕੋਈ ਸਮੱਸਿਆ ਆਵੇ ਤਾਂ ਖੇਤੀਬਾੜੀ ਦਫਤਰ ਨਾਲ ਸ਼ੰਪਰਕ ਕਰਕੇ ਹੀ ਹੱਲ ਕੀਤਾ ਜਾਵੇ ਉਨਾਂ ਕਿਹਾ ਕਿ ਪੀਲਕਾਂ, ਬਟਨਬੂਟੀ, ਕਾਇਆਂਕੋਠੀ ਦੀ ਰੋਕਥਾਮ ਲਈ ਵਰਤੀ ਜਾਣ ਵਾਲੀ 20 ਗ੍ਰਾਮ ਕਾਰਪੈਂਟਰਜ਼ੋਲ (ਅਫਿਨਟੀ) ਨਦੀਨਨਾਸ਼ਕ ਦੀ ਵਰਤੋਂ ਲਈ ਪ੍ਰਤੀ ਏਕੜ 200 ਲਿਟਰ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ ਕਿਉਂਕਿ ਘੱਟ ਪਾਣੀ ਵਰਤਣ ਨਾਲ ਕਣਕ ਉਪਰ ਮਾੜਾ ਪ੍ਰਭਾਵ ਪੈਂਦਾ ਹੈ।ਉਨਾਂ ਨੇ ਹਾੜੀ ਦੀਆਂ ਫਸਲਾਂ ਵਿੱਚ ਸਰਬਪੱਖੀ ਖਾਦ ਪ੍ਰਬੰਧ ਅਪਨਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਕਣਕ ਦੀ ਫਸਲ ਵਿੱਚ ਸਲਫਰ ਜਾਂ ਕੋਈ ਗੈਰ ਸਿਫਾਰਸ਼ ਸ਼ੁਦਾ ਖਾਦਾਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਂ ਕਿ ਇਸ ਤਰਾਂ ਖੇਤੀ ਲਾਗਤ ਖਰਚ ਵਧਣ ਦੇ ਨਾਲ ਮਿੱਟੀ ਦਾ ਪ੍ਰਦੂਸ਼ਣ ਵੀ ਵਧਦਾ ਹੈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media