Sunday, April 5, 2026

ਧਾਰਮਿਕ ਅਸਥਾਨਾਂ ਦੇ ਲੰਗਰ ’ਤੇ ਜੀ.ਐਸ.ਟੀ ਵਾਪਸ ਲੈਣ ਦੇ ਫ਼ੈਸਲੇ ਦੀ ਛੀਨਾ ਵਲੋਂ ਸ਼ਲਾਘਾ

ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਲਈ ਤਿਆਰ ਹੁੰਦਾ ਹੈ ਲੰਗਰ

ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਰਾਜ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਸਮੂਹ ਧਾਰਮਿਕ ਅਸਥਾਨਾਂ ’ਚ ਸੰਗਤਾਂ ਲਈ ਵਰਤਾਏ ਜਾਂਦੇ ਲੰਗਰ ’ਤੇ ਜੀ.ਐਸ.ਟੀ ਸਬੰਧੀ ਲਏ ਗਏ ਹਾਂਪੱਖੀ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਅਹਿਮ ਅਤੇ ਮਹੱਤਵਪੂਰਨ ਨਿਰਣਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਤਦਾਦ ’ਚ ਸ਼ਰਧਾਲੂ ਲੰਗਰ ਛੱਕਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੂੰ ਇਸ ਫ਼ੈਸਲੇ ਨਾਲ ਜਿੱਥੇ ਆਰਥਿਕ ਤੌਰ ’ਤੇ ਫ਼ਾਇਦੇ ਹੋਵੇਗਾ, ਉਥੇ ਸ਼ਰਧਾਲੂਆਂ ਅਤੇ ਲੋੜਵੰਦਾਂ ਲਈ ਗੁਰੂ ਘਰ ’ਚ ਵਰਤਾਏ ਜਾਂਦੇ ਲੰਗਰ ਨਿਰਵਿਘਨ ਚਲਦੇ ਰਹਿਣਗੇ।ਉਨ੍ਹਾਂ ਕਿਹਾ ਕਿ ਭਾਰਤ ’ਚ ਲੋਕਾਂ ਦਾ ਧਾਰਮਿਕ ਅਸਥਾਨਾਂ ’ਚ ਅਥਾਹ ਵਿਸ਼ਵਾਸ਼ ਹੈ ਅਤੇ ਇਸ ਵਿਸ਼ਵਾਸ਼ ਨੂੰ ਬਰਕਰਾਰ ਰੱਖਣ ਲਈ ਉਕਤ ਫੈਸਲਾ ਮੋਦੀ ਸਰਕਾਰ ਵੱਲੋਂ ਚੁੱਕਿਆ ਗਿਆ ਇਕ ਬਹੁਤ ਮਹੱਤਵਪੂਰਨ ਕਦਮ ਹੈ।
ਛੀਨਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾਂ ਹੀ ਆਮ ਜਨਤਾ ਦੇ ਹੱਕਾਂ ’ਚ ਫ਼ੈਸਲੇ ਕੀਤੇ ਹਨ, ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਵੱਲੋਂ ਲੰਗਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਵਸਤੂਆਂ ’ਤੇ ਜੀ.ਐਸ.ਟੀ ਲਗਾਉਣ ’ਤੇ ਸਿਆਸਤ ਕੀਤੀ ਜਾ ਰਹੀ ਸੀ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਮੋਦੀ ਸਰਕਾਰ ਦੁਆਰਾ ਲਏ ਗਏ ਫੈਸਲੇ ਨੇ ਵਿਰੋਧੀ ਪਾਰਟੀ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਇਸ ਫੈਸਲੇ ਉਪਰੰਤ ਝੁਕੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਚਾਹੇ ਲੰਗਰ ’ਤੇ ਕਦੇ ਵੀ ਜੀ.ਐਸ.ਟੀ ਨਹੀਂ ਲਗਾਈ ਗਈ ਸੀ, ਪਰ ਅੱਜ ਲਏ ਇਸ ਫੈਸਲੇ ਉਪਰੰਤ ਲੰਗਰ ਤਿਆਰ ਕਰਨ ਦੌਰਾਨ ਜਰੂਰੀ ਵਸਤੂਆਂ ’ਤੇ ਇਸ ਟੈਕਸ ਦੀ ਭਰਪਾਈ ਲਈ ਕੇਂਦਰ ਸਰਕਾਰ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਨਾ ਸਿਰਫ਼ ਗੁਰਦੁਆਰਿਆਂ, ਸਗੋਂ ਮੰਦਿਰਾਂ ਤੇ ਮਸਜਿਦਾਂ ਜਿਨ੍ਹਾਂ ’ਚ ਸੰਗਤਾਂ ਲਈ ਲੰਗਰ ਮੁਫ਼ਤ ਚਲਾਏ ਜਾਂਦੇ ਹਨ, ਲਈ ਵੀ ਇਸ ਤਰ੍ਹਾਂ ਦੇ ਫ਼ੈਸਲੇ ਲੈਣੇ ਚਾਹੀਦੇ ਹਨ।ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਖਾਸ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਗੁਰੂਆਂ, ਦੇਵੀ-ਦੇਵਤਿਆਂ ਅਤੇ ਪੀਰ-ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਅਤੇ ਧਾਰਮਿਕ ਅਸਥਾਨਾਂ ਨੂੰ ਇਸ ਤਰ੍ਹਾਂ ਦੀਆਂ ਸਹਾਇਤਾ ਪ੍ਰਦਾਨ ਕਰਨੀਆਂ ਕਿਸੇ ਵੀ ਸਰਕਾਰ ਲਈ ਫ਼ਖਰ ਤੋਂ ਘੱਟ ਨਹੀਂ ਹੈ।  

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply