ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਆਲਲੰਪਰ ਲਈ ਸਿੱਧੀ ਉਡਾਨ ਸ਼ੁਰੂ ਕੀਤੀ ਜਾ ਰਹੀ ਹੈ।ਜਿਸ ਲਈ ਏਅਰ ਏਸ਼ੀਆ ਐਕਸ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।ਅੱਜ ਉਨ੍ਹਾਂ ਸਰਕਟ ਹਾਊਸ ਵਿਖੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਏਅਰ ਏਸ਼ੀਆ ਐਕਸ ਦੇ ਸੀ.ਈ.ਓ ਬਿੰਜੂਮਨ ਇਸਮਾਇਲ, ਇੰਡੀਆ ਹੈਡ ਸੁਰੇਸ਼ ਨੈਯਰ, ਸੈਰ ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਹੋਰ ਅਧਿਕਾਰੀਆਂ ਨਾਲ ਇਸ ਉਡਾਨ ਦੀ ਰੂਪਰੇਖਾ ਤਿਆਰ ਕਰਨ ਲਈ ਕੀਤੀ ਵਿਸ਼ੇਸ਼ ਮੀਟਿੰਗ ਉਪਰੰਤ ਦੱਸਿਆ ਕਿ ਪੰਜਾਬ ਨੂੰ ਏਸ਼ੀਆ ਦੇ ਹੋਰ ਦੇਸ਼ਾਂ ਅਤੇ ਯੂਰੋਪਿਅਨ ਦੇਸ਼ਾਂ ਨਾਲ ਜੋੜਨ ਲਈ ਇਹ ਉਡਾਨ ਕਾਰਗਰ ਸਿੱਧ ਹੋਵੇਗੀ।ਉਨ੍ਹਾਂ ਦੱਸਿਆ ਕਿ ਏਅਰ ਏਸ਼ੀਆ ਦੇ ਅਧਿਕਾਰੀਆਂ ਵਲੋਂ ਹਫ਼ਤੇ ਵਿੱਚ 4 ਦਿਨ ਇਹ ਉਡਾਨ ਚਲਾਉਣ ਦੀ ਸਹਿਮਤ ਕੀਤੀ ਗਈ ਹੈ ਜੋ ਕਿ ਦਿਵਾਲੀ ਦੇ ਨੇੜੇ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਜਾਂਦੇ ਯਾਤਰੀਆਂ ਵਿੱਚ ਤਕਰੀਬਨ 30 ਫੀਸਦੀ ਪੰਜਾਬੀਆਂ ਦੀ ਹੈ ਜਿਨ੍ਹਾਂ ਨੂੰ ਇਸ ਉਡਾਨ ਨਾਲ ਵੱਡਾ ਫਾਇਦਾ ਹੋਵੇਗਾ।ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਸਾਹਿਬ ਜੋ ਕਿ ਇਸ ਵੇਲੇ ਦੁਨੀਆਂ ਦੇ ਵੱਡੇ ਸੈਲਾਨੀ ਕੇਂਦਰਾਂ ਵਜੋਂ ਉੱਭਰ ਚੁੱਕਾ ਹੈ, ਤੋਂ ਇਹ ਉਡਾਨ ਸ਼ੁਰੂ ਹੋਣ ਨਾਲ ਪ੍ਰਵਾਸੀ ਪੰਜਾਬੀਆਂ ਦੇ ਨਾਲ- ਨਾਲ ਵਿਦੇਸ਼ੀ ਸੈਲਾਨੀ ਵੀ ਆਸਾਨੀ ਨਾਲ ਅੰਮਿ੍ਰਤਸਰ ਆ ਸਕਣਗੇ।ਉਨ੍ਹਾਂ ਦੱਸਿਆ ਕਿ ਕੁਆਲਲੰਪਰ ਤੱਕ ਸਿੱਧੀ ਪਹੁੰਚ ਸਾਡੇ ਆਸਟ੍ਰੇਲੀਆ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਨਾਲ-ਨਾਲ ਬਰਮਿੰਘਮ ਅਤੇ ਪੱਛਮੀ ਅਮਰੀਕਾ ਦਾ ਰਸਤਾ ਆਸਾਨ ਕਰੇਗੀ।
ਉਨ੍ਹਾਂ ਅੰਮ੍ਰਿਤਸਰ ਹਵਾਈ ਅੱਡੇ ਦੀ ਸਫ਼ਲਤਾ ਲਈ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਅਤੇ ਪੰਜਾਬ ਵਾਸੀਆਂ ਨੂੰ ਇੱਕ ਹੋ ਕੇ ਕੰਮ ਕਰਨ ਦੀ ਅਪੀਲ ਕਰਦੇ ਦੱਸਿਆ ਕਿ ਉਕਤ ਸ਼ੁਰੂ ਹੋ ਰਹੀ ਉਡਾਨ ਵਿੱਚ ਅੰਮਿ੍ਰਤਸਰ ਵਿਕਾਸ ਮੰਚ ਦਾ ਵੱਡਾ ਯੋਗਦਾਨ ਹੈ ਜਿਸ ਦੇ ਅਹੁਦੇਦਾਰ ਸਮੀਪ ਸਿੰਘ ਗੁਮਟਾਲਾ ਅਤੇ ਮਨਮੋਹਨ ਸਿੰਘ ਨੇ ਏਅਰ ਏਸ਼ੀਆ ਦੇ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਿਆ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਕਿ ਇਹ ਉਡਾਨ ਘੱਟ ਖਰਚੇ ਅਤੇ ਘੱਟ ਸਮੇਂ ਵਾਲੀ ਹੋਵੇਗੀ।ਜਿਸ ਦਾ ਕੰਪਨੀ ਦੇ ਨਾਲ-ਨਾਲ ਲੋਕਾਂ ਨੂੰ ਵੀ ਲਾਹਾ ਮਿਲੇਗਾ।ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਦੇ ਨਾਲ-ਨਾਲ ਮੁਹਾਲੀ ਹਵਾਈ ਅੱਡੇ ਨੂੰ ਵੀ ਕਾਮਯਾਬ ਕਰਨ ਲਈ ਕੇਂਦਰ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਜਾਵੇਗੀ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media