Friday, April 10, 2026

ਸਨਅਤ ਤੇ ਵਣਜ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਪਿੰਗਲਵਾੜਾ ਅਤੇ ਦੁਰਗਿਆਨਾ ਮੰਦਰ ਵੀ ਗਏ ਸੁੰਦਰ ਸ਼ਾਮ ਅਰੋੜਾ

PPN2706201812ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਸਨਅਤ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ, ਜੋ ਕਿ ਕੈਬਨਿਟ ਮੰਤਰੀ ਬਣਨ ਮਗਰੋਂ ਅੰਮ੍ਰਿਤਸਰ ਆਏ ਸਨ, ਨੇ ਅੱਜ ਅੰਮ੍ਰਿਤਸਰ ਸ਼ਹਿਰ ਦਾ ਆਪਣਾ ਦੌਰਾ ਭਗਤ ਪੂਰਨ ਸਿੰਘ ਜੀ ਦੇ ਪਿੰਗਲਵਾੜੇ ਤੋਂ ਸ਼ੁਰੂ ਕੀਤਾ।ਇਸ ਦੌਰਾਨ ਡਾ. ਇੰਦਰਜੀਤ ਕੌਰ ਨੇ ਉਨਾਂ ਦਾ ਸਵਾਗਤ ਕੀਤਾ ਅਤੇ ਭਗਤ ਜੀ ਦੇ ਜੀਵਨ ਦੀਆਂ ਯਾਦਾਂ ਅਜਾਇਬ ਘਰ ਵਿਚ ਵਿਖਾਈਆਂ।ਅਰੋੜਾ ਨੇ ਪਿੰਗਲਵਾੜੇ ਵਿੱਚ ਚੱਲਦੇ ਮਸਨੂਈ ਅੰਗ ਕੇਂਦਰ, ਅਨਾਥ ਤੇ ਬੇਸਹਾਰਾ ਬੱਚਿਆਂ ਦੇ ਆਸ਼ਰਮ ਤੇ ਸਕੂਲ ਆਦਿ ਨੂੰ ਗਹੁ ਨਾਲ ਵੇਖਿਆ।ਉਨਾਂ ਇਸ ਮੌਕੇ ਭਗਤ ਪੂਰਨ ਸਿੰਘ ਵੱਲੋਂ ਸ਼ੁਰੂ ਕੀਤੀ ਗਈ।ਇਸ ਸੰਸਥਾ ਵੱਲੋਂ ਸਮਾਜ ਦੇ ਲੋੜਵੰਦ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਰੱਜਵੀਂ ਸਰਾਹਨਾ ਕੀਤੀ ਅਤੇ ਕਿਹਾ ਕਿ ਇੱਥੇ ਆ ਕੇ ਉਨਾਂ ਨੂੰ ਵੱਖਰੀ ਦੁਨੀਆਂ ਦਾ ਅਹਿਸਾਸ ਹੋਇਆ ਹੈ, ਜੋ ਕਿ ਬਿਨਾਂ ਕਿਸੇ ਲਾਲਚ ਦੇ ਦਿਨ-ਰਾਤ ਸੇਵਾ ਵਿਚ ਜੁਟੇ ਹੋਏ ਲੋਕਾਂ ਦੀ ਬਦੌਲਤ ਹੈ।ਉਨਾਂ ਸੰਸਥਾ ਦੀ ਵਿਜ਼ਟਰ ਬੁੱਕ ਵਿਚ ਲਿਖਿਆ ਕਿ ਉਹ ਸਮਝਦੇ ਹਨ ਕਿ ਪ੍ਰਮਾਤਮਾ ਇੰਨਾ ਲੋਕਾਂ ਵਿਚ ਵੱਸਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਥੇ ਆ ਕੇ ਤਨ-ਮਨ ਤੇ ਧਨ ਨਾਲ ਸੇਵਾ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਕਠੋਰ ਤੋਂ ਕਠੋਰ ਦਿਲ ਵੀ ਪਿੰਗਲਵਾੜੇ ਆ ਕੇ ਚੰਗਾ ਇਨਸਾਨ ਬਣ ਜਾਂਦਾ ਹੈ।ਉਨਾਂ ਬੀਬੀ ਜੀ ਦੇ ਸਟਾਫ ਦੀ ਭਰਵੀਂ ਸਰਾਹਨਾ ਕੀਤੀ।ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਕਾਰਜਕਾਰੀ ਮੈਜਿਸਟਰੇਟ ਸ਼ਿਵਰਾਜ ਸਿੰਘ ਬੱਲ ਵੀ ਹਾਜ਼ਰ ਸਨ।

ਇਸ ਮਗਰੋਂ ਉਹ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲੈਣ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ, ਜਿੱਥੇ ਉਨਾਂ ਪੰਜਾਬ ਦੀ ਖੁਸ਼ਹਾਲੀ ਤੇ ਅਮਨ-ਸਾਂਤੀ ਲਈ ਅਰਦਾਸ ਕੀਤੀ।ਇਥੇ ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨਾਂ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ।ਇਸ ਉਪਰੰਤ ਉਨਾਂ ਸ੍ਰੀ ਦੁਰਗਿਆਨਾ ਮੰਦਰ ਵਿਖੇ ਮੱਥਾ ਵੀ ਟੇਕਿਆ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply