ਸਿਟੀ ਥਾਣੇ ਵਲੋਂ ਨਹਿਰੂ ਗੇਟ ਵਿਖੇ ਕਰਾਇਆ ਗਿਆ ਜਾਗਰੂਕਤਾ ਸੈਮੀਨਾਰ
ਬਟਾਲਾ, 18 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਤਹਿਤ ਪੁਲਿਸ ਜ਼ਿਲਾ ਬਟਾਲਾ ਵਲੋਂ
ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਗਲੀ ਮੁਹੱਲੇ ਤੱਕ ਪਹੁੰਚ ਕੀਤੀ ਜਾ ਰਹੀ ਹੈ।ਐਸ.ਐਸ.ਪੀ ਬਟਾਲਾ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਤਹਿਤ ਬੀਤੀ ਸ਼ਾਮ ਬਟਾਲਾ ਦੇ ਨਹਿਰੂ ਗੇਟ ਕੋਲ ਸਿਟੀ ਥਾਣੇ ਵਲੋਂ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਐੱਸ.ਐੱਸ.ਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ ਜਦਕਿ ਬਟਾਲਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ।
ਸੈਮੀਨਾਰ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਐਸ.ਐਸ.ਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਤਹਿਤ ਬਟਾਲਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਪੂਰੀ ਸਖਤੀ ਵਰਤੀ ਜਾ ਰਹੀ ਹੈ।ਉਨਾਂ ਕਿਹਾ ਕਿ ਜਿਥੇ ਪੁਲਿਸ ਨਸ਼ਾ ਸਮੱਗਲਰਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ ਉਥੇ ਨਾਲ ਹੀ ਨਸ਼ੇ ਦੀ ਆਦਤ ਦੇ ਸ਼ਿਕਾਰ ਨੌਜਵਾਨਾਂ ਨੂੰ ਇਲਾਜ ਕਰਾਉਣ ਲਈ ਪ੍ਰੇਰਿਤ ਕਰ ਰਹੀ ਹੈ।ਉਨਾਂ ਕਿਹਾ ਕਿ ਨਸ਼ੇ ਰੋਕਣ ਲਈ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਹੀ ਅਸੀਂ ਆਪਣੇ ਸਮਾਜ ਵਿੱਚੋਂ ਇਸ ਲਾਹਨਤ ਨੂੰ ਖਤਮ ਕਰ ਸਕਦੇ ਹਾਂ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੀ ਭਲਾਈ ਲਈ ਪੁਲਿਸ ਦਾ ਸਾਥ ਦੇਣ ਤਾਂ ਜੋ ਸਾਰੇ ਰਲ ਕੇ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
ਇਸ ਮੌਕੇ ਡੀ.ਐਸ.ਪੀ ਸਿਟੀ ਪ੍ਰਲਾਦ ਸਿੰਘ ਨੇ ਕਿਹਾ ਕਿ ਬਟਾਲਾ ਸ਼ਹਿਰ ਵਿਚੋਂ ਨਸ਼ੇ ਨੂੰ ਖਤਮ ਕਰ ਕੇ ਹੀ ਦਮ ਲਿਆ ਜਾਵੇਗਾ।ਉਨਾਂ ਕਿਹਾ ਕਿ ਪੁਲਿਸ ਵੱਲੋਂ ਹਰ ਮੁਹੱਲੇ ਵਿੱਚ ਜਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦਾ ਹੋਕਾ ਦਿੱਤਾ ਜਾ ਰਿਹਾ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਅੱਗੇ ਆਉਣ।
ਇਸ ਮੌਕੇ ਯਸਪਾਲ ਚੌਹਾਨ, ਕਸਤੂਰੀ ਲਾਲ ਸੇਠ, ਕੌਂਸਲਰ ਸੁਨੀਲ ਸਰੀਨ, ਜੋਗਿੰਦਰ ਅੰਗੂਰਾਲਾ, ਅਸ਼ੋਕ ਲੂਥਰਾ, ਐੱਸ.ਐੱਚ.ਓ. ਸਿਟੀ ਵਿਸ਼ਵਾਮਿੱਤਰ, ਓਮ ਪ੍ਰਕਾਸ਼ ਸ਼ਰਮਾਂ, ਅਜ਼ਾਦ ਸ਼ਰਮਾ, ਜਗਜੋਤ ਸੰਧੂ ਨੇ ਵੀ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਪ੍ਰੇਰਨਾ ਦਿੱਤੀ।ਆਰਟਿਸਟ ਵੈਲਫੇਅਰ ਸੁਸਾਇਟੀ ਬਟਾਲਾ ਵਲੋਂ ਨਸ਼ਿਆਂ ਖਿਲਾਫ਼ ਨੁੱਕੜ ਨਾਟਕ ਵੀ ਖੇਡਿਆ ਗਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media