ਪੰਜਾਬ ਐਂਡ ਸਿੰਧ ਬੈਂਕ ਦੇ ਰਲੇਵੇਂ ’ਤੇ ਲੱਗੀ ਅੰਤ੍ਰਿਮ ਰੋਕ ਨੂੰ ਪੱਕੀ ਰੋਕ ’ਚ ਬਦਲਾਂਗੇ – ਜੀ.ਕੇ
ਨਵੀਂ ਦਿੱਲੀ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਕੇਂਦਰੀ ਖਜ਼ਾਨਾ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਵੱਲੋਂ ਮੰਗਲਵਾਰ ਨੂੰ ਰਾਜ ਸਭਾ ’ਚ
ਦਿੱਤੇ ਗਏ ਲਿਖਿਤ ਜਵਾਬ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਦਰਅਸਲ ਸ਼ੁਕਲਾ ਨੇ ਸਰਕਾਰੀ ਬੈਂਕਾ ਦੇ ਰਲੇਵੇਂ ਨੂੰ ਲੈ ਕੇ ਚਲ ਰਹੀਆਂ ਖ਼ਬਰਾਂ ਬਾਰੇ ਸਥਿਤੀ ਸਪਸ਼ਟ ਕੀਤੀ ਸੀ।ਸ਼ੁਕਲਾ ਨੇ ਦਾਅਵਾ ਕੀਤਾ ਸੀ ਕਿ ਕੌਮੀ ਬੈਂਕਾ ਦੇ ਰਲੇਵੇਂ ਦਾ ਕਾਰਜ ਫਿਲਹਾਲ ਸਰਕਾਰ ਨੇ ਰੋਕ ਰੱਖਿਆ ਹੈ।ਕੈਬਨਿਟ ਵੱਲੋਂ ਰਲੇਵੇਂ ਨੂੰ ਮਨਜੂਰੀ ਮਿਲਣ ਦੇ ਬਾਵਜੂਦ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਦੀ ਅਗਵਾਈ ’ਚ ਬੈਂਕਾ ਤੋਂ ਆਈਆਂ ਸਫ਼ਾਰਸਾਂ ਦੀ ਜਾਂਚ ਚਲ ਰਹੀ ਹੈ।ਜਿਸ ਦੀ ਰਿਪੋਰਟ 3 ਮਹੀਨੇ ’ਚ ਕੈਬਨਿਟ ਨੂੰ ਭੇਜੀ ਜਾਵੇਗੀ।
ਜੀ.ਕੇ ਨੇ ਸ਼ੁਕਲਾ ਦੇ ਦਾਅਵੇ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਰਲੇਵੇਂ ’ਤੇ ਅੰਤ੍ਰਿਮ ਰੋਕ ਕਰਾਰ ਦਿੰਦੇ ਹੋਏ ਪੱਕੀ ਰੋਕ ਤਕ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ।ਜੀ.ਕੇ ਨੇ ਕਿਹਾ ਕਿ 29 ਦਸੰਬਰ ਨੂੰ ਦਿੱਲੀ ਕਮੇਟੀ ਵੱਲੋਂ ਵਿਰਾਸਤੀ ਬੈਂਕ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੀ ਇਹ ਪਹਿਲੀ ਛੋਟੀ ਕਾਮਯਾਬੀ ਹੈ, ਕਿੳਂੁਕਿ ਕੇਂਦਰੀ ਮੰਤਰੀ ਨੇ ਕੈਬਨਿਟ ’ਚੋਂ ਪਾਸ ਹੋ ਚੁੱਕੇ ਮੱਤੇ ’ਤੇ ਮੁੜ੍ਹ ਵਿਚਾਰ ਕਰਨ ਦਾ ਇਸ਼ਾਰਾ ਕਰਕੇ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਣ ਦਾ ਜਤਨ ਕੀਤਾ ਹੈ।
ਜੀ.ਕੇ ਨੇ ਸਾਫ਼ ਕੀਤਾ ਕਿ ਅਸੀਂ ਕੌਮੀ ਬੈਂਕਾ ਦੇ ਰਲੇਵੇਂ ਦੇ ਖਿਲਾਫ਼ ਨਹੀਂ ਹਾਂ ਸਗੋਂ ਪੰਜਾਬ ਐਂਡ ਸਿੰਧ ਬੈਂਕ ਦੀ ਹੋਂਦ ਨੂੰ ਬਚਾਉਣ ਵਾਸਤੇ ਵਚਨਬੱਧ ਹਨ।ਆਪਣੀ ਅਗਲੀ ਰਣਨੀਤੀ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇਸ ਸਬੰਧੀ ਬਣਾਈ ਜਾ ਰਹੀ ਉਚ ਪੱਧਰੀ ਕਮੇਟੀ ’ਚ ਵਿਚਾਰ ਕਰਕੇ ਛੇਤੀ ਹੀ ਸਾਰਾ ਖਰੜਾ ਜੇਟਲੀ ਦੀ ਅਗਵਾਈ ’ਚ ਬਣੇ ਪੈਨਲ ਦੇ ਸਾਹਮਣੇ ਰੱਖਿਆ ਜਾਵੇਗਾ ਤਾਂਕਿ ਕੈਬਨਿਟ ਕੋਲ ਕੌਮੀ ਬੈਂਕਾ ਦੇ ਰਲੇਵੇਂ ਦੀ ਮੁੜ੍ਹ ਜਾਣ ਵਾਲੀ ਰਿਪੋਰਟ ਵਿਚ ਪੰਜਾਬ ਐਂਡ ਸਿੰਧ ਬੈਂਕ ਦੀ ਹੋਂਦ ਬਰਕਰਾਰ ਰਹੇ। ਪੰਜਾਬ ਐਂਡ ਸਿੰਧ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਸਿੱਖ ਸੰਸਥਾਪਕ ਹੋਣ ਕਰਕੇ ਸਿੱਖਾਂ ਦੇ ਮਨਾਂ ’ਚ ਉਕਤ ਬੈਂਕਾਂ ਪ੍ਰਤੀ ਡੂੰਘਾ ਸਤਿਕਾਰ ਹੋਣ ਦਾ ਜੀ.ਕੇ ਨੇ ਦਾਅਵਾ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media