ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਆਖਿਆ ਹੈ ਕਿ ਤਖ਼ਤ ਸ੍ਰੀ
ਪਟਨਾ ਸਾਹਿਬ ਵਿਖੇ ਕਮੇਟੀ ਨਵੀਂ ਬਣ ਚੁੱਕੀ ਹੈ, ਪਰ ਇੱਕ ਇਕੱਲਾ ਆਦਮੀ ਜਿਸ ਕੋਲ ਇਸ ਵੇਲੇ ਕੋਈ ਅਧਿਕਾਰ ਨਹੀ ਹੈ, ਉਹ ਤਖ਼ਤ ਸਾਹਿਬ ਦੇ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਸੰਗਤਾਂ ਨੂੰ ਕਈ ਭਰਮ ਭੁਲੇਖਿਆਂ ਵਿਚ ਪਾ ਰਿਹਾ ਹੈ।ਉਸ ਨੂੰ ਇਹ ਨਹੀ ਪਤਾ ਕੇ ਇਹ ਮਸਲਾ ਤਾਂ ਸਮੁੱਚੇ ਪੰਥ ਦਾ ਮਸਲਾ ਹੈ ਸਰਕਾਰਾਂ ਦਾ ਨਹੀਂ।ਇਹ ਸਿੱਖਾਂ ਦੇ ਧਾਰਮਿਕ ਅਸਥਾਨ ਅਤੇ ਮਰਿਯਾਦਾ ਨਾਲ ਸਬੰਧਤ ਹੈ।ਉਨਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਅਕਤੀ ਆਪਣੀ ਸ਼ੋਹਰਤ ਲਈ ਸਰਕਾਰਾਂ ਦੇ ਹੱਥ ਠੋਕੇ ਬਣ ਕੇ ਸਿੱਖੀ ਦਾ ਨੁਕਸਾਨ ਕਰ ਰਹੇ ਹਨ।ਇਹ ਤਾਂ ਸਰਕਾਰ ਦੀ ਕੋਈ ਗੁੱਝੀ ਸਾਜਿਸ਼ ਹੈ, ਜਿਸ ਵਿਚ ਸਿੱਖਾਂ ਨੂੰ ਹੀ ਮੋਹਰਾ ਬਣਾ ਕੇ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਉਪਰ ਕਬਜ਼ਾ ਕਰਨ ਦੀ ਯੋਜਨਾ ਹੈ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਇਸੇ ਤਰ੍ਹਾਂ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਜੀ ਵਿਖੇ ਸਰਕਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਪੰਜਾਬ ਤੋਂ ਬਾਹਰ ਦੂਸਰੇ ਤਖ਼ਤ ਸਾਹਿਬਾਨ `ਤੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ।ਜਿਸ ਲਈ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਕਰਕੇ ਅੱਗੇ ਹੋ ਕੇ ਇਸ ਲੜਾਈ ਨੂੰ ਠੱਲ ਪਾਉਣ ਲਈ ਆਪਣਾ ਯੋਗਦਾਨ ਪਾਵੇ।ਸਿੰਘ ਸਾਹਿਬ ਜੀ ਨੇ ਕਿਹਾ ਕੇ ਸਰਕਾਰ ਦੇ ਇਸ ਤਰ੍ਹਾਂ ਦੇ ਕਾਰਨਾਮੇ ਨਾਲ ਸਿੱਖਾਂ ਵਿਚ ਭਰਾ ਮਾਰੂ ਜੰਗ ਛੇੜਨ ਦੀ ਗੁੱਝੀ ਚਾਲ ਜਾਪਦੀ ਹੈ।ਉਨਾਂ ਕਿਹਾ ਕਿ ਸਮੁੱਚਾ ਪੰਥ ਇਸ ਤਰ੍ਹਾਂ ਦੀਆਂ ਚਾਲਾਂ ਤੋਂ ਸੁਚੇਤ ਹੋਵੇ ਅਤੇ ਪੰਜ ਤਖ਼ਤਾਂ ਦੀ ਮਰਿਯਾਦਾ ਇੱਕ ਕਰਨ ਵਾਸਤੇ ਸਮੂਹ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ ਇਸ ਕਾਰਜ ਲਈ ਉਪਰਾਲੇ ਆਰੰਭਣ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media