ਵੇਰਕਾ ਵਿਖੇ ਚੱਲ ਰਹੇ ਲੜਕੀਆਂ ਦੇ ਸਕੂਲ ਨੂੰ ਬਣਾਇਆ ਜਾਵੇਗਾ ਮਾਡਲ ਸਕੂਲ – ਔਜਲਾ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਡਿਵੈੱਲਪਮੈਂਟ ਕੋਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਹੋਈ।ਮੀਟਿੰਗ ਦੌਰਾਨ ਜ਼ਿਲੇ ਵਿੱਚ ਐਮ.ਪੀ ਲੈਂਡ ਫੰਡਾਂ ਅਤੇ ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।ਡਿਪਟੀ ਕਮਿਸ਼ਨਰ ੍ਰ ਕਮਲਦੀਪ ਸਿੰਘ ਸੰਘਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਵਿੰਦਰ ਸਿੰਘ, ਅਮਰੀਕ ਸਿੰਘ ਪਵਾਰ, ਡਿਪਟੀ ਕਮਿਸ਼ਨਰ ਪੁਲਿਸ, ਜਾਇੰਟ ਕਮਿਸ਼ਨਰ ਨਗਰ ਨਿਗਮ ਸ੍ਰੀ ਸੌਰਭ ਅਰੋੜਾ, ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ, ਜ਼ਿਲਾ ਸਮਾਜਿਕ ਅਤ ਸੁਰੱਖਿਆ ਅਫ਼ਸਰ ਨਰਿੰਦਰਜੀਤ ਸਿੰਘ ਪਨੂੰ, ਮੁੱਖ ਖੇਤੀਬੜੀ ਅਫਸਰ ਦਲਬੀਰ ਸਿੰਘ ਛੀਨਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਔਜਲਾ ਨੇ ਦੱਸਿਆ ਕਿ ਵੇਰਕਾ ਵਿਖੇ ਚੱਲ ਰਹੇ ਲੜਕੀਆਂ ਦੇ ਸਕੂਲ ਨੂੰ ਮਾਡਲ ਸਕੂਲ ਵਜੋਂ ਵਿਕਸਤ ਕੀਤਾ ਜਾਵੇਗਾ।ਇਸ ਲਈ ਇਸ ਸਕੂਲ ਨੂੰ ਐਮ:ਪੀ:ਫੰਡ ਵਿਚੋਂ 10 ਲੱਖ ਰੁਪਏ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਇਸ ਸਕੂਲ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬੇਹਤਰ ਬਣਾਇਆ ਜਾਵੇਗਾ।ਔਜਲਾ ਨੇ ਦੱਸਿਆ ਕਿ ਉਨ੍ਹਾਂ ਨੇ ਜਿਲੇ੍ਹ ਦੇ 33 ਪ੍ਰਾਇਮਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਲਗਭਗ 1 ਕਰੋੜ 25 ਲੱਖ ਰੁਪਏ ਜਾਰੀ ਕੀਤੇ ਹਨ।
ਲੋਕ ਸਭਾ ਮੈਂਬਰ ਨੇ ਮੀਟਿੰਗ ਵਿੱਚ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਫੁੱਟਪਾਥਾਂ ਤੋਂ ਨਜਾਇਜ ਕਬਜੇ ਹਟਾਏ ਜਾਣ ਅਤੇ ਉਨ੍ਹਾਂ ਨੂੰ ਸਾਫ ਸੁਥਰਾ ਬਣਾਇਆ ਜਾਵੇ। ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੀਆਂ 85 ਵਾਰਡਾਂ ਦੇ ਕੌਂਸਲਰਾਂ ਨੂੰ ਨਾਲ ਲੈ ਕੇ ਹਰੇਕ ਵਾਰਡ ਦੀ ਸਫਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜਿਥੇ ਵੀ ਉਨ੍ਹਾਂ ਦਾ ਕੰਮ ਚੱਲ ਰਿਹਾ ਹੈ ਉਹ ਉਥੇ ਮਜਦੂਰਾਂ ਲਈ ਆਰਜੀ ਪਾਖਾਨੇ ਜਰੂਰ ਬਣਾਉਣ।ਉਨ੍ਹ੍ਾਂ ਨੇ ਖੇਤੀਬਾੜੀ ਅਧਿਕਾਰੀ ਨੂੰ ਵੀ ਕਿਹਾ ਕਿ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਲਗਾਉਣ ਲਈ ਬਾਹਰੋਂ ਜਿਹੜੇ ਪ੍ਰਵਾਸੀ ਮਜਦੂਰ ਆ ਰਹੇ ਹਨ ਉਹ ਕਿਸਾਨਾਂ ਨੂੰ ਕਹਿ ਕੇ ਉਨ੍ਹਾਂ ਦੇ ਵੀ ਅਸਥਾਈ ਰੂਪ ਵਿੱਚ ਪਾਖਾਨੇ ਬਣਾਉਣ।
ਮੀਟਿੰਗ ਦੌਰਾਨ ਔਜਲਾ ਨੇ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਮਗਨਰੇਗਾ, ਨੈਸ਼ਨਲ ਰੂਰਲ ਅਰਬਨ ਮਿਸ਼ਨ, ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ, ਐਮ.ਪੀ ਲੈਂਡ ਸਕੀਮ ਅਤੇ ਬਾਰਡਰ ਏਰੀਆ ਡਿਵੈਲਪਮੈਂਟ ਸਕੀਮ, ਦੀਨ ਦਿਆਲ ਅਨਤੋਦਿਆ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਨੈਸ਼ਨਲ ਸੋਸ਼ਲ ਅਸਿਸਮੈਂਟ ਪ੍ਰੋਗਰਾਮ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਅਰਬਨ ਤੇ ਗ੍ਰਾਮੀਣ, ਸਵੱਛ ਭਾਰਤ ਮਿਸ਼ਨ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਡਿਜੀਟਲ ਇੰਡੀਆ ਲੈਂਡ ਰਿਕਾਰਡ ਮੌਡਰਨ ਰਾਈਜਸ਼ਨ ਪ੍ਰੋਗਰਾਮ, ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਨੈਸ਼ਨਲ ਹੈਲਥ ਮਿਸ਼ਨ, ਸਰਵ ਸਿਖਆ ਅਭਿਆਨ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਕੌਂਸ਼ਲ ਵਿਕਾਸ ਯੋਜਨਾ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਨਾਂ ਯੋਜਨਾਵਾਂ ਤਹਿਤ ਕਰਵਾਏ ਗਏ ਕੰਮਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ।
ਔਜਲਾ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਹਰ ਕੰਮਾਂ ਦਾ ਥਰਡ ਪਾਰਟੀ ਤੋਂ ਆਡਿਟ ਜਰੂਰ ਕਰਾਉਣ।ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਸਿਵਲ ਸਰਜਨ ਨੂੰ ਕਿਹਾ ਕਿ ਸਲੱਮ ਏਰੀਆ ਵਿੱਚ ਮੱਛਰ ਦੀ ਦਵਾਈ ਦਾ ਛਿੜਕਾਓ ਵੀ ਕਰਵਾਇਆ ਜਾਵੇ।ਉਨ੍ਹਾਂ ਨੇ ਮੀਟਿੰਗ ਵਿੱਚ ਹਾਜਰ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਵੱਧ ਰਹੀ ਸਨੈਚਿੰਗ ਦੀਆਂ ਘਟਨਾਵਾਂ ਤੇ ਸਖਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿੱਚ ਸਨੈਚਿੰਗ ਦੀ ਵਾਰਦਾਤ ਹੁੰਦੀ ਹੈ।ਉਸ ਏਰੀਏ ਦੇ ਐਸ.ਐਚ.ਓ ਦੀ ਜਿੰਮੇਵਾਰੀ ਨਿਸ਼ਚਿਤ ਕੀਤੀ ਜਾਵੇ।ਔਜਲਾ ਨੇ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡ ਵਿੱਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਠੀਕ ਕੀਤਾ ਜਾਵੇ ਅਤੇ ਬਾਰਡਰ ਏਰੀਆ ਦੇ ਕਿਸਾਨਾਂ ਨੂੰ ਝੋਨੇ ਲਈ ਸਵੇਰੇ ਸਮੇਂ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਉਨਾਂ ਨੂੰ ਬਾਰਡਰ ਤੇ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਆ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ੍ਰ ਕਮਲਦੀਪ ਸਿੰਘ ਸੰਘਾ ਨੇ ਸ੍ਰ ਔਜਲਾ ਨੂੰ ਵਿਸ਼ਵਾਸ਼ ਦਿਵਾਇਆ ਕਿ ਜੋ ਵੀ ਕਮੀਆਂ ਰਹਿ ਗਈਆਂ ਹਨ ਨੂੰ ਦੂਰ ਕੀਤਾ ਜਾਵੇਗਾ। ਇਸ ਮੌਕੇ ਮੈਂਬਰ ਪਾਰਲੀਮੈਂਟ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਈ ਗਈ ਹੈ।
ਮੀਟਿੰਗ ਦੌਰਾਨ ਸ੍ਰ ਔਜਲਾ ਨੇ ਅੰਮਿ੍ਰਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਨਾ ਕਰਨ ਕਿਉਂਕਿ ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਸਵੀਰੇਜ ਜਾਮ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ।
Punjab Post Daily Online Newspaper & Print Media