ਵੱਲਾ ਮੰਡੀ ਸੜਕ ਬਨਾਉਣ ਦੀ ਵੀ ਕੀਤੀ ਜਾਵੇਗੀ ਸ਼ੁਰੂਆਤ
ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ਹਿਰ ਦੀ ਟ੍ਰੈਫਿਕ ਲਈ ਸ਼ਾਹਰਗ ਸਮਝਿਆ ਜਾਂਦਾ ਭੰਡਾਰੀ ਪੁੱਲ, ਜਿਸ ਨੂੰ ਚੌੜਾ ਕਰਨ ਲਈ ਲੰਮੇ 
ਸਮੇਂ ਤੋਂ ਕੰਮ ਚੱਲ ਰਿਹਾ ਸੀ, ਨੂੰ ਕੱਲ੍ਹ 16 ਜੁਲਾਈ ਨੂੰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ 11.00 ਵਜੇ ਲੋਕ ਅਰਪਿਤ ਕਰਨਗੇ।ਇਹ ਜਾਣਕਾਰੀ ਦਿੰਦੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜਸਬੀਰ ਸਿੰਘ ਸੋਢੀ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੇ ਜਲਿਆਂ ਵਾਲਾ ਬਾਗ ਸਮੇਤ ਇਤਹਾਸਕ ਥਾਵਾਂ ਤੇ ਸ਼ਹਿਰ ਦੇ ਪੁਰਾਣੇ ਹਿੱਸੇ ਨੂੰ ਨਵੇਂ ਇਲਾਕਿਆਂ ਨਾਲ ਜੋੜਦੇ ਇਸ ਪੁੱਲ ਦਾ ਵਿਸਥਾਰ ਕਰਨ ਵਾਸਤੇ ਦੋ ਨਵੇਂ ਪੁੱਲ ਤਿਆਰ ਕੀਤੇ ਗਏ ਹਨ, ਜਿੰਨਾਂ ਵਿਚੋਂ ਇਕ ਪੁੱਲ ਜਲੰਧਰ ਵਾਲੇ ਪਾਸੇ ਤੋਂ ਐਲੀਵੇਟਿਡ ਰੋਡ ਤੋਂ ਭੰਡਾਰੀ ਪੁੱਲ ਪਾਰ ਕਰਨ ਲਈ ਨਵਾਂ ਤਿਆਰ ਕੀਤਾ ਗਿਆ ਹੈ ਅਤੇ ਇਕ ਪੁੱਲ ਹਾਲ ਗੇਟ ਤੋਂ ਰੇਲਵੇ ਟਰੈਕ ਪਾਰ ਕਰਨ ਲਈ ਨਵਾਂ ਚੜਾਇਆ ਗਿਆ ਹੈ।ਉਨਾਂ ਦੱਸਿਆ ਕਿ ਹੁਣ ਬੱਸ ਅੱਡੇ ਤੋਂ ਆਉਂਦੀ ਟ੍ਰੈਫਿਕ ਨੂੰ ਪੁੱਲ ਦੇ ਹੇਠਾਂ ਪੁਰਾਣੀ ਮੰਡੀ ਵਾਲੀ ਥਾਂ ’ਤੇ ਨਵੀਂ ਬਣਾਈ ਗਈ ਸੜਕ ਰਸਤੇ ਜਾ ਕੇ ਭੰਡਾਰੀ ਪੁੱਲ ’ਤੇ ਚੜਨ ਲਈ ਰਾਹ ਦਿੱਤਾ ਜਾਵੇਗਾ। ਇਸ ਨਾਲ ਸ਼ਹਿਰ ਦੀ ਵੱਡੀ ਟ੍ਰੈਫਿਕ ਸਮੱਸਿਆ ਦਾ ਹੱਲ ਹੋਵੇਗਾ, ਕਿਉਂਕਿ ਇਹ ਪੁੱਲ ਪਹਿਲਾਂ ਤੰਗ ਹੋਣ ਕਾਰਨ ਅਕਸਰ ਵੱਡਾ ਜਾਮ ਐਲੀਵੇਟਿਡ ਰੋੋਡ, ਭੰਡਾਰੀ ਪੁੱਲ ਦੇ ਹੇਠਾਂ ਅਤੇ ਕ੍ਰਿਸਟਲ ਚੌਕ ਵੱਲ ਲੱਗ ਜਾਂਦਾ ਸੀ, ਪਰ ਹੁਣ ਇਕ ਦੀ ਥਾਂ ਤਿੰਨ ਪੁੱਲ ਬਣ ਜਾਣ ਕਾਰਨ ਇਹ ਸਮੱਸਿਆ ਪੂਰੀ ਤਰਾਂ ਹੱਲ ਹੋ ਜਾਵੇਗੀ।
ਸੋਢੀ ਨੇ ਦੱਸਿਆ ਕਿ ਪੰਜਾਬ ਬੱਸ ਮੈਟਰੋ ਸੁਸਾਇਟੀ, ਸਥਾਨਕ ਸਰਕਾਰਾਂ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ ਉਸਾਰੇ ਗਏ ਇਸ ਚਹੁੰ ਮਾਰਗੀ ਰੇਲਵੇ ਓਵਰ ਬ੍ਰਿਜ ’ਤੇ 41 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਅਕਤੂਬਰ ਮਹੀਨੇ ਸ਼ੁਰੂ ਕੀਤੀ ਜਾਣ ਵਾਲੀ ਬੱਸ ਰੇਪਿਡ ਟਰਾਂਜਿਟ ਸਿਸਟਮ (ਬੀ.ਆਰ.ਟੀ.ਐਸ) ਪ੍ਰਾਜੈਕਟ ਅਧੀਨ ਇਸ ਦੀ ਉਸਾਰੀ ਕੀਤੀ ਗਈ ਹੈ।ਸੋਢੀ ਨੇ ਦੱਸਿਆ ਕਿ ਸਿੰਗਲਾ ਇਸ ਤੋਂ ਇਲਾਵਾ ਮੁੱਧਲ ਤੋਂ ਵੇਰਕਾ ਨਹਿਰ ਤੱਕ ਬਣੀ ਸੜਕ ਦੀ ਮੁੜ ਉਸਾਰੀ ਕਰਨ ਅਤੇ ਵੱਲ੍ਹਾ ਰੇਲਵੇ ਫਾਟਕ ਤੋਂ ਅੰਮ੍ਰਿਤਸਰ ਬਾਈਪਾਸ ਤੱਕ ਸੜਕ ਦੀ ਮੁੜ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖ ਕੇ ਇਸ ਦੀ ਸ਼ੁਰੂਆਤ ਕਰਨਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media