ਗੁਰ ਅਸਥਾਨਾਂ ਅਤੇ ਪਰੰਪਰਾਵਾਂ ’ਤੇ ਕੀਤੇ ਜਾ ਰਹੇ ਕੋਝੇ ਹਮਲਿਆਂ ਪ੍ਰਤੀ ਸੁਚੇਤ ਹੋਣ ਸਿੱਖ- ਬਾਬਾ ਹਰਨਾਮ ਸਿੰਘ
ਸ਼੍ਰੀ ਅਨੰਦਪੁਰ ਸਾਹਿਬ, 2 ਮਾਰਚ (ਪੰਜਾਬ ਪੋਸਟ ਬਿਊਰੋ) – ਹੋਲਾ ਮਹੱਲੇ ’ਤੇ ਦਮਦਮੀ ਟਕਸਾਲ ਦੇ ਸਥਾਨਕ ਅਸਥਾਨ ਗੁਰਦੁਆਰਾ
ਗੁਰਦਰਸ਼ਨ ਪ੍ਰਕਾਸ਼ ਵਿਖੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ।
ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਹਾਤਮ ਬਾਰੇ ਦੱਸਦਿਆਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰ ਉਪਕਾਰਾਂ ਨੂੰ ਯਾਦ ਕੀਤਾ।ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਕਲਗੀਧਰ ਪਾਤਿਸ਼ਾਹ ਨੇ ਹੋਲੀ ਦੀ ਪੁਰਾਣੀ ਪ੍ਰਚਲਿਤ ਤੇ ਮਾੜੀਆਂ ਰਹੁ ਰੀਤਾਂ ਨੂੰ ਬਦਲ ਕੇ ਨਵੇਂ ਅਤੇ ਸਮਾਜ ਨੂੰ ਉਸਾਰੂ ਸੇਧ ਦੇਣ ਵਾਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਬਖਸ਼ਿਸ਼ ਕੀਤਾ।ਉਨ੍ਹਾਂ ਗੁਰ ਅਸਥਾਨਾਂ ਅਤੇ ਅੰਮ੍ਰਿਤ ਸਰੋਵਰਾਂ ਦੀ ਮਹਿਮਾ ਦੱਸਦਿਆਂ ਇਨ੍ਹਾਂ ਪ੍ਰਤੀ ਕੂੜ ਪ੍ਰਚਾਰ ’ਚ ਲੱਗੇ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਗੁਰੂ ਘਰ ਪ੍ਰਤੀ ਆਸਥਾ ਤੇ ਸ਼ਰਧਾ ਬਣਾਈ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਪੰਥਕ ਸਰੋਕਾਰਾਂ ਲਈ ਦਮਦਮੀ ਟਕਸਾਲ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਹਾਜ਼ਰੀਆਂ ਭਰੀਆਂ ਸੰਗਤਾਂ ਨੂੰ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਨੇ ਇਤਿਹਾਸ ਦੀ ਕਥਾ ਪ੍ਰਸੰਗ ਸਰਵਣ ਕਰਾਉਂਦਿਆਂ ਹੋਲੇ ਮਹੱਲੇ ਨੂੰ ਖ਼ਾਲਸੇ ਦੀ ਵਿਲੱਖਣਤਾ ਦਾ ਪ੍ਰਤੀਕ ਦੱਸਿਆ।ਉਨ੍ਹਾਂ ਕਿਹਾ ਕਿ ਕਲਗੀਧਰ ਪਿਤਾ ਵਲੋਂ ਲੋਕ ਮਨਾਂ ’ਚ ਸਵੈਮਾਨ ਦੀ ਚੇਤਨਤਾ ਪੈਦਾ ਕਰਨ ਵਾਲਾ ਹੋਲਾ ਮਹੱਲਾ ਗੁਲਾਮ ਮਾਨਸਿਕਤਾ ਨੂੰ ਤਿਲਾਂਜਲੀ ਦਿੰਦਿਆਂ ਜ਼ਬਰ ਜ਼ੁਲਮ ਖ਼ਿਲਾਫ਼ ਸੰਘਰਸ਼ ਕਰਨ ਦਾ ਇੱਕ ਇਤਿਹਾਸਕ ਇਨਕਲਾਬੀ ਵਰਤਾਰਾ ਹੋ ਨਿੱਬੜਿਆ ਹੈ।
ਉਨ੍ਹਾਂ ਸਿੱਖ ਪੰਥ ਅਤੇ ਸਮਾਜ ਵਿੱਚ ਫੁੱਟ ਪਾ ਕੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿੱਚ ਬੈਠ ਪੰਥ ਵਿਰੋਧੀ ਸ਼ਕਤੀਆਂ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਪਿੱਛਲੇ ਸਮੇਂ ਤੋਂ ਇਨ੍ਹਾਂ ਵਲੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਅਤੇ ਗੁਰ ਅਸਥਾਨਾਂ ਪ੍ਰਤੀ ਬੇਲੋੜੇ ਸ਼ੰਕੇ ਖੜੇ ਕੀਤੇ ਜਾ ਰਹੇ ਹਨ।ਉਨ੍ਹਾਂ ਕੋਝੇ ਹਮਲਿਆਂ ਰਾਹੀ ਨਿੱਤ ਨਵਾਂ ਵਿਵਾਦ ਨਾਲ ਦੁਬਿਧਾ ਖੜੀ ਕਰਦਿਆਂ ਸਿੱਖ ਕੌਮ ਦੇ ਸਿਧਾਂਤਾਂ ਦਾ ਨਿਰਾਦਰ ਕਰਨ ’ਚ ਲੱਗੇ ਸ਼ਰਾਰਤੀ ਅਨਸਰਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਵੀ ਸਿੱਖ ਸੰਗਤ ਨੂੰ ਅਪੀਲ ਕੀਤੀ।ਸੰਗਤ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਂਦਿਆਂ ਉਨਾਂ ਅੰਮ੍ਰਿਤਧਾਰੀ ਹੋਣ ਅਤੇ ਨਸ਼ਿਆਂ ਤੇ ਹੋਰਨਾਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਿਧਾਂਤਾਂ ’ਤੇ ਰੌਸ਼ਨੀ ਪਾਈ।ਸਮਾਗਮ ਨੂੰ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਗਿ: ਹਰਦੀਪ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ, ਜਥੇ: ਸੁਖਦੇਵ ਸਿੰਘ, ਬਾਬਾ ਧਰਮ ਸਿੰਘ ਅਮਰੀਕਾ ਅਤੇ ਸਿੱਖ ਕੌਂਸਲ ਦੇ ਆਗੂ ਭਾਈ ਜਸਪਾਲ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media