ਡੀ.ਸੀ ਅਤੇ ਐਸ.ਐਸ.ਪੀ ਨੇ ਕੀਤੀ ਨਸ਼ਾ ਰੋਕੂ ਅਫ਼ਸਰਾਂ ਨਾਲ ਅਹਿਮ ਬੈਠਕ
ਬਠਿੰਡਾ, 6 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵਲੋਂ ਨਸ਼ਿਆ ਖਿਲਾਫ਼ ਚਲਾਈ ਗਈ ਸਖਤ ਮੁਹਿੰਮ ਸਦਕਾ ਜ਼ਿਲ੍ਹੇ ’ਚ ਨਸ਼ਿਆਂ ਦੀ ਸਪਲਾਈ ਘਟਣੀ ਸ਼ੁਰੂ ਹੋ ਗਈ ਹੈ, ਜਿਸ ਕਾਰਣ ਹੁਣ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਨਾ ਮਿਲਣ ਕਾਰਣ ਸਰੀਰਿਕ ਤਕਲੀਫ਼ ਮਹਿਸੂਸ ਹੋ ਸਕਦੀ ਹੈ।ਇਸ ਤਕਲੀਫ਼ ਤੋਂ ਘਬਰਾਉਣ ਦੀ ਬਜਾਏ ਨਸ਼ਾ ਪੀੜ੍ਹਤ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਖੇ ਦਾਖ਼ਲ ਕਰਵਾਇਆ ਜਾਵੇ ਤਾਂ ਜੋ ਉਸ ਦਾ ਸਮੇਂ-ਸਿਰ ਇਲਾਜ ਕੀਤਾ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਅੱਜ ਸਥਾਨਕ ਮੈਰਿਜ ਪੈਲੇਸ ਬਰਨਾਲਾ ਰੋਡ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚੋਂ ਆਏ ਨਸ਼ਾ ਰੋਕੂ ਅਫ਼ਸਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ।ਉਨ੍ਹਾਂ ਨਾਲ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਨਵੀਨ ਸਿੰਗਲਾ ਵੀ ਹਾਜ਼ਰ ਸਨ।ਲਾਕਰਾ ਨੇ ਨਸ਼ਾ ਰੋਕੂ ਅਫ਼ਸਰਾਂ (ਡੇਪੋ ਵਲੰਟੀਅਰ) ਨੂੰ ਕਿਹਾ ਕਿ ਉਹ ਆਪਣੇ-ਆਪਣੇ ਇਲਾਕੇ ਦੇ ਨਸ਼ਾ ਪੀੜ੍ਹਤ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਖੇ ਲੈ ਕੇ ਆਉਣ ਅਤੇ ਉਨ੍ਹਾਂ ਨੂੰ ਇਸ ਸਬੰਧੀ ਸਾਰੀ ਜਾਣਕਾਰੀ ਦੇਣ।ਉਨ੍ਹਾਂ ਦੱਸਿਆ ਕਿ ਬਠਿੰਡਾ ’ਚ ਨਸ਼ਾ ਛੁਡਾਊ ਕੇਂਦਰ ਸਰਕਾਰੀ ਸਿਵਲ ਹਸਪਤਾਲ ਬਠਿੰਡਾ ’ਚ ਬਣਿਆ ਹੋਇਆ ਹੈ ਜਿੱਥੇ ਨਸ਼ਾ ਪੀੜ੍ਹਤਾਂ ਨੂੰ ਦਾਖ਼ਲ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ’ਚ 4 ਓ.ਓ.ਏ.ਟੀ (ਓਟ) ਕੇਂਦਰ ਵੀ ਚਲਾਏ ਜਾ ਰਹੇ ਹਨ ਜਿੱਥੇ ਨਸ਼ਾ ਪੀੜ੍ਹਤ ਨੂੰ ਦਾਖ਼ਲ ਹੋਣ ਦੀ ਲੋੜ ਨਹੀਂ ਬਲਕਿ ਹਰ ਰੋਜ਼ ਉਸ ਨੂੰ ਦਵਾਈ ਦਿੱਤੀ ਜਾਵੇਗੀ।ਇਹ ਓਟ ਕੇਂਦਰ ਸਬ-ਡਵੀਜ਼ਨਲ ਸਰਕਾਰੀ ਹਸਪਤਾਲ ਰਾਮਪੁਰਾ, ਸਬ-ਡਵੀਜ਼ਨਲ ਸਰਕਾਰੀ ਹਸਪਤਾਲ ਤਲਵੰਡੀ ਸਾਬੋ, ਸਰਕਾਰੀ ਮੁੜ ਵਸੇਬਾ ਕੇਂਦਰ ਮਾਨਸਾ ਰੋਡ ਬਠਿੰਡਾ ਵਿਖੇ ਅਤੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਸਥਿਤ ਹਨ। ਜ਼ਿਲ੍ਹਾ ਪੁਲਿਸ ਮੁਖੀ ਨਵੀਨ ਸਿੰਗਲਾ ਨੇ ਡੇਪੋ ਵਲੰਟੀਅਰਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਨਸ਼ਿਆ ਖਿਲਾਫ਼ ਪੂਰੀ ਸਖਤਾਈ ਕੀਤੀ ਗਈ ਹੈ।ਜੇਕਰ ਕੋਈ ਵੀ ਪੁਲਿਸ ਅਫ਼ਸਰ ਜਾਂ ਕਰਮਚਾਰੀ ਨਸ਼ਿਆਂ ਦੇ ਮਾਮਲੇ ਸਬੰਧੀ ਕਾਰਵਾਈ ਕਰਨ ’ਚ ਕਿਸੇ ਤਰ੍ਹਾਂ ਦੀ ਵੀ ਢਿੱਲ-ਮੱਠ ਕਰਦਾ ਤਾਂ ਉਸ ਖਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ।ਪਹਿਲਾਂ ਹੀ ਐਸ.ਐਚ.ਓ ਰਾਮਪੁਰਾ ਅਤੇ ਮੁਨਸੀ ਰਾਮਪੁਰਾ ਪੁਲਿਸ ਥਾਣੇ ਖਿਲਾਫ਼ ਨਸ਼ੇ ਵੇਚਣ ਵਾਲੇ ਨੂੰ ਪੈਸੇ ਲੈ ਕੇ ਛੱਡ ਦੇਣ ਦੇ ਜੁਰਮ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਹੋਰ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ਼ ਵੀ ਇਸ ਤੋਂ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਨੇ ਨਸ਼ਾ ਪੀੜਤ ਵਿਅਕਤੀ ਦੇ ਲੱਛਣਾਂ ਬਾਰੇ, ਉਸ ਨੂੰ ਇਲਾਜ਼ ਦਿਵਾਉਣ ਬਾਰੇ ਅਤੇ ਸਰਕਾਰੀ ਸਿਹਤ ਅਦਾਰਿਆਂ ’ਚ ਉਪਲੱਬਧ ਸਹੂਲਤਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਵੱਖ-ਵੱਖ ਨਸ਼ਾ ਰੋਕੂ ਅਫ਼ਸਰਾਂ ਨੇ ਆਪਣੇ-ਆਪਣੇ ਇਲਾਕੇ ਨਾਲ ਸਬੰਧਤ ਨਸ਼ਿਆ ਦੇ ਖਿਲਾਫ਼ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਸਮੱਸਿਆਵਾਂ ਵੀ ਦੱਸੀਆਂ।ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸ.ਐਸ.ਪੀ ਵਲੋਂ ਉਨ੍ਹਾਂ ਯਕੀਨ ਦਵਾਇਆ ਕਿ ਦੱਸੀ ਗਈ ਸੂਚਨਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਮੌਕੇ ’ਤੇ ਮੌਜੂਦ ਨਸ਼ਾ ਰੋਕੂ ਅਫ਼ਸਰਾਂ ਨੇ ਮੰਗ ਕੀਤੀ ਕਿ ਸਰਕਾਰ ਵਲੋਂ ਓਟ ਕੇਂਦਰ ਹੋਰ ਇਲਾਕਿਆਂ ’ਚ ਵੀ ਖੋਲ੍ਹੇ ਜਾਣ ਤਾਂ ਜੋ ਨਸ਼ਾ ਪੀੜ੍ਹਤਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਜ਼ਿਆਦਾ ਦੂਰ ਨਾ ਜਾਣਾ ਪਵੇ।
Punjab Post Daily Online Newspaper & Print Media