ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਨੂੰ ਸ਼ਰਧਾ ਤੇ ਸਤਿਕਾਰ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ 6 ਜੂਨ ਨੂੰ ਹੋਣ ਵਾਲੇ ਸ਼ਹੀਦੀ ਸਮਾਗਮ ਮੌਕੇ ਸੰਜ਼ੀਦਗੀ ਦਾ ਪ੍ਰਗਟਾਵਾ ਕੀਤਾ ਜਾਵੇ।ਜਾਰੀ ਇੱਕ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਇਸ ਅਤਿ ਭਾਵੁਕ ਦਿਹਾੜੇ ਮੌਕੇ ਕੌਮੀ ਮੰਥਨ ਕਰਨਾ ਜ਼ਰੂਰੀ ਹੈ ਤਾਂ ਜੋ ਸਿੱਖ ਕੌਮ ਦਰਪੇਸ਼ ਚੁਣੌਤੀਆਂ ਰਲ ਮਿਲ ਕੇ ਮੁਕਾਬਲਾ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਤੇ ਭਾਵਨਾਤਮਿਕ ਸਮੇਂ `ਤੇ ਸਮੁੱਚੇ ਸਿੱਖ ਜਗਤ ਦੀ ਇਹ ਜ਼ੁੰਮੇਵਾਰੀ ਹੈ ਕਿ ਕਿਸੇ ਵੀ ਤਰ੍ਹਾਂ ਅਜਿਹੇ ਮਾਹੌਲ ਨੂੰ ਪੈਦਾ ਨਾ ਹੋਣ ਦਿੱਤਾ ਜਾਵੇ ਜਿਸ ਨਾਲ ਕੌਮ ਦਾ ਦੇਸ਼ ਦੁਨੀਆ ਵਿਚ ਅਕਸ ਵਿਗੜੇ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ’ਤੇ ਭੜਕਾਹਟ ਪੈਦਾ ਹੋਣ ਨਾਲ ਸਿੱਖਾਂ ਨੂੰ ਵਿਸ਼ਵ ਪੱਧਰੀ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ, ਇਸ ਲਈ ਸਾਡੀਆਂ ਕੋਸ਼ਿਸ਼ਾਂ ਸਿੱਖਾਂ ਦੇ ਵਿਸ਼ਵੀ ਸਰੋਕਾਰਾਂ ਦੀ ਤਰਜ਼ਮਾਨੀ ਵਾਲ਼ੀਆਂ ਹੋਣੀਆਂ ਚਾਹੀਦੀਆਂ ਹਨ।ਲੌਂਗੋਵਾਲ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਨੂੰ 6 ਜੂਨ ਦੇ ਸ਼ਹੀਦੀ ਸਮਾਗਮ ਮੌਕੇ ਸਹਿਯੋਗ ਦੇਣ ਲਈ ਅਪੀਲ ਕਰਦਿਆਂ ਕਿਹਾ ਕਿ ਸ਼ਹੀਦ ਸਾਰੀ ਕੌਮ ਦੇ ਸਾਂਝੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਸਮੇਂ ਕੌਮੀ ਇਕਜੁਟਤਾ ਬਣੀ ਰਹਿਣੀ ਚਾਹੀਦੀ ਹੈ।ਇਸ ਦੇ ਨਾਲ ਹੀ ਉਨਾਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ 6 ਜੂਨ ਨੂੰ ਗੁਰੂ ਘਰਾਂ ਵਿੱਚ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੀ ਅਮਨ ਸ਼ਾਂਤੀ ਬਣਾਈ ਰੱਖਣ ਲਈ ਮੁੱਖ ਮੰਤਰੀ ਤੇ ਪੁਲਿਸ ਪ੍ਰਸ਼ਾਸਨ ਨੂੰ ਮਾਹੌਲ ਖ਼ਰਾਬ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਸ਼ਾਂਤੀ ਵਿਵਸਥਾ ਹਰ ਤਰ੍ਹਾਂ ਕਾਇਮ ਰੱਖੀ ਜਾਵੇ ਅਤੇ ਮਾਹੌਲ ਨੂੰ ਤਲਖ਼ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਮਨਸੂਬਿਆਂ ਵਿਚ ਕਾਮਯਾਬ ਨਾ ਹੋਣ ਦਿੱਤਾ ਜਾਵੇ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media