ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤਾਂ ਵਿਚ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸਬਸਿਡੀ ’ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਉਹ ਪਰਾਲੀ ਨੂੰ ਬਿਨਾਂ ਸਾੜੇ ਜ਼ਮੀਨ ਵਿਚ ਮਿਲਾ ਸਕਣਗੇ।ਇਸ ਸਬੰਧੀ ਅੱਜ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਕਿਸਾਨਾਂ ਨੂੰ ਸਬਸਿਡੀ ‘ਤੇ ਰੋਟਾਵੇਟਰ ਦੇਣ ਲਈ 50 ਕਿਸਾਨਾਂ ਦੇ ਡਰਾਅ ਕੱਢੇ ਗਏ ਜਿੰਨਾਂ ਨੂੰ ਰੋਟਾਵੇਟਰ ਖਰੀਦਣ ਲਈ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਕਿਸਾਨਾਂ ਨੂੰ ਸਬਸਿਡੀ ਤੇ ਰੋਟਾਵੇਟਰ ਦੇਣ ਲਈ 352 ਦਰਖਾਸਤਾ ਪ੍ਰਾਪਤ ਹੋਈਆਂ ਸਨ।ਉਨ੍ਹਾਂ ਵਿੱਚੋਂ ਅੱਜ 50 ਕਿਸਾਨਾਂ ਦੇ ਡਰਾਅ ਕੱਢੇ ਗਏ ਹਨ।ਜਿੰਨਾਂ ਵਿੱਚੋਂ ਪਹਿਲੇ 10 ਕੱਢੇ ਗਏ ਡਰਾਅ ਦੀ ਸਬਸਿਡੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਹੋ ਜਾਵੇਗੀ ਅਤੇ ਬਾਕੀ 40 ਰੋਟਾਵੇਟਰਾਂ ਦੀ ਸਬਸਿਡੀ ਆਉਂਦੇ ਕੁਝ ਦਿਨਾਂ ਵਿੱਚ ਉਨਾਂ ਦੇ ਖਾਤਿਆਂ ਵਿੱਚ ਆ ਜਾਵੇਗੀ।ਅਗਰਵਾਲ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੀਆਂ ਜੋ ਵੀ ਮੁਸ਼ਕਲਾਂ ਹਨ ਉਸ ਨੂੰ ਸਰਕਾਰ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ।
ਇਸ ਮੌਕੇ ਸ੍ਰ ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਦੱਸਿਆ ਕਿ ਕਿਸਾਨਾਂ ਵੱਲੋਂ ਪੈਡੀ ਚੌਸਰ ਦੀਆਂ 11, ਮਲਚਰ ਦੀਆਂ 9 ਅਤੇ ਜੀਰੋ ਟਿਕ ਡਰਿਲ ਦੀਆਂ 33 ਦਰਖਾਸਤਾਂ ਪ੍ਰਾਪਤ ਹੋਈਆਂ ਹਨ ਅਤੇ ਇਨ੍ਹਾਂ ਦਰਖਾਸਤਾਂ ਦਾ ਵੀ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ।ਛੀਨਾ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਸੀ ਲਗਾਈ ਉਨ੍ਹਾਂ ਦਾ 23 ਤੋਂ 24 ਕੁਇੰਟਲ ਪ੍ਰਤੀ ਏਕੜ ਝਾੜ ਵਧਿਆ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਲਾਭ ਹੋਇਆ ਹੈ।ਉਨ੍ਹਾਂ ਦੱਸਿਆ ਕਿ ਪਰਾਲੀ ਵਿੱਚ ਨਾਈਟਰੋਜਨ ਕਾਫੀ ਮਾਤਰਾਂ ਵਿੱਚ ਹੁੰਦੀ ਹੈ ਜਿਸ ਨਾਲ ਖੇਤ ਦੀ ਉਤਪਾਦਕਤਾ ਸ਼ਕਤੀ ਵਿੱਚ ਵਾਧਾ ਹੁੰਦਾ ਹੈ।ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਬਿਲਕੁਲ ਨਾ ਸਾੜਣ ਕਿਉਂਕਿ ਪਰਾਲੀ ਨੂੰ ਜਿਥੇ ਵਾਤਾਵਰਣ ਪ੍ਰਦੂਸਿਤ ਹੁੰਦਾ ਹੈ ਅਤੇ ਕਈ ਜਾਨਾਂ ਵੀ ਅਜਾਂਈ ਜਾਂਦੀਆਂ ਹਨ।
ਇਸ ਮੌਕੇ ਇੰਜ: ਰਣਬੀਰ ਸਿੰਘ, ਡਾ: ਮਨਦੀਪ ਸਿੰਘ ਪ੍ਰਾਜੈਕਟ ਡਾਇਰੈਕਟਰ ਆਤਮਾ, ਗੁਰਦੀਪ ਸਿੰਘ ਢਿਲੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media