ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵਲੋਂ ਨਸ਼ਾ ਕਰਨ ਵਾਲੇ ਨੌਜੁਆਨਾਂ ਦੀ ਨਸ਼ਾ
ਛੱਡਣ ਵਿੱਚ ਸਹਾਇਤਾ ਕਰਦਿਆਂ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣ ਦੇ ਮਕਸਦ ਨਾਲ ਸਿਵਲ ਸਰਜਨ ਡਾ: ਹਰਦੀਪ ਸਿੰਘ ਨਾਲ ਪਿੰਡ ਗੁਮਟਾਲਾ ਤੋਂ ਨਸ਼ਿਆਂ ਖਿਲਾਫ ਮੁਹਿੰਮ ਦਾ ਆਗਾਜ਼ ਕਰਦਿਆਂ 7 ਨਸ਼ੇੜੀ ਨੌਜੁਆਨਾਂ ਨੂੰ ਪ੍ਰੇਰ ਕੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿਖੇ ਦਾਖਿਲ ਕਰਵਾਇਆ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਕਰਕੇ ਨਸ਼ਿਆਂ ਦੇ ਦਰਿਆ ਵਿੱਚ ਉਤਰੇ 15 ਨੌਜੁਆਨਾਂ ਦੇ ਪਰਿਵਾਰਾਂ ਨਾਲ ਉਨਾਂ ਨੇ ਮੁਲਾਕਾਤ ਕਰਦਿਆਂ ਨੌਜੁਆਨਾਂ ਨੂੰ ਨਸ਼ਿਆਂ ਦੇ ਤਿਆਗ ਦਾ ਸੱਦਾ ਦਿੰਦਿਆਂ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ ਸੀ। ਜਿਸ `ਤੇ ਮੁਹਿੰਮ ਦੇ ਪਹਿਲੇ ਪੜਾਅ ਵਿੱਚ 4 ਨੌਜੁਆਨ ਗੁੰਮਟਾਲਾ ਅਤੇ 3 ਨੌਜੁਆਨ ਕਿਰਨ ਕਲੋਨੀ ਦੇ ਰਹਿਣ ਵਾਲੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਿਲ ਹੋਣ ਲਈ ਰਾਜੀ ਹੋ ਗਏ।ਜਦਕਿ ਕਈ ਨਸ਼ੇੜੀ ਨੌਜੁਆਨ ਇਲਾਜ ਕਰਵਾਉਣ ਤੋਂ ਜਿਆਦਾ ਗ੍ਰਿਫਤਾਰੀ ਦੇ ਡਰ ਕਾਰਨ ਘਰੋਂ ਭੱਜ ਗਏ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮੁਹਿੰਮ ਨੂੰ ਜ਼ਿਲ੍ਹਾ ਪੱਧਰ `ਤੇ ਫੈਲਾ ਕੇ ਨਸ਼ੇੜੀ ਨੌਜੁਆਨਾਂ ਨੂੰ ਪ੍ਰੇਰ ਕੇ ਨਸ਼ਾ ਛੱਡਣ ਵਿੱਚ ਸਹਾਇਤਾ ਕੀਤੀ ਜਾਵੇਗੀ।ਔਜਲਾ ਨੇ ਦੱਸਿਆ ਕਿ ਜਿਆਦਾਤਰ ਨੌਜੁਆਨਾਂ ਦੇ ਪਰਿਵਾਰ ਉਨ੍ਹਾਂ ਦਾ ਇਲਾਜ ਨਹੀਂ ਕਰਵਾ ਸਕਦੇ, ਜਿਸ ਕਾਰਨ ਉਨ੍ਹਾਂ ਵਿੱਚ ਨਸ਼ੇ ਛੱਡਣ ਦੀ ਜਗ੍ਹਾ ਹੋਰ ਨਸ਼ਾ ਕਰਨ ਦੀ ਆਦਤ ਵਧਦੀ ਜਾਂਦੀ ਹੈ।ਔਜਲਾ ਨੇ ਦਾਅਵਾ ਕੀਤਾ ਕਿ ਸਰਕਾਰ ਵਲੋਂ ਨਸ਼ਿਆਂ ਖਿਲਾਫ ਕੀਤੀ ਸਖਤੀ ਕਾਰਨ ਨਸ਼ੀਲੇ ਪਦਾਰਥਾਂ ਦੀ ਸਪਲਾਈ ਟੁੱਟ ਜਾਣ ਕਾਰਨ ਨੌਜੁਆਨ ਨਸ਼ਿਆਂ ਦੀ ਥਾਂ `ਤੇ ਕੈਮੀਕਲ ਦੇ ਓਵਰਡੋਜ਼ ਨਸ਼ੇ ਕਾਰਨ ਮਰ ਰਹੇ ਹਨ, ਜਦਕਿ ਵਿਰੋਧੀ ਪਾਰਟੀਆਂ ਇਸ `ਤੇ ਸਰਕਾਰ ਨੂੰ ਕੋਸਣ ਵਿੱਚ ਸਿਰਫ ਰਾਜਨੀਤੀ ਹੀ ਕਰ ਰਹੀਆਂ ਹਨ।
ਔਜਲਾ ਨੇ ਕਿਹਾ ਕਿ ਉਨ੍ਹਾਂ ਵਲੋਂ ਚਲਾਈ ਗਈ ਇਸ ਮੁਹਿੰਮ ਦਾ ਇਕਮਾਤਰ ਉਦੇਸ਼ ਨਸ਼ਾ ਕਰਦੇ ਨੌਜੁਆਨਾਂ ਦਾ ਇਲਾਜ ਕਰਨ ਅਤੇ ਉਨ੍ਹਾਂ ਦੇ ਕਾਰੋਬਾਰ ਲਈ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਨਾ ਹੈ।ਇਸ ਤੋਂ ਬਾਅਦ ਦੇ ਪੜਾਅ ਵਿੱਚ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਵਪਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣਾ ਹੋਵੇਗਾ, ਜਿਸ ਲਈ ਉਨ੍ਹਾਂ ਵਲੋਂ ਪੁਲਿਸ ਦੀ ਸਹਾਇਤਾ ਲਈ ਸਟਿੰਗ ਅਪ੍ਰੇਸ਼ਨ ਕਰਨ ਵਾਲੀ ਟੀਮ ਦਾ ਗਠਨ ਵੀ ਕੀਤਾ ਗਿਆ ਹੈ।ਔਜਲਾ ਨੇ ਇਸ ਮੌਕੇ ਸਮੂਹ ਪੰਜਾਬ ਵਾਸੀਆਂ ਨੂੰ ਭਾਵਪੂਰਨ ਅਪੀਲ ਕਰਦਿਆਂ ਕਿਹਾ ਕਿ ਇਕੱਲਾ ਵਿਅਕਤੀ ਜਾਂ ਇਕੱਲੀ ਸਰਕਾਰ ਪਿਛਲੀ ਸਰਕਾਰ ਦੇ ਪਿਛਲੇ 10 ਸਾਲ ਦੇ ਗੁੰਡਾਰਾਜ ਕਾਰਨ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਖਿਲਾਫ ਜੰਗ ਨਹੀਂ ਜਿੱਤ ਸਕਦੀ, ਜਦਕਿ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਵਲੋਂ ਕਾਫੀ ਹੱਦ ਤੱਕ ਕੰਟਰੋਲ ਕੀਤਾ ਗਿਆ ਹੈ।ਇਸ ਲਈ ਸਮੂਹ ਪੰਜਾਬ ਵਾਸੀਆਂ, ਮਾਪਿਆਂ, ਪੁਲਿਸ, ਗੈਰ ਸਰਕਾਰੀ ਸੰਗਠਨਾਂ ਤੇ ਪੰਜਾਬ ਦੀ ਜਵਾਨੀ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਲੋਕਾਂ ਦੀ ਇਕਜੁੱਟਤਾ ਹੀ ਪੰਜਾਬ ਦੀ ਜਵਾਨੀ ਨੂੰ ਬਚਾਅ ਸਕਦੀ ਹੈ।ਔਜਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਗਠਿਤ ਟੀਮ ਸ਼ੱਕੀ ਗਤੀਵਿਧੀਆਂ ਨੂੰ ਰੋਕਣ ਲਈ ਨਸ਼ਾ ਛੁਡਾਊ ਕੇਂਦਰਾਂ `ਤੇ ਖਾਸ ਨਜਰ ਰੱਖੇਗੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media