ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿਮਘ ਖੁਰਮਣੀਆ) – ਸਿੱਖੀ ਦਾ ਧੁਰੇ ਅੰਮ੍ਰਿਤਸਰ ਦੀਆਂ ਸੰਗਤਾਂ ਵਲੋਂ ਅੰਮ੍ਰਿਤਸਰ-ਨਾਂਦੇੜ ਤੱਕ ਸਿੱਧੀ ਹਵਾਈ ਉਡਾਨ ਦੀ ਮੰਗ ਅੱਜ ਕੇਂਦਰ ਸਰਕਾਰ ਵਲੋਂ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਨਾਗਰਿਕ ਹਵਾਬਾਜੀ ਮੰਤਰੀ ਗੱਜਾਪਤੀ ਰਾਜੂ ਦੇ ਉਪਰਾਲਿਆਂ ਨਾਲ ਪੂਰੀ ਕੀਤੀ ਗਈ ਹੈ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ `ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਵਲੋਂ ਹਵਾਈ ਉਡਾਨ ਦੇ ਕੀਤੇ ਉਦਘਾਟਨ ਉਪਰੰਤ ਪ੍ਰਗਟ ਕੀਤੇ।
ਛੀਨਾ ਨੇ ਹਵਾਬਾਜ਼ੀ ਮੰਤਰੀ ਰਾਜੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸੇ ਤਰਜ਼ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲਦ ਹੀ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਸਿੱਧੀ ਹਵਾਈ ਉਡਾਨ ਸ਼ੁਰੂ ਕਰਕੇ ਸਮੂਹ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਜਾਵੇਗਾ, ਜਿਸ ਸਬੰਧੀ ਇਸ ਪ੍ਰੋਜੈਕਟ ’ਤੇ ਸਾਂਪਲਾ ਦੀ ਏਅਰ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਹੋ ਚੁੱਕੀ ਹੈ ਅਤੇ ਸਾਂਪਲਾ ਇਸ ਮੁੱਦੇ ਨੂੰ ਹਵਾਬਾਜ਼ੀ ਮੰਤਰੀ ਕੋਲ ਉਠਾਉਣਗੇ।ਉਨ੍ਹਾਂ ਕਿਹਾ ਕਿ ਇਸ ਫਲਾਈਟ ਨਾਲ ਜਿਥੇ ਗੁਰੂ ਨਗਰੀ ’ਚ ਸੰਗਤਾਂ ਦੀ ਆਮਦ ਵਧੇਗੀ, ਉਥੇ ਵਪਾਰ ਵੀ ਵਧੇਗਾ।
ਛੀਨਾ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਵਰੋਸਾਈ ਨਗਰੀ ਹੈ, ਜਿਥੇ ਭਾਰਤ ਅਤੇ ਵਿਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਗੁਰੂਧਾਮਾਂ ਦੇ ਦਰਸ਼ਨ ਦੇ ਨਾਲ-ਨਾਲ ਇਥੋਂ ਦੇ ਵਿਰਾਸਤੀ ਅਸਥਾਨਾਂ ਨੂੰ ਵੇਖਣ ਲਈ ਵੱਡੀ ਤਦਾਦ ’ਚ ਆਉਂਦੇ ਹਨ।ਇਸ ਨੂੰ ਧਿਆਨ ’ਚ ਰੱਖਦਿਆਂ ਕਈ ਹੋਰ ਉਡਾਨਾਂ ਅੰਮ੍ਰਿਤਸਰ ਤੋਂ ਵਿਦੇਸ਼ਾਂ ’ਚ ਸਿੱਧੀਆਂ ਚਲਾਉਣ ਲਈ ਕੇਂਦਰ ਵਿਚਲੀ ਭਾਜਪਾ ਸਰਕਾਰ ਵਲੋਂ ਯੋਜਨਾਵਾਂ ਉਲੀਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁੱਝ ਸਿਆਸੀ ਲੋਕ ਆਪਣੀ ਵਾਹ-ਵਾਹੀ ਖੱਟਣ ਲਈ ਸ਼ੁਰੂ ਕੀਤੀ ਗਈ ਹਵਾਈ ਉਡਾਨ ਦਾ ਸਿਹਰਾ ਆਪਣੇ ਸਿਰ ਸਜਾਉਣਾ ਚਾਹੁੰਦੇ ਹਨ, ਪਰ ਲੋ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਅਜਿਹੇ ਆਗੂਆਂ ਦੇ ਬਹਿਕਾਵੇਂ ’ਚ ਕਦੇ ਵੀ ਨਹੀਂ ਆਉਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media