ਸਰਪੰਚ ਨੇ ਆਪਣੇ ਘਰ ਦੀ ਨੇਮ ਪਲੇਟ ਅੰਗਰੇਜ਼ੀ ਤੋਂ ਪੰਜਾਬੀ `ਚ ਲਿਖਾਉਣ ਦਾ ਕੀਤਾ ਵਾਅਦਾ
ਸਮਰਾਲਾ, 22 ਦਸੰਬਰ (ਪੰਜਾਬ ਪੋਸਟ- ਕੰਗ) – ਅੱਜਕਲ ਮੀਡੀਆ ਵਿੱਚ ਛਾਏ ਹੋਏ ਅਤੇ ਹਰ ਅਖਬਾਰ ਵਿੱਚ ਆਪਣੇ ਮੋਢਿਆ `ਤੇ ਪੰਜਾਬੀ ਪੈਂਤੀ ਦਾ ਲਿਖਿਆ ਹੋਇਆ ਬੋਰਡ ਚੁੱਕੀ ਫਿਰ ਰਹੇ ਇੱਕ ਵਿਅਕਤੀ ਨੂੰ ਆਮ ਦੇਖਿਆ ਹੋਵੇਗਾ, ਜੋ ਕਰਨਾਟਕਾ ਦੇ ਰਹਿਣ ਵਾਲੇ ਅਤੇ ਚੰਡੀਗੜ ਸੈਕਟਰ 46 ਦੇ ਸਰਕਾਰੀ ਕਾਲਜ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਆਪਣੀ ਸੇਵਾ ਨਿਭਾਅ ਰਹੇ ਪੰਡਿਤ ਰਾਓ ਧਰੇਨਵਰ ਹਨ।ਪੰਜਾਬੀ ਪ੍ਰਤੀ ਪਿਆਰ ਉਨਾਂ ਨੂੰ ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਖਿੱਚ ਲਿਆਇਆ।ਇੱਥੇ ਪਹੁੰਚਣ `ਤੇ ਸਕੂਲ ਇੰਚਾਰਜ ਸੰਜੀਵ ਕੁਮਾਰ (ਸਟੇਟ ਐਵਾਰਡੀ), ਗਰਾਮ ਪੰਚਾਇਤ, ਪਿੰਡ ਦੇ ਪਤਵੰਤੇ ਸੱਜਣਾਂ ਅਤੇ ਸਕੂਲ ਵਿਦਿਆਰਥੀਆਂ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਜਿਉਂਦਾ ਰੱਖਣ ਦੀ ਬਹੁਤ ਲੋੜ ਹੈ।ਜੇਕਰ ਮੈਂ ਦੂਸਰੇ ਸੂਬੇ ਤੋਂ ਆ ਕੇ ਪੰਜਾਬੀ ਨਾਲ ਏਨਾ ਜਿਆਦਾ ਪਿਆਰ ਕਰ ਸਕਦਾ ਹਾਂ, ਤਾਂ ਸਾਡਾ ਮੁੱਢਲਾ ਫਰਜ ਬਣਦਾ ਹੈ ਕਿ ਅਸੀਂ ਪੰਜਾਬ ਦੇ ਨਿਵਾਸੀ ਇਸ ਦਾ ਦਿਲੋਂ ਸਤਿਕਾਰ ਕਰੀਏ ਅਤੇ ਪੰਜਾਬ ਅੰਦਰ ਫੈਲ ਰਹੀ ਲੱਚਰ ਗਾਇਕੀ ਖਿਲਾਫ ਆਪਣੀ ਅਵਾਜ਼ ਬੁਲੰਦ ਕਰੀਏ।ਪੰਡਿਤ ਰਾਓ ਦਾ ਪੰਜਾਬ ਅਤੇ ਪੰਜਾਬੀਅਤ ਸਬੰਧੀ ਲਗਾਓ ਦੇਖ ਕੇ ਇਸ ਸਕੂਲ ਦੇ ਨੰਨੇ ਮੁੰਨੇ ਬੱਚੇ ਬਹੁਤ ਪ੍ਰਭਾਵਿਤ ਹੋਏ ਅਤੇ ਪਿੰਡ ਦੇ ਸਾਬਕਾ ਸਰਪੰਚ ਜਗੀਰ ਸਿੰਘ ਨੇ ਵੀ ਉਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕਿ ਆਪਣੇ ਘਰ ਅੱਗੇ ਲੱਗੀ ਨੇਮ ਪਲੇਟ ਅੰਗਰੇਜ਼ੀ ਤੋਂ ਬਦਲ ਕੇ ਪੰਜਾਬੀ ਵਿੱਚ ਕਰਨ ਦਾ ਵਾਅਦਾ ਕੀਤਾ।ਪੰਡਿਤ ਰਾਓ ਨੇ ਸਕੂਲ ਦੀ ਵਧੀਆ ਦਿੱਖ, ਬੱਚਿਆਂ ਦਾ ਅਨੁਸਾਸ਼ਨ ਅਤੇ ਅਧਿਆਪਕਾਂ ਦੀ ਲਗਨ ਦੇਖਕੇ ਸਕੂਲ ਨੂੰ ਆਪਣੀ ਜੇਬ ਵਿੱਚੋਂ 2100 ਰੁਪਏ ਦਿੱਤੇ।ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਸਕੱਤਰ ਦੀਪ ਦਿਲਬਰ ਅਤੇ ਖਜਾਨਚੀ ਕਹਾਣੀਕਾਰ ਸੰਦੀਪ ਤਿਵਾੜੀ ਨੇ ਪੰਡਿਤ ਧਨੇਰਵਰ ਦੁਆਰਾ ਪੰਜਾਬੀ ਮਾਂ ਬੋਲੀ ਲਈ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੀਤ ਸਿੰਘ ਸਰਪੰਚ, ਜਗੀਰ ਸਿੰਘ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਦੀਪ ਦਿਲਬਰ, ਸੰਦੀਪ ਸਮਰਾਲਾ, ਮੈਡਮ ਪਰਮਿੰਦਰ ਕੌਰ, ਲਖਵੀਰ ਕੌਰ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ। ਅਖੀਰ ਵਿੱਚ ਸਕੂਲ ਇੰਚਾਰਜ ਮਾਸਟਰ ਸੰਜੀਵ ਕੁਮਾਰ ਨੇ ਪੰਡਿਤ ਰਾਓ ਦਾ ਇੱਥੇ ਪਹੁੰਚਣ `ਤੇ ਧੰਨਵਾਦ ਕੀਤਾ।
Punjab Post Daily Online Newspaper & Print Media