Thursday, April 30, 2026

ਪ੍ਰਸ਼ਾਸਨ ਵੱਲੋਂ ਟੈਕਸੀ ਡਰਾਈਵਰਾਂ ਲਈ 10 ਰੋਜ਼ਾ ਵਰਕਸ਼ਾਪ 4 ਜੂਨ ਤੋਂ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਅੰਮਿ੍ਰਤਸਰ ਸ਼ਹਿਰ ਵਿਚ ਟੈਕਸੀ ਚਲਾਉਣ ਵਾਲੇ ਡਰਾਈਵਰਾਂ ਨੂੰ ਸਮੇਂ ਦੇ ਹਾਣੀ ਬਨਾਉਣ, ਜਿਸ ਵਿਚ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇ ਨਾਲ-ਨਾਲ ਗਾਹਕਾਂ ਨਾਲ ਗੱਲਬਾਤ ਕਰਨ ਦਾ ਅੰਦਾਜ਼, ਗੱਲਬਾਤ ਲਈ ਲੋੜੀਂਦੀ ਅੰਗਰੇਜ਼ੀ ਦੀ ਲੋੜ, ਮੁੱਢਲੀ ਡਾਕਟਰੀ ਸਹਾਇਤਾ, ਵਿਹਾਰ ਸਬੰਧੀ ਗੁਰ ਆਦਿ ਸ਼ਾਮਿਲ ਹਨ, ਦੇਣ ਲਈ 10 ਦਿਨਾਂ ਦੀ ਵਰਕਸ਼ਾਪ ਲਗਾਈ ਜਾ ਰਹੀ ਹੈ।ਇਹ ਜਾਣਕਾਰੀ ਦਿੰਦੇ ਸਹਾਇਕ ਕਮਿਸ਼ਨਰ ਕੁਲਦੀਪ ਬਾਵਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਚਾਹੁੰਦੇ ਹਨ ਕਿ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ’ਤੇ ਸ਼ਹਿਰ ਬਾਰੇ ਚੰਗਾ ਪ੍ਰਭਾਵ ਪਵੇ ਅਤੇ ਉਹ ਅੱਗੋਂ ਜਾ ਕੇ ਆਪਣੀ ਸਾਥੀਆਂ ਨਾਲ ਸ਼ਹਿਰ ਦੇ ਚੰਗੇ ਤਜ਼ਰਬੇ ਸਾਂਝੇ ਕਰੇ, ਜਿਸ ਨਾਲ ਸ਼ਹਿਰ ਦੀ ਸੈਰ ਸਪਾਟਾ ਸਨਅਤ ਦਾ ਹੋਰ ਵਿਕਾਸ ਹੋਵੇ। ਉਨਾਂ ਦੱਸਿਆ ਕਿ ਇਸ ਮਿਸ਼ਨ ਨੂੰ ‘ਮਹਿਮਾਨ ਦਾ ਸਨਮਾਨ-ਪੰਜਾਬ ਦੀ ਪਹਿਚਾਣ’ ਦਾ ਨਾਅਰਾ ਦਿੱਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਲੋੜ ਨੂੰ ਮੁੱਖ ਰੱਖਦੇ ਹੋਏ ਉਨਾਂ ਪਹਿਲੇ ਪੜਾਅ ਵਿਚ ਟੈਕਸੀ ਡਰਾਈਵਰਾਂ ਨੂੰ ਸਮੇਂ ਦੇ ਹਾਣੀ ਬਨਾਉਣ ਦਾ ਟੀਚਾ ਮਿੱਥਿਆ ਹੈ, ਕਿਉਂਕਿ ਸ਼ਹਿਰ ਪਹੁੰਚਣ ਵਾਲੇ ਸੈਲਾਨੀ ਦਾ ਪਹਿਲਾ ਵਾਹ ਟੈਕਸੀ ਡਰਾਈਵਰ ਨਾਲ ਹੀ ਪੈਂਦਾ ਹੈ।ਉਹ ਹੀ ਉਸ ਨਾਲ ਮੁੱਢਲੀ ਗੱਲਬਾਤ ਕਰਦਾ ਹੈ ਅਤੇ ਸ਼ਹਿਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਾ ਹੈ।ਬਾਵਾ ਨੇ ਦੱਸਿਆ ਕਿ ਇਸ ਤਹਿਤ ਟੈਕਸੀ ਡਰਾਈਵਰਾਂ ਨੂੰ ਵੱਖ-ਵੱਖ ਤਰਾਂ ਦੀ ਸਿੱਖਿਆ ਦੇਣ ਲਈ ਇਹ ਵਰਕਸ਼ਾਪ 4 ਜੂਨ ਤੋਂ 10 ਦਿਨਾਂ ਲਈ ਲਗਾਈ ਜਾ ਰਹੀ ਹੈ, ਜਿਸ ਵਿਚ ਓਲਾ, ਉਬੇਰ ਦੇ ਨਾਲ-ਨਾਲ ਸਥਾਨਕ ਟੈਕਸੀ ਡਰਾਈਵਰਾਂ ਦੀ ਹਰ ਰੋਜ਼ 3 ਘੰਟੇ ਕਲਾਸ ਲਗਾਈ ਜਾਵੇਗੀ।ਇਸ ਕਲਾਸ ਨੂੰ ਟ੍ਰੈਫਿਕ ਪੁਲਿਸ, ਸੈਰ-ਸਪਾਟਾ ਵਿਭਾਗ, ਮੈਡੀਕਲ ਵਿਭਾਗ, ਸਕਿਲ ਡਿਵਲਪਮੈਂਟ ਕੇਂਦਰ ਦੇ ਟਰੇਨਰ ਆਪਣੇ-ਆਪਣੇ ਵਿਸ਼ੇ ਵਿਚ ਜ਼ਰੂਰੀ ਗੁਰ ਦੇਣਗੇ, ਜੋ ਕਿ ਉਨਾਂ ਦੇ ਜਿੰਦਗੀ ਭਰ ਕੰਮ ਆਉਣਗੇ।ਉਨਾਂ ਦੱਸਿਆ ਕਿ ਇਹ ਵਰਕਸ਼ਾਪ ਬਹੁ-ਮੰਤਵੀ ਹੁਨਰ ਵਿਕਾਸ ਕੇਂਦਰ, ਕਬੀਰ ਪਾਰਕ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ।ਬਾਵਾ ਨੇ ਦੱਸਿਆ ਕਿ ਵਕਸ਼ਾਪ ਵਿਚ ਹਿੱਸਾ ਲੈਣ ਵਾਲੇ ਸਾਰੇ ਡਰਾਈਵਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਟੀਫਿਕੇਟ ਵੀ ਦਿੱਤੇ ਜਾਣਗੇ, ਜੋ ਕਿ ਉਨਾਂ ਨੂੰ ਭਵਿੱਖ ਵਿਚ ਵੀ ਸਹਾਈ ਹੋਣਗੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply