
ਨਵੀਂ ਦਿੱਲੀ, 30 ਮਈ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਦਸਮੇਸ਼ ਦਰਬਾਰ ਸ਼ਾਸ਼ਤਰੀ ਨਗਰ ਦੀਆਂ ਚੋਣਾਂ ਜਿੱਤਣ ਵਾਲੀ ਟੀਮ ਦਾ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਪੁੱਜਣ ’ਤੇ ਭਰਵਾ ਸਵਾਗਤ ਕੀਤਾ ਗਿਆ।ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਸਾਬਕਾ ਮੈਂਬਰ ਸਤਪਾਲ ਸਿੰਘ ਨੇ ਜੇਤੂ ਪ੍ਰਧਾਨ ਰਜਿੰਦਰ ਪਾਲ ਸਿੰਘ, ਸਕੱਤਰ ਗਿਆਨੀ ਬਲਵਿੰਦਰ ਸਿੰਘ ਅਤੇ ਖਜਾਨਚੀ ਰਜਿੰਦਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਇਥੇ ਦੱਸ ਦੇਈਏ ਕਿ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੇ ਸਮੱਰਥਕ ਬੀਤੇ 4 ਸਾਲ ਤੋਂ ਉਕਤ ਗੁਰੂ ਘਰ ਦੀ ਸੇਵਾ ਸੰਭਾਲ ਰਹੇ ਸਨ।ਪਰ ਸੰਗਤਾਂ ਨੇ ਸਥਾਨਕ ਮੈਂਬਰ ਸ਼ੰਟੀ ਦੇ ਸਮਰਥਕਾਂ ਨੂੰ ਗੁਰੂ ਘਰ ਦੀ ਸੇਵਾ ਤੋਂ ਲਾਂਭੇ ਕਰ ਦਿੱਤਾ।ਜੇਤੂ ਟੀਮ ਨੂੰ ਵਧਾਈ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਉਸਾਰੂ ਕਾਰਜਾਂ ਤੋਂ ਸੰਗਤ ਭਲੀ ਪ੍ਰਕਾਰ ਜਾਣੂ ਹੈ।ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਨੂੰ ਚੋਣਾਂ ’ਚ ਜਿੱਤ ਪ੍ਰਾਪਤ ਹੁੰਦੀ ਹੈ।ਵਿਰੋਧੀਆਂ ਵਲੋਂ ਕਮੇਟੀ ਦੇ ਅਕਸ਼ ਨੂੰ ਖਰਾਬ ਕਰਨ ਦੀਆਂ ਲੱਖਾਂ ਚਾਲਾਂ ਚਲਣ ਦੇ ਬਾਵਜੂਦ ਪਾਰਟੀ ਦੀ ਦਿੱਲੀ ਸ਼ਹਿਰ ’ਚ ਹੋ ਰਹੀ ਚੜ੍ਹਦੀਕਲਾ ਦਾ ਸਿਹਰਾ ਜੀ.ਕੇ ਨੇ ਕਮੇਟੀ ਦੀ ਟੀਮ ਦੇ ਸਿਰ ਬੰਨਿਆ।ਹਿੱਤ ਨੇ ਸ਼ੰਟੀ ਦਾ ਬਿਨਾ ਨਾਂ ਲਏ ਉਸ `ਤੇ ਕਥਿਤ ਤੌਰ ’ਤੇ ਲੋੜਵੰਦਾਂ ਦਾ ਖੂਨ ਸੂਦਖੋਰੀ ਰਾਹੀਂ ਚੂਸਣ ਦਾ ਦੋਸ਼ ਲਗਾਇਆ।ਉਨਾਂ ਨੇ ਸ਼ੰਟੀ ਦੇ ਜਨਰਲ ਸਕੱਤਰ ਰਹਿੰਦੇ ਕੱਚੇ ਬਿਲਾਂ ’ਤੇ ਹੋਈ ਸ਼ਬਜ਼ੀ ਖਰੀਦ ’ਤੇ ਵੀ ਸਵਾਲੀਆ ਨਿਸ਼ਾਨ ਲਗਾਇਆ।
Punjab Post Daily Online Newspaper & Print Media