ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਦੁਨੀਆ ਦੇ ਮਹਾਨ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸੀਨੀਅਰ ਟਰਸੱਟੀ ਤੇ ਇਨਕਲਾਬੀ ਵਿਦਵਾਨ ਕਾਮਰੇਡ ਗੌਧੰਰਵ ਸੇਨ ਕੋਛੜ ਦੀ ਯਾਦ `ਚ ਇਕ ਸ਼ੋਕ ਸਮਾਗਮ ਸਥਾਨਕ ਮੈਡੀਕਲ ਐਨਕਲੇਵ ਵਿਖੇ ਆਯੋਜਿਤ ਕੀਤਾ ਗਿਆ।
ਤਰਕਸ਼ੀਲ ਚਿੰਤਕ ਡਾ. ਸ਼ਾਮ ਸੁੰਦਰ ਦੀਪਤੀ ਅਤੇ ਤਰਕਸ਼ੀਲ ਆਗੂ ਸੁਮੀਤ ਸਿੰਘ ਨੇ ਇਸ ਸਮੇਂ ਕਿਹਾ ਕਿ ਸਟੀਫਨ ਹਾਕਿੰਗ ਨੇ ਬਲੈਕ ਹੋਲ, ਸਾਪੇਖਤਾ ਤੇ ਗਰੂਤਾ ਸ਼ਕਤੀ ਦੇ ਸਿਧਾਂਤਾਂ ਤੋਂ ਇਲਾਵਾ ਬ੍ਰਹਿਮੰਡ ਵਿਗਿਆਨ ਦੇ ਖੇਤਰ ਵਿਚ ਨਵੀਨਤਮ ਖੋਜਾਂ ਕਰਕੇ ਅਲਬਰਟ ਆਈਨਸਟਾਈਨ ਤੋਂ ਬਾਅਦ ਮਹਾਨ ਭੌਤਿਕ ਵਿਗਿਆਨੀ ਹੋਣ ਦਾ ਖਿਤਾਬ ਹਾਸਲ ਕੀਤਾ ਅਤੇ ਵਿਗਿਆਨਕ ਤੱਥਾਂ ਨਾਲ ਸਿੱਧ ਕੀਤਾ ਕਿ ਬ੍ਰਹਿਮੰਡ ਕਿਸੇ ਅਖੌਤੀ ਪ੍ਰਮਾਤਮਾ ਕਰਕੇ ਨਹੀਂ ਬਲਕਿ ਕਰੋੜਾਂ ਸਾਲ ਦੇ ਲਗਾਤਾਰ ਵਿਗਿਆਨਕ ਵਿਕਾਸ ਦਾ ਨਤੀਜਾ ਹੈ।ਮੋਟਰ ਨਿਊਰਾਨ ਨਾਂ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਅਤੇ ਚਾਰ ਦਹਾਕੇ ਵੀਲ ਚੇਅਰ ਉਤੇ ਜ਼ਿੰਦਗੀ ਬਿਤਾਉਣ ਵਾਲੇ ਸਟੀਫਨ ਹਾਕਿੰਗ ਨੇ ਕਦੇ ਵੀ ਵਿਗਿਆਨਕ ਸੋਚ ਅਤੇ ਦਿ੍ਰੜ੍ਹ ਇੱਛਾ ਸ਼ਕਤੀ ਦਾ ਪੱਲਾ ਨਹੀਂ ਛੱਡਿਆ ਅਤੇ ਰੱਬ ਦੀ ਹੋਂਦ ਨੂੰ ਨਕਾਰ ਕੇ ਆਪਣੀ ਵਿਗਿਆਨਕ ਤੇ ਮਾਨਸਿਕ ਸਮਰੱਥਾ ਦਾ ਲੋਹਾ ਮੰਨਵਾਇਆ
ਇਸ ਮੌਕੇ ਕਾਮਰੇਡ ਗੰਧਰਵ ਸੇਨ ਨੂੰ ਸਤਿਕਾਰ ਭੇਟ ਕਰਦਿਆਂ ਤਰਕਸ਼ੀਲ ਆਗੂਆਂ ਐਡਵੋਕੇਟ ਅਮਰਜੀਤ ਬਾਈ, ਮੇਜਰ ਸਿੰਘ, ਬੀ.ਐਮ ਸਿੰਘ ਅਤੇ ਕਾਮਰੇਡ ਅਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਗਦਰ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਉਤੇ ਪੂਰੀ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਮਾਰਕਸਵਾਦ, ਨਕਸਲਵਾਦ, ਜਮਾਤੀ ਸੰਘਰਸ਼ਾਂ, ਮਨੁੱਖੀ ਅਧਿਕਾਰਾਂ, ਤਰਕਸ਼ੀਲਤਾ ਅਤੇ ਲੋਕ ਪੱਖੀ ਸਾਹਿਤਕ ਤੇ ਸਮਾਜਿਕ ਤਬਦੀਲੀ ਦੇ ਖੇਤਰ ਵਿਚ ਇਨਕਲਾਬੀ ਯੋਗਦਾਨ ਪਾਇਆ ਅਤੇ ਆਪਣੀ ਹਕ ਹਲਾਲ ਦੀ ਕਮਾਈ ਵਿਚੋਂ ਵੱਖ-ਵੱਖ ਵਿਸ਼ਿਆਂ ਬਾਰੇ ਦੋ ਦਰਜਨ ਤੋਂ ਵੱਧ ਪੁਸਤਕਾਂ ਛਪਵਾ ਕੇ ਬਿਨਾਂ ਕਿਸੇ ਕੀਮਤ ਵਸੁਲੀ ਦੇ ਹਜ਼ਾਰਾਂ ਲੋਕਾਂ ਤੱਕ ਪੁਚਾਉਣ ਦਾ ਵੱਡਮੁੱਲਾ ਕਾਰਜ ਵੀ ਕੀਤਾ।
ਇਸ ਮੌਕੇ ਮਾਓਵਾਦ ਦੇ ਇਕ ਝੂਠੇ ਕੇਸ ਵਿਚ ਨਾਗਪੁਰ ਦੀ ਕੇਂਦਰੀ ਜੇਲ ਵਿਚ ਸਖ਼ਤ ਸਜ਼ਾ ਭੁਗਤ ਰਹੇ ਸਰੀਰਕ ਤੌਰ ਤੇ ਨੱਬੇ ਫੀਸਦ ਅਪਾਹਜ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਐਨ ਸਾਈ ਬਾਬਾ ਨੂੰ ਬਿਨਾ ਸ਼ਰਤ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।ਇਸ ਸ਼ੋਕ ਸਮਾਗਮ ਵਿੱਚ ਤਰਕਸ਼ੀਲ ਆਗੂ ਸੁਖਮੀਤ ਸਿੰਘ, ਬਲਦੇਵ ਰਾਜ ਵੇਰਕਾ, ਡਾ. ਬਲਦੇਵ ਸਿੰਘ, ਰਾਜ ਕੁਮਾਰ ਵੇਰਕਾ, ਹਰਜਿੰਦਰ ਬੱਲ ਤੋਂ ਇਲਾਵਾ ਮਿੰਨੀ ਕਹਾਣੀ ਲੇਖਕ ਹਰਭਜਨ ਖੇਮਕਰਨੀ, ਮੈਡਮ ਊਸ਼ਾ ਦੀਪਤੀ, ਮਨਮੋਹਨ ਬਾਸਰਕੇ, ਰਜਿੰਦਰ ਮਾਝੀ ਅਬੋਹਰ ਅਤੇ ਚੰਨ ਅਮਰੀਕ, ਡਾ. ਕਸ਼ਮੀਰ ਸਿੰਘ ਅਤੇ ਕਲਿਆਣ ਅੰਮ੍ਰਿਤਸਰੀ ਸ਼ਾਮਲ ਹੋਏ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media