ਆਲੂ ਬੀਜ ਦੇ ਸੁਧਾਰ ਲਈ ਪੈਪਸੀਕੋ ਲਵੇਗੀ ਖੇਤੀਬਾੜੀ ਯੂਨੀਵਰਸਿਟੀ ਦਾ ਸਹਿਯੋਗ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੀ ਕਿਰਸਾਨੀ ਦੇ ਸੰਕਟ ਅਤੇ ਹੱਲ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੀ. ਐਚ. ਡੀ. ਚੈਂਬਰ ਨਾਲ ਮਿਲ ਕੇ ਕਰਵਾਈ ਗਈ ਦੋ ਰੋਜ਼ਾ ਕਿਸਾਨ ਗੋਸ਼ਟੀ ਦੇ ਦੂਸਰੇ ਦਿਨ ਹੋਈ ਵਿਚਾਰ-ਚਰਚਾ ਨੂੰ ਸੰਬੋਧਨ ਕਰਦੇ ਅਗਾਂਹਵਧੂ ਕਿਸਾਨ ਅਤੇ ਖੇਤੀ ਵਸਤਾਂ ਨੂੰ ਵਿਦੇਸ਼ਾਂ ਤੱਕ ਵੇਚ ਰਹੇ ਸ. ਕਰਮਵੀਰ ਸਿੰਘ ਸਿੱਧੂ ਨੇ ਕਿਹਾ ਕਿ ਜਦ ਤੱਕ ਪੰਜਾਬ ਦਾ ਕਿਸਾਨ ਵਪਾਰੀ ਨਹੀਂ ਬਣਦਾ, ਤਦ ਤਕ ਖੇਤੀ ਦਾ ਧੰਦਾ ਮੁਨਾਫੇ ਵਿਚ ਨਹੀਂ ਆ ਸਕਦਾ। ਉਨਾਂ ਆਪਣੇ ਤਜ਼ਰਬੇ ਸਾਂਝੇ ਕਰਦੇ ਦੱਸਿਆ ਕਿ ਪੰਜਾਬ ਦੇ ਖੇਤੀ ਉਤਪਾਦ ਦੀ ਯੂਰਪੀਅਨ ਯੂਨੀਅਨ, ਮੱਧ ਪੂਰਬੀ ਦੇਸ਼ਾਂ, ਆਸਟਰੇਲੀਆ, ਬਰਤਾਨੀਆ, ਮਲੇਸ਼ੀਆ, ਜਪਾਨ ਅਤੇ ਰੂਸ ਵਿਚ ਚੰਗੀ ਮੰਗ ਹੈ, ਪਰ ਇਸ ਲਈ ਖੇਤੀ ਪਦਾਰਥਾਂ ਦੀ ਗੁਣਵਤਾ ਸੁਧਾਰਨੀ ਪਵੇਗੀ ਅਤੇ ਚੰਗੀ ਪੈਕਿੰਗ ਤੇ ਕੋਲ਼ਡ ਸਟੋਰ ਸਹੂਲਤਾਂ ਦੇਣੀਆਂ ਪੈਣਗੀਆਂ। ਉਨਾਂ ਦੱਸਿਆ ਕਿ ਦੁਨੀਆਂ ਦੇ ਪ੍ਰਚੂਨ ਖੇਤਰ ਵਿਚ ਖੁਰਾਕ ਪਦਾਰਥਾਂ ਦਾ 69 ਫੀਸਦੀ ਹਿੱਸਾ ਹੈ, ਜੋ ਕਿ ਖੇਤਾਂ ਵਿਚ ਹੀ ਪੈਦਾ ਹੋ ਰਹੀਆਂ ਹਨ।
ਚੇਅਰਮੈਨ ਪੀ.ਐਚ.ਡੀ ਚੈਂਬਰ ਪੰਜਾਬ ਆਰ.ਐਸ ਸਚਦੇਵਾ ਨੇ ਦੱਸਿਆ ਕਿ ਇਸ ਵੇਲੇ ਚੀਨ, ਚਿਲੀ, ਥਾਈਲੈਂਡ ਆਦਿ ਦੇਸ਼ ਵਿਸ਼ਵ ਖੇਤੀ ਬਾਜ਼ਾਰ ਵਿਚ ਭਾਰਤ ਨੂੰ ਮੁਕਾਬਲਾ ਦੇ ਰਹੇ ਹਨ, ਪਰ ਇਸਦੇ ਬਾਵਜੂਦ ਵਿਸ਼ਵ ਬਾਜ਼ਾਰ ਵਿਚ ਪੰਜਾਬ ਦੀ ਉਪਜ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਸਾਨੂੰ ਆਪਣੇ ਉਤਪਾਦ ਵਿਸ਼ਵ ਮੰਡੀ ਲਈ ਤਿਆਰ ਕਰਨ ਦੀ ਲੋੜ ਹੈ।
ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਵੀ.ਕੇ ਮਹਾਜਨ ਨੇ ਅੱਜ ਦੀ ਹਾਲਤ ਉਤੇ ਝਾਤ ਪਾਉਂਦੇ ਦੱਸਿਆ ਕਿ ਪੰਜਾਬ ਵਿਚ ਆਲੂ ਦੀ ਫਸਲ ਤੋਂ ਸਿਵਾਏ ਸਬਜ਼ੀ ਅਤੇ ਫਲ ਨੂੰ ਲੰਮੇ ਸਮੇਂ ਤੱਕ ਠੰਡਾ ਰੱਖਣ ਲਈ ਕੋਲਡ ਸਟੋਰ ਹੀ ਨਹੀਂ ਹਨ।ਉਨਾਂ ਦੱਸਿਆ ਕਿ ਪੰਜਾਬ ਦੀ ਇਹ ਫਸਲ ਕਰੀਬ ਇਕ ਲੱਖ ਮੀਟਰਕ ਟਨ ਹੈ, ਜਿਸ ਨੂੰ ਸੰਭਾਲਣ ਲਈ ਅੰਦਾਜ਼ਨ 150 ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੈ।
ਪੈਪਸੀਕੋ ਫੂਡ ਦੇ ਜਨਰਲ ਮੈਨੇਜਰ ਰਾਜੇਸ਼ ਕਾਨੌਜੀਆ ਨੇ ਦੱਸਿਆ ਕਿ ਗੁਣਵੱਤਾ ਦੀ ਘਾਟ ਕਾਰਨ ਪੈਪਸੀਕੋ ਨੂੰ ਆਲੂ ਦੀ ਬਹੁਤੀ ਖਰੀਦ ਗੁਜਰਾਤ ਤੋਂ ਕਰਨੀ ਪੈਂਦੀ ਹੈ, ਹਾਂਲਾਕਿ ਪੰਜਾਬ ਵਿਚ ਆਲੂ ਬਹੁਤ ਪੈਦਾ ਹੁੰਦਾ ਹੈ।ਉਨਾਂ ਆਲੂ ਦੀ ਗੁਣਵੱਤਾ ਸੁਧਾਰ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਹਿਯੋਗ ਦੀ ਮੰਗ ਕੀਤੀ, ਜਿਸ ਨੂੰ ਡਾਇਰੈਕਟਰ ਪਸਾਰ ਜਸਕਰਨ ਸਿੰਘ ਮਾਹਲ ਨੇ ਹਾਂਪੱਖੀ ਹੁੰਗਾਰਾ ਦਿੱਤਾ।ਖੇਤੀ ਵਸਤਾਂ ਦੇ ਨਿਰਯਾਤਕਾਰ ਰਾਜਦੀਪ ਸਿੰਘ ਉਪਲ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਦੱਸਿਆ ਕਿ ਪੰਜਾਬ ਦੇ ਖੇਤੀ ਉਤਪਾਦ ਦੀ ਵਿਦੇਸ਼ਾਂ ਵਿਚ ਅਥਾਹ ਮੰਗ ਹੈ, ਪਰ ਇਥੋਂ ਤੱਕ ਪਹੁੰਚਣ ਲਈ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਨਾਂ ਦਾ ਬਹਾਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਦਿੱਲੀ ਜਾਂ ਹੋਰ ਰਸਤੇ ਪੰਜਾਬ ਤੋ ਵਿਦੇਸ਼ਾਂ ਤੱਕ ਮਾਲ ਭੇਜਣ ਵਿਚ ਸਮਾਂ ਅਤੇ ਪੈਸੇ ਦੋਵੇਂ ਫਜ਼ੂਲ ਜਾਂਦੇ ਹਨ।
ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਬਿਜਨੈਸ ਮੈਨਜਮੈਂਟ ਸ੍ਰੀ ਰਮਨਦੀਪ ਜੱਸਲ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਦੱਸਿਆ ਕਿ ਕਿਵੇਂ ਬਿਨਾਂ ਪੈਸੇ ਲਗਾਏ ਕੇਵਲ ਦਿਮਾਗ ਵਰਤ ਕੇ ਕਿਸਾਨ ਵਪਾਰੀ ਬਣ ਸਕਦਾ ਹੈ ਅਤੇ ਉਸਦਾ ਮੁਨਾਫਾ ਕਈ ਗੁਣਾ ਵੱਧ ਸਕਦਾ ਹੈ।ਉਨਾਂ ਇਸ ਲਈ ਹਰ ਤਰਾਂ ਦੀ ਸਿਖਲਾਈ ਅਤੇ ਗਾਈਡ ਲਾਈਨ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਭਰੋਸਾ ਦਿੱਤਾ ਕਿ ਉਹ ਇਸ ਦੋ ਦਿਨਾਂ ਕਿਸਾਨ, ਵਪਾਰੀ, ਸਨਅਤਕਾਰ ਅਤੇ ਵਿਗਿਆਨ ਗੋਸ਼ਟੀ ਵਿਚੋਂ ਨਿਕਲੇ ਸੁਝਾਅ ਸਰਕਾਰ ਤੱਕ ਪੁੱਜਦਾ ਕਰਕੇ ਇੰਨਾਂ ’ਤੇ ਅਮਲ ਕਰਵਾਉਣ ਲਈ ਅਗਲੀ ਰਣਨੀਤੀ ਤਿਆਰ ਕਰਨਗੇ।ਉਨਾਂ ਕਿਹਾ ਕਿ ਸਰਕਾਰ ਕੋਲ ਸਾਧਨਾਂ ਦੀ ਕਮੀ ਨਹੀਂ, ਬਸ ਲੋੜ ਹੈ ਕਿ ਸਾਧਨਾਂ ਦੀ ਸਹੀ ਢੰਗ ਅਤੇ ਸਹੀ ਸਮੇਂ ’ਤੇ ਵਰਤੋਂ ਕਰਨ ਦੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਖੇਤੀ ਵਿਗਿਆਨੀ ਡਾ. ਕੁਸ਼ਲਦੀਪ ਧਰਨੀ, ਮੁੱਖ ਖੇਤੀ ਅਧਿਕਾਰੀ ਡਾ. ਦਲਬੀਰ ਸਿੰਘ ਛੀਨਾ, ਡਾ. ਨਰਪਿੰਦਰ ਸਿੰਘ, ਪੰਜਾਬ ਐਗਰੋ ਦੇ ਮਾਰਕੀਟਿੰਗ ਮੁਖੀ ਭਵਨਦੀਪ ਸਿੰਘ ਸਿੱਧੂ, ਮਾਰਕਫੈਡ ਦੇ ਵਧੀਕ ਡਾਇਰੈਕਟਰ ਸ਼੍ਰੀ ਬਾਲ ਮੁਕੰਦ ਸ਼ਰਮਾ, ਪੰਜਾਬ ਮੰਡੀ ਬੋਰਡ ਦੇ ਜਨਰਲ ਮੈਨੇਜਰ ਜੀ.ਪੀ.ਐਸ ਰੰਧਾਵਾ, ਕਨਵੀਨਰ ਪੀ.ਐਚ.ਡੀ ਜੈਦੀਪ ਸਿੰਘ, ਅੰਮ੍ਰਿਤਸਰ ਹੈਡ ਜੇ.ਐਸ ਮੱਕੜ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media