ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ
ਸਮਰਾਲਾ, 12 ਜੁਲਾਈ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਖਮਾਣੋਂ ਅਤੇ ਮਾਛੀਵਾੜਾ ਇਕਾਈਆਂ ਦੇ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਫਰੰਟ ਦੇ ਮੈਂਬਰ ਜੈਮਲ ਸਿੰਘ ਸਮਰਾਲਾ ਦੀ ਬੇਵਕਤੀ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।ਸ਼ਵਿੰਦਰ ਸਿੰਘ ਨੇ ਫਰੰਟ ਵੱਲੋਂ ਚਾਰ ਕੇਸਾਂ ਦੇ ਨਿਪਟਾਰੇ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਦੀ ਸ਼ੁਰੂਆਤ ਕੇਵਲ ਸਿੰਘ ਮੰਜਾਲੀਆਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀਆਂ ਨੀਤੀਆਂ ਸਾਮਰਾਜਵਾਦੀ ਹਨ, ਹਰੇਕ ਕੰਮ ਤਾਨਾਸ਼ਾਹੀ ਢੰਗ ਨਾਲ ਹੋ ਰਿਹਾ ਹੈ।ਕੇਵਲ ਸਿੰਘ ਮਾਛੀਵਾੜਾ ਨੇ ਕਿਹਾ ਕਿ ਅੱਜ ਸਰਕਾਰੀ ਦਫਤਰਾਂ ਦੀ ਮੁਲਾਜਮਾਂ ਤੋਂ ਬਿਨਾਂ ਅਫਸਰਸ਼ਾਹੀ ਭ੍ਰਿਸ਼ਟਾਚਾਰ ਵਿੱਚ ਇਸ ਤਰ੍ਹਾਂ ਗ੍ਰਸਤ ਹੋ ਚੁੱਕੀ ਹੈ ਕਿ ਕੋਈ ਵੀ ਕੰਮ ਰਿਸ਼ਵਤ ਤੋਂ ਬਿਨਾਂ ਨਹੀਂ ਹੋ ਰਿਹਾ।ਜਿਵੇਂ ਪੁਰਾਣੀ ਕਹਾਵਤ ਅਨੁਸਾਰ ਵਾੜ ਖੇਤ ਨੂੰ ਖਾਂਦੀ ਸੀ, ਹੁਣ ਤਾਂ ਵਾੜ ਹੀ ਖੁਦ ਕਹਿੰਦੀ ਹੈ, ਤੂੰ ਦੱਬ ਕੇ ਖਾਹ, ਨਿਗਾਹ ਮੈਂ ਰੱਖਦੀ ਹਾਂ।ਇਹੀ ਹਾਲ ਸਾਡੀ ਅਫਸਰਸ਼ਾਹੀ ਹੈ, ਜੋ ਸਿਆਸੀ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਸ਼ਰੇਆਮ ਬਚਾ ਰਹੀ ਹੈ।ਦੀਪ ਦਿਲਬਰ ਨੇ ਸਮਰਾਲਾ ਇਲਾਕੇ ਦੀਆਂ ਟੁੱਟੀਆਂ ਸੜਕਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਾਡੇ ਭ੍ਰਿਸ਼ਟ ਪ੍ਰਸਾਸ਼ਨ ਅਤੇ ਰਾਜਸੀ ਨੇਤਾਵਾਂ ਦੀ ਮਿਲੀਭੁਗਤ ਨਾਲ ਓਵਰਲੋਡ ਟਿੱਪਰਾਂ ਦੀ ਆਵਾਜਾਈ ਚਲਾ ਕੇ ਤੋੜੀਆਂ ਸੜਕਾਂ ਕਾਰਨ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜੰਗ ਸਿੰਘ ਭੰਗਲਾਂ ਨੇ ਕਿਹਾ ਮੌਜੂਦਾ ਸਰਕਾਰ ਨੇ ਆਮ ਲੋਕਾਂ ਨਾਲ ਜੋ ਲੋਕ ਲੁਭਾਊ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰੇ ਕਰਨੇ ਚਾਹੀਦੇ ਹਨ। ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਸਮਰਾਲਾ ਵਿੱਚ ਇਸ ਮੌਕੇ ਮੇਨ ਚੌਂਕ ਲਾਗੇ ਬਲਾਕ ਸੰਮਤੀ ਦੀ ਖਾਲੀ ਪਈ ਜਗ੍ਹਾ ਦੀ ਸਭ ਤੋਂ ਜਿਆਦਾ ਚਰਚਾ ਹੈ, ਜਿਥੇ ਭੂ ਮਾਫੀਆ ਦੇ ਲੋਕ ਧੱਕੇ ਨਾਲ ਕਬਜਾ ਕਰਕੇ ਆਪਣੇ ਕਾਰੋਬਾਰ ਖੋਲਣ ਦੀ ਤਾਕ ਵਿੱਚ ਹਨ।ਉਨ੍ਹਾਂ ਸਮੁੱਚੇ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਫਰੰਟ ਦੀ ਇਸ ਕੰਮ ਵਿੱਚ ਮੱਦਦ ਕਰਨ ਤਾਂ ਜੋ ਇਸ ਥਾਂ ਤੇ ਸਮਰਾਲਾ ਸ਼ਹਿਰ ਦਾ ਖੂਬਸੂਰਤ ਪਾਰਕ ਬਣਾ ਕੇ ਗਰੀਨ ਬੈਲਟ ਵਿੱਚ ਲਿਆਂਦਾ ਜਾਵੇ, ਜਿਸ ਦੀ ਸਮਰਾਲਾ ਨੂੰ ਸ਼ਹਿਰ ਨੂੰ ਬਹੁਤ ਲੋੜ ਹੈ।ਇਸ ਵੇਲੇ ਆਪਣੇ ਆਲੇ ਦੁਆਲੇ ਦਾ ਵਾਤਾਵਰਨ ਬਹੁਤ ਗੰਧਲਾ ਹੋ ਚੁੱਕਾ ਹੈ, ਵਾਤਾਵਰਨ ਸ਼ੁੱਧ ਕਰਨ ਲਈ ਸਾਨੂੰ ਦਰੱਖਤ ਲਾਉਣ ਦੀ ਬਹੁਤ ਜਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਹੀ ਨਹੀਂ ਰਹਾਂਗੇ ਤਾਂ ਅਜਿਹੀਆਂ ਥਾਵਾਂ ਤੇ ਧੱਕੇ ਨਾਲ ਕੀਤੇ ਕਬਜੇ ਕਰਕੇ, ਦੁਕਾਨਾਂ ਕਿਸ ਕੰਮ ਲਈ ਬਣਾਉਣੀਆਂ ਹਨ, ਜਿਨ੍ਹਾਂ ਦੀ ਵਰਤੋਂ ਲਈ ਲੋਕ ਹੀ ਨਹੀਂ ਰਹਿਣਗੇ।ਇਸ ਲਈ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਗਲਤ ਆਂਨਸਰਾਂ ਵਿਰੁੱਧ ਲਾਮਬੰਦ ਹੋਈਏ, ਜੋ ਪੈਸਾ ਬਣਾਉਣ ਦੀ ਹੋੜ ਵਿੱਚ ਆਮ ਲੋਕਾਂ ਦਾ ਵਿਨਾਸ਼ ਕਰਨ ਤੇ ਤੁਲੇ ਹੋਏ ਹਨ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਮਣਾ ਮੂੰਹੀ ਪੈਸਾ ਇਕੱਠਾ ਕਰ ਰਹੇ ਹਨ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ, ਸੁਖਵਿੰਦਰ ਸਿੰਘ ਮਾਛੀਵਾੜਾ, ਦਰਸ਼ਨ ਸਿੰਘ ਕੰਗ, ਦੀਪ ਦਿਲਬਰ, ਬਲਦੇਵ ਸਿੰਘ ਖਮਾਣੋਂ, ਸਵਰਨ ਸਿੰਘ ਬਿਲਾਸਪੁਰ, ਭਗਤ ਸਿੰਘ ਖਮਾਣੋਂ, ਕੈਪਟਨ ਮਹਿੰਦਰ ਸਿੰਘ ਜਟਾਣਾ, ਸਮਸ਼ੇਰ ਸਿੰਘ ਉਟਾਲਾਂ, ਪ੍ਰਿਥੀ ਸਿੰਘ ਸਮਰਾਲਾ, ਨੰਦ ਸਿੰਘ ਚਹਿਲਾਂ, ਬਲਵੀਰ ਸਿੰਘ ਚਹਿਲਾਂ, ਮਨਜੀਤ ਕੌਰ, ਰਵਿੰਦਰ ਕੌਰ ਤੋਂ ਇਲਾਵਾ ਦਰਜਨ ਤੋਂ ਉਪਰ ਹੋਰ ਮੈਂਬਰ ਅਤੇ ਸ਼ਹਿਰ ਨਿਵਾਸੀ ਹਾਜਰ ਸਨ।
Punjab Post Daily Online Newspaper & Print Media