ਸਲਾਨਾ ਪ੍ਰੀਖਿਆਵਾਂ ਨੇੜੇ ਅਧਿਆਪਕਾਂ ਨੂੰ ਬੇਸ ਲਾਈਨ ਟੈਸਟਾਂ `ਚ ਉਲਝਾਉਣਾ ਸਾਜਿਸ਼
ਸਮਰਾਲਾ 19 ਜਨਵਰੀ (ਪੰਜਾਬ ਪੋਸਟ – ਕੰਗ) – ਅੱਜ ਸਾਂਝਾ ਅਧਿਆਪਕ ਮੋਰਚਾ ਦੀ ਅਹਿਮ ਮੀਟਿੰਗ ਹੋਈ ਆਗੂਆਂ ਨੇ ਮਿਡਲ ਸਕੂਲਾਂ ਵਿਚ ਪੋਸਟਾਂ ਤੇ ਕੁਹਾੜਾ ਚਲਾਕੇ ਕੇਵਲ ਚਾਰ ਅਧਿਆਪਕਾਂ ਰਾਹੀਂ ਸਕੂਲ ਚਲਾਉਣ ਦੀ ਡੰਗ ਟਪਾਊ ਨੀਤੀ ਲਾਗੂ ਕਰਨ ਦੀ ਪੰਜਾਬ ਸਰਕਾਰ ਦੀ ਇਸ ਦੀ ਕਰੜੀ ਅਲੋਚਨਾ ਕੀਤੀ।
ਮੋਰਚੇ ਦੇ ਕਨਵੀਨਰ ਜਗਦੀਪ ਸਿੰਘ ਜੋਹਲ ਅਤੇ ਦਲਜੀਤ ਸਿੰਘ ਸਮਰਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਰਕਾਰੀ ਸਕੂਲਾਂ ਪ੍ਰਤੀ ਨੀਅਤ ਅਤੇ ਨੀਤੀ ਸਾਫ਼ ਦਰਸਾਉਂਦੀ ਹੈ ਕਿ ਸਰਕਾਰ ਸਕੂਲਾਂ ਪ੍ਰਤੀ ਉਕਾ ਹੀ ਗੰਭੀਰ ਨਹੀਂ ਹੈ।ਸਗੋਂ ਇਹ ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ਵਿਚ ਵੇਚਣ ਲਈ ਤਰਲੋ ਮੱਛੀ ਹੋ ਰਹੀ ਹੈ।ਉਹਨਾਂ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮੋਹਰਾ ਬਣਾਕੇ ਸਕੂਲਾਂ ’ਚ ਕੀਤੇ ਜਾ ਰਹੇ ਗੈਰ ਵਿਗਿਆਨਕ ਅਤੇ ਦਿਸ਼ਾਹੀਣ ਤਜ਼ਰਬਿਆਂ ਨੇ ਸਕੂਲਾਂ ਅੰਦਰ ਸਿੱਖਿਆ ਦੇ ਮਹੋਲ ਨੂੰ ਤਹਿਸ ਨਹਿਸ ਕਰ ਦਿੱਤਾ ਹੈ।ਵਿਦਿਅਕ ਵਰ੍ਹੇ ਦੇ ਆਖਰੀ ਮਹੀਨਿਆਂ ਵਿਚ ਜਦੋਂ ਬੱਚਿਆਂ ਨੂੰ ਸਲਾਨਾ ਪ੍ਰੀਖਿਆ ਲਈ ਮਿਹਨਤ ਕਰਵਾਉਣ ਦੀ ਲੋੜ ਹੈ, ਅਧਿਆਪਕਾਂ ਨੂੰ ਬੇਸ ਲਾਈਨ ਟੈਸਟ ਲੈਣ ਦੀ ਪ੍ਰੀਕਿਰਿਆ ’ਚ ਉਲਝਾਇਆ ਜਾ ਰਿਹਾ ਹੈ।ਅਖੌਤੀ ਰੈਗਨੇਲਾਈਜੇਸ਼ਨ ਦੀ ਤਲਵਾਰ ਅਧਿਆਪਕਾਂ ਤੇ ਲਟਕਾਈ ਜਾ ਰਹੀ ਹੈ।
ਦੂਜੇ ਪਾਸੇ ਬੇਸ ਲਾਈਨ ਟੈਸਟ ਲਈ ਬੜੀ ਘਟੀਆ ਕਿਸਮ ਦੇ ਪ੍ਰਸ਼ਨ ਪੱਤਰ ਦਿੱਤੇ ਜਾ ਰਹੇ ਹਨ ਜੋ ਵਿਦਿਆਰਥੀਆਂ ’ਚ ਅਸਪਟਤਾਵਾਂ ਪੈਦਾ ਕਰਦੇ ਹਨ ਅਤੇ ਨਤੀਜਿਆਂ ਤੇ ਮਾੜਾ ਅਸਰ ਪਾਉਂਦੇ ਹਨ।ਜਿਸ ਦੇ ਆਧਾਰ ਤੇ ਗਲਤ ਅੰਕੜੇ ਇਕੱਠੇ ਕਰਕੇ ਸਕੂਲਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੱਸਣ ਕਿ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਉਪਰ ਜਬਰੀ ਹਿੰਦੀ ਭਾਸ਼ਾ ਪੜ੍ਹਾਉਣ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਉਪਰ ਜਬਰੀ ਖੇਡਾਂ ਦਾ ਵਿਸ਼ਾ ਪੜ੍ਹਾਉਣ ਦੇ ਤਰਕ ਹੀਣ ਫੈਸਲੇ ਰਾਹੀਂ ਉਹ ਕਿਹੜਾ ਸੁਧਾਰ ਕਰਨਾ ਚਾਹੁੰਦੇ ਹਨ।ਉਨ੍ਹਾਂ ਨੇ ਅਜਿਹੇ ਅਧਿਆਪਕ ਵਿਰੋਧੀ ਅਤੇ ਲੋਕ ਮਾਰੂ ਫੈਸਲਾ ਤੁਰੰਤ ਵਾਪਸ ਲੈਣ ਲਈ ਸਰਕਾਰ ਨੂੰ ਚਿਤਾਵਨੀ ਜਾਰੀ ਕੀਤੀ ਹੈ ਅਤੇ 23 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿਚ ਅਧਿਆਪਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ।
ਇਸ ਮੀਟਿੰਗ ਵਿਚ ਹਰਦੇਵ ਸਿੰਘ ਮੁੱਲਾਪੁਰ, ਸ਼ਿੰਗਾਰਾ ਸਿੰਘ, ਰਣਯੋਧ ਸਿੰਘ ਭਾਦਲਾ, ਮਨਰਾਜ ਸਿੰਘ ਵਿਰਕ, ਮਨਜੀਤ ਸਿੰਘ, ਗਗਨਦੀਪ ਸਿੰਘ ਰੌਂਤਾ, ਰਾਜਵੀਰ ਸਮਰਾਲਾ, ਰਾਜੇਸ਼ ਕੁਮਾਰ, ਗੁਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਕੁਲਵੰਤ ਸਿੰਘ ਆਦਿ ਅਧਿਆਪਕ ਆਗੂ ਸ਼ਾਮਿਲ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media