ਬਠਿੰਡਾ, 1 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਅੰਦਰ ਪਿਛਲੇ ਕੁੱਝ ਦਿਨ੍ਹਾਂ ਵਿੱਚ ਚਿੱਟੇ ਦੇ ਨਸ਼ੇ ਕਾਰਣ ਨੌਜਵਾਨ ਮੌਤ ਦੇ ਗਲੇ ਲੱਗ ਚੁੱਕੇ ਹਨ
ਅਤੇ ਕਈ ਮਾਵਾਂ ਦੇ ਨੌਜਵਾਨ ਪੁੱਤਰ ਚਿੱਟੇ ਦੀ ਦਲ ਦਲ ‘ਚ ਫਸੇ ਹੋਏ ਹਨ।ਪੰਜਾਬ ਵਿੱਚ ਚਿੱਟੇ ਦਾ ਪ੍ਰਕੋਪ ਪੂਰੇ ਜ਼ੋਰਾਂ `ਤੇ ਹੈ।ਇਸ ਸਬੰਧ ਵਿੱਚ ਅੱਜ ਬਰਦਰਹੁੱਡ ਗਰੁੱਪ ਵੱਲੋਂ ਚਿੱਟੇ ਦੇ ਖਿਲਾਫ ਇੱਕ ਰੋਸ ਮਾਰਚ ਕੀਤਾ ਗਿਆ ਅਤੇ ਹੱਥਾਂ ਵਿੱਚ ਨਸ਼ੇ ਸਬੰਧੀ ਸਲੋਗਨ ਲੈ ਕੇ ਸਰਕਾਰਾਂ ਖਿਲਾਫ ਨਾਅਰੇ ਲਗਾਏ ਗਏ।ਇਹ ਮਾਰਚ ਮਦੀਰ ਤੋਂ ਚੱਲ ਕੇ ਕੋਟਭਾਈ, ਵਿਰਕ, ਛੱਤੇਆਣਾ, ਬਠਿੰਡਾ ਵਿੱਚ ਵੱਖ ਵੱਖ ਗਲੀਆਂ ਮੁਹੱਲਿਆਂ ਅਤੇ ਬਜਾਰਾਂ ਵਿਚੋਂ ਦੀ ਹੁੰਦਾ ਹੋਇਆ ਅਜੀਤ ਰੋਡ, ਘੋੜੇਵਾਲਾ ਚੌਂਕ ਤੋਂ ਪਾਵਰ ਹਾਊਸ ਰੋਡ ਦੀ ਹੁੰਦਾ ਹੋਇਆ ਬੱਸ ਸਟੈਂਡ ਤੇ ਸਮਾਪਤ ਹੋ ਗਿਆ।ਇਸ ਰੋਸ ਮਾਰਚ ਦੀ ਅਗਵਾਈ ਪ੍ਰਧਾਨ ਸੁਖਜੀਤ ਸਿੰਘ, ਹਰਿੰਦਰ ਵਿਰਕ, ਜਸਪ੍ਰੀਤ ਵਿਰਕ, ਬੱਬੂ ਮਦੀਰ, ਗੁਰਜੀਤ ਭਲਾਈਆਣਾ, ਉਂਕਾਰ ਬਠਿੰਡਾ, ਜੀਤਾ ਵਿਰਕ, ਗੁਰਵਿੰਦਰ ਆਦਿ ਤੋਂ ਬਿਨ੍ਹਾਂ ਹੋਰ ਵੀ ਨੌਜਵਾਨ ਨਾਲ ਸਨ।
ਇਸ ਮੌਕੇ ਪ੍ਰਧਾਨ ਸੁਖਜੀਤ ਨੇ ਦੱਸਿਆ ਕਿ ਪੰਜਾਬ ਵਿੱਚ ਕਿੰਨੀਆਂ ਹੀ ਸਰਕਾਰਾਂ ਆਈਆਂ, ਪਰ ਕਿਸੇ ਵੱਲੋਂ ਵੀ ਨਸ਼ਿਆਂ ਤੇ ਕਾਬੂ ਨਹੀਂ ਪਾਇਆ ਗਿਆ ਅਤੇ ਦਿਨ ਪ੍ਰਤੀ ਦਿਨ ਨਸ਼ਾ ਵੱਧਦਾ ਹੀ ਜਾ ਰਿਹਾ ਹੈ ਅਤੇ ਨੌਜਵਾਨ ਇਸ ਦੀ ਚਪੇਟ ਵਿੱਚ ਆ ਰਹੇ ਹਨ।ਉਨ੍ਹਾਂ ਚਿਟੇ ਕਾਰਣ ਨੌਜਵਾਨ ਮੁੰਡਿਆਂ ਦੀਆਂ ਮੌਤਾਂ ਹੋ ਰਹੀਆਂ ਹਨ। ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਨਣ `ਤੇ ਨਸ਼ੇ ਨੂੰ ਇੱਕ ਮਹੀਨੇ ਵਿੱਚ ਖਤਮ ਕਰ ਦਿੱਤਾ ਜਾਵੇਗਾ, ਪਰ ਹੋਇਆ ਇਸ ਦੇ ਉਲਟ ਨਸ਼ਾ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਪਿੰਡ ਪਿੰਡ, ਸ਼ਹਿਰ ਸ਼ਹਿਰ ਵਿੱਚ ਜਾ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ ਕਿ ਉਹ ਚਿਟੇ ਦੀ ਵਰਤੋਂ ਨਾ ਕਰਨ।ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਨੂੰ ਜਲਦੀ ਹੀ ਚਿੱਟੇ ਦੇ ਤਸਕਰਾਂ ਦੇ ਖਿਲਾਫ ਠੋਸ ਕਾਰਵਾਈ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਇਸ ਘਾਤਕ ਨਸ਼ੇ ਦੀ ਲਪੇਟ ਚੜ੍ਹੇ ਨੌਜਵਾਨਾਂ ਨੂੰ ਬਚਾਅ ਕੇ ਪਰਿਵਾਰਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।
Check Also
ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਸਲਾਨਾ ਬਰਸੀ ਮਨਾਈ ਗਈ
ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media