ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ ਅਤੇ ਸੱਚ, ਧਰਮ ਦੀ ਖਾਤਰ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਅਰਦਾਸ ਭਾਈ ਸੁਲਤਾਨ ਸਿੰਘ ਸਿੰਘ ਨੇ ਕੀਤੀ।ਪਾਵਨ ਹੁਕਮਨਾਮਾ ਗੁਰਦੁਆਰਾ ਮੰਜੀ ਸਾਹਿਬ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਲਿਆ ਅਤੇ ਉਨ੍ਹਾਂ ਸ਼ਹੀਦ ਭਾਈ ਮਨੀ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੇ ਸਿੱਖੀ ਦੀ ਚੜ੍ਹਦੀ ਕਲਾ ਲਈ ਪਾਏ ਯੋਗਦਾਨ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਰਹੇ।ਇਸ ਉਪਰੰਤ ਸਜਾਏ ਗਏ ਦੀਵਾਨ ਵਿਚ ਸਿੱਖ ਕੌਮ ਦੇ ਕਵੀਸ਼ਰ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਭਾਈ ਮਨੀ ਸਿੰਘ ਦੀ ਸ਼ਹਾਦਤ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਪ੍ਰਚਾਰਕ ਸਿੰਘਾਂ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਮੀਤ ਸਿੰਘ ਬੂਹ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਮੁੱਖ ਸਕਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ, ਮਨਜੀਤ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media