Tuesday, June 23, 2026

ਨਸ਼ੇ ਦੇ ਖਾਤਮੇ ਲਈ ਅੰਮ੍ਰਿਤਸਰੀਏ ਆਪ ਮੁਹਾਰੇ ਦੇ ਰਹੇ ਹਨ ਪ੍ਰਸ਼ਾਸਨ ਦਾ ਸਾਥ

ਲੋਕ ਲਹਿਰ ਬਣਨ ਲੱਗੇ ਸਾਫ ਹਵਾ ਤੇ ਪਾਣੀ ਬਚਾਉਣ ਦੇ ਮੁੱਦੇ
ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਹਵਾ, ਪਾਣੀ ਅਤੇ ਸਿਹਤ ਨੂੰ ਸਾਫ-DC Sanghaਸੁਥਰਾ ਰੱਖਣ ਲਈ ਸ਼ੁਰੂ ਕੀਤੇ ਉਪਰਾਲੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ੍ਹੇ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਕਈ ਵਿਭਾਗਾਂ ਨੂੰ ਨਾਲ ਲੈ ਕੇ ਉਲੀਕੇ ਗਏ ਪ੍ਰੋਗਰਾਮ ਨੇ ਜਿੱਥੇ ਜ਼ਿਲ੍ਹਾ ਵਾਸੀਆਂ ਨੂੰ ਨਸ਼ੇ ਦੇ ਖਾਤਮੇ ਲਈ ਘਰਾਂ ਵਿਚੋਂ ਕੱਢਿਆ ਹੈ, ਉਥੇ ਚੰਗੀ ਸਿਹਤ, ਸਾਫ ਹਵਾ ਤੇ ਪਾਣੀ ਬਚਾਉਣ ਲਈ ਵੀ ਲੋਕ ਜਾਗਰੂਕ ਹੋਏ ਹਨ।ਸਭ ਤੋਂ ਵੱਡਾ ਕੰਮ ਨਸ਼ੇ ਰੋਕਣ ਲਈ ਹੋਇਆ ਹੈ ਅਤੇ ਇਸ ਲਈ ਪੁਲਿਸ, ਜੋ ਪਹਿਲਾਂ ਨਸ਼ਾ ਕਰਦੇ ਲੋਕਾਂ ਲਈ ਹਊਆ ਬਣੀ ਰਹਿੰਦੀ ਸੀ, ਨਸ਼ੇੜੀ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਤੱਕ ਇਲਾਜ ਲਈ ਲੈ ਕੇ ਆਉਣ ਲੱਗੀ ਹੈ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਵ, ਜਿਲ੍ਹਾ ਪੁਲਿਸ ਮੁਖੀ ਦਿਹਾਤੀ ਪਰਮਪਾਲ ਸਿੰਘ ਖ਼ੁਦ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ।ਡਿਪਟੀ ਕਮਿਸ਼ਨਰ ਸੰਘਾ ਦੀ ਮਦਦ ਨਾਲ ਸ਼ਹਿਰੀ ਅਤੇ ਦਿਹਾਤੀ ਪੁਲਿਸ ਦੇ ਚੌਂਕੀ ਤੇ ਥਾਣਾ ਮੁਖੀਆਂ ਤੱਕ ਦੇ ਅਧਿਕਾਰੀਆਂ ਨੂੰ ਨਸੇੜੀਆਂ ਦੀਆਂ ਅਲਾਮਤਾਂ, ਨਸ਼ੇ ਛੱਡਣ ਵਿਚ ਆਉਂਦੀਆਂ ਰੁਕਾਵਟਾਂ, ਇਲਾਜ ਆਦਿ ਦੀ ਵਿਸਥਾਰਤ ਜਾਣਕਾਰੀ ਮਨੋਵਿਗਿਆਨਕ ਮਾਹਿਰਾਂ ਡਾ. ਪੀ.ਗਰਗ ਅਤੇ ਡਾ. ਰਾਣਾ ਵੱਲੋਂ ਦਿੱਤੀ ਜਾ ਚੁੱਕੀ ਹੈ।
              ਸਾਰੇ ਸਿਵਲ ਤੇ ਪੁਲਿਸ ਅਧਿਕਾਰੀ ਨਸ਼ਿਆਂ ਦੇ ਖਾਤਮੇ ਲਈ ਆਮ ਲੋਕਾਂ ਦਾ ਸਹਿਯੋਗ ਲੈਣ ਵਾਸਤੇ ਮੋਹਤਬਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਨਸ਼ਾ ਮੁਕਤੀ ਲਈ ਵੱਡਾ ਕੰਮ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਕੀਤਾ ਹੈ, ਜਿੰਨਾ ਲਗਾਤਾਰ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਦੇ ਘਰਾਂ ਵਿਚ ਜਾ ਕੇ ਪਰਿਵਾਰ ਦੀ ਸਹਾਇਤਾ ਨਾਲ ਨਸ਼ੇ ਕਰਦੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਭਰਤੀ ਕਰਵਾਇਆ ਹੈ, ਜਿਥੇ ਕਿ ਡੀ.ਸੀ ਵੱਲੋਂ ਮੁਫ਼ਤ ਇਲਾਜ, ਮੁਫਤ ਖਾਣਾ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਰੈਡ ਕਰਾਸ ਤੇ ਸ਼੍ਰੋਮਣੀ ਕਮੇਟੀ ਦੀ ਸਹਾਇਤਾ ਨਾਲ ਕਰ ਦਿੱਤਾ ਗਿਆ ਹੈ।
            ਸਿਹਤਮੰਦ ਰਹਿਣ ਲਈ ਸਾਫ ਸੁਥਰਾ ਖਾਣਾ ਮੁਹੱਈਆ ਕਰਵਾਉਣ ਦੀ ਵਿੱਢੀ ਮੁਹਿੰਮ ਤਹਿਤ ਕੈਮੀਕਲਾਂ ਨਾਲ ਪੱਕਦੇ ਫਲਾਂ, ਦੁੱਧ ਦੀ ਮਿਲਾਵਟ, ਹੋਟਲਾਂ ਤੇ ਰੈਸਟੋਰੈਂਟਾਂ ਵਿਚ ਸਫਾਈ ਆਦਿ ਦਾ ਪ੍ਰਬੰਧ ਸੁਧਾਰਨ ਲਈ ਜਿਲ੍ਹਾ ਸਿਹਤ ਅਫਸਰ ਦੀ ਅਗਵਾਈ ਹੇਠ ਟੀਮ ਕੰਮ ਕਰ ਰਹੀ ਹੈ।ਹੋਟਲਾਂ ਤੇ ਸਬਜ਼ੀ ਮੰਡੀ ਵਿਚ ਛਾਪੇ ਵੀ ਮਾਰੇ ਹਨ ਤੇ ਉਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ।ਫਲ ਕੁਦਰਤੀ ਤਰੀਕੇ ਨਾਲ ਪਕਾਉਣ ਲਈ ਰਾਈਪਿੰਗ ਚੈਂਬਰ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿਲ੍ਹੇ ਨੂੰ ਪਲਾਸਟਿਕ ਦੇ ਲਿਫਾਫਿਆਂ ਤੇ ਮੁੱਕਤ ਕਰਨ ਅਤੇ ਵੱਧ ਤੋਂ ਵੱਧ ਰੁਖ ਲਗਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
            ਖੇਡ ਵਿਭਾਗ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਵੇਰੇ-ਸ਼ਾਮ ਕੈਂਪ ਲਗਾ ਦਿੱਤੇ ਗਏ ਹਨ, ਜਿਸ ਵਿਚ ਤਜ਼ਰਬੇਕਾਰ ਕੋਚ ਪਹੁੰਚ ਕੇ ਖੇਡ ਦੇ ਤਕਨੀਕੀ ਪੱਖਾਂ ਤੋਂ ਨੌਜਵਾਨਾਂ ਦਾ ਸਾਥ ਦੇ ਰਹੇ ਹਨ।ਇਸੇ ਤਰਾਂ ਖੇਤੀਬਾੜੀ ਵਿਭਾਗ ਵੱਲੋਂ ਦੁਕਾਨਾਂ ’ਤੇ ਮਿਲਦੀਆਂ ਕੀਟਨਾਸ਼ਕ ਦਵਾਈਆਂ, ਖਾਦਾਂ ਤੇ ਹੋਰ ਰਸਾਇਣਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸਮਾਂ ਲੰਘ ਚੁੱਕੀਆਂ ਦਵਾਈਆਂ ਜਾਂ ਘਟੀਆ ਦਵਾਈਆਂ ਪਾ ਕੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਨਾ ਹੋਵੇ।ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪ੍ਰੈਸ਼ਰ ਹਾਰਨਾਂ, ਵੱਧ ਧੂੰਆਂ ਛੱਡਦੀਆਂ ਤੇ ਪਟਾਕੇ ਮਾਰਦੇ ਬੁਲਟਾਂ ਦਾ ਚਲਾਨ ਕੱਟਣ ਨਾਲ ਵੀ ਲੋਕਾਂ ਨੂੰ ਰਾਹਤ ਮਿਲੀ ਹੈ।ਆਸ ਹੈ ਕਿ ਜੇਕਰ ਇਸੇ ਤਰਾਂ ਇਹ ਵਿਭਾਗ ਕੰਮ ਕਰਦੇ ਰਹੇ ਤਾਂ ਲੋਕ ਆਪ ਇੰਨਾਂ ਬੁਰੀਆਂ ਆਦਤਾਂ ਤੋਂ ਖਹਿੜਾ ਛੁਡਾਉਣ ਲਈ ਸਰਗਰਮ ਹੋ ਜਾਣਗੇ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply