ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਂਡੂ ਖੇਤਰਾਂ ਵਿਚ ਮੁਫਤ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਲਈ ਚਲਾਈਆਂ ਗਈਆਂ ਮੈਡੀਕਲ ਵੈਨਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਤੱਕ ਲਗਾਤਾਰ ਪਹੁੰਚ ਕਰ ਰਹੀਆਂ ਹਨ ਅਤੇ ਇਸ ਤਹਿਤ ਮਾਝਾ ਤੇ ਮਾਲਵਾ ਦੇ 200 ਦੇ ਕਰੀਬ ਪਿੰਡਾਂ ਵਿਚ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ।
ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੋਬਾਇਲ ਮੈਡੀਕਲ ਸੇਵਾਵਾਂ ਲਗਾਤਾਰ ਜਾਰੀ ਹਨ, ਜਿਸ ਤੋਂ ਪੇਂਡੂ ਖੇਤਰਾਂ ਦੇ ਲੋਕ ਲਾਭ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸਰਹੱਦੀ ਪੱਟੀ ਦੇ ਬਹੁਤ ਸਾਰੇ ਪਿੰਡ ਅਜਿਹੇ ਹਨ ਜੋ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵੀ ਵਾਂਝੇ ਹਨ।ਇਨ੍ਹਾਂ ਸਿਹਤ ਸਹੂਲਤਾਂ ਤੋਂ ਵਿਰਵੇ ਪਿੰਡਾਂ ਦੇ ਲੋਕਾਂ ਲਈ ਮੁਫਤ ਸਿਹਤ ਜਾਂਚ ਅਤੇ ਮੁੱਢਲੇ ਇਲਾਜ ਲਈ ਮੈਡੀਕਲ ਵੈਨਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ 25 ਅਪ੍ਰੈਲ ਨੂੰ ਮੈਡੀਕਲ ਵੈਨਾਂ ਪਿੰਡਾਂ ਲਈ ਰਵਾਨਾ ਕੀਤੀਆਂ ਸਨ।ਇਨ੍ਹਾਂ ਵੈਨਾਂ ’ਚ ਡਾਕਟਰ, ਫਾਰਮਾਸਿਸਟ ਤੇ ਹੈਲਪਰ ਤਾਇਨਾਤ ਕੀਤੇ ਗਏ ਹਨ ਅਤੇ ਮੁੱਢਲੇ ਟੈਸਟਾਂ ਦੇ ਨਾਲ ਮੁਫ਼ਤ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨਾਂ ਕਿਹਾ ਕਿ ਮਾਝਾ ਤੇ ਮਾਲਵਾ ਅੰਦਰ 25 ਅਪ੍ਰੈਲ ਤੋਂ ਲੈ 10 ਜੁਲਾਈ ਤਕ 200 ਦੇ ਕਰੀਬ ਪਿੰਡਾਂ ਤਕ ਪਹੁੰਚ ਕੀਤੀ ਗਈ ਹੈ, ਜਿੰਨਾਂ ਵਿੱਚ ਫਿਰੋਜਪੁਰ, ਅਜਨਾਲਾ, ਡੇਰਾ ਬਾਬਾ ਨਾਨਕ, ਧਾਰੀਵਾਲ, ਗੁਰਦਾਸਪੁਰ, ਪਠਾਨਕੋਟ, ਵਲਟੋਹਾ, ਝਬਾਲ, ਤਰਨਤਾਰਨ, ਚੋਗਾਵਾਂ, ਵੇਰਕਾ, ਗੁਰੂ ਕਾ ਬਾਗ, ਜੰਡਿਆਲਾ ਗੁਰੂ, ਮੱਤੇਵਾਲ, ਕਾਲਾ ਅਫਗਾਨਾ, ਗੋਇੰਦਵਾਲ ਸਾਹਿਬ, ਕਰਤਾਰਪੁਰ, ਜਲੰਧਰ, ਅਬੋਹਰ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਮੌੜ, ਜੋਗਾ, ਬੱਲੂਆਣਾ, ਰਾਮਪੁਰਾ ਫੂਲ, ਭਗਤਾ, ਸਰਦੂਲਗੜ੍ਹ, ਬਠਿੰਡਾ, ਤਲਵੰਡੀ ਸਾਬੋ, ਬੁਢਲਾਡਾ, ਮਾਨਸਾ ਆਦਿ ਸ਼ਾਮਲ ਹਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media