ਭੀਖੀ, 3 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਹਲਕਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਬਠਿੰਡਾ ਵਿਖੇ ਹੋਈ ਵਲੰਟੀਅਰ ਕਨਵੈਸ਼ਨ

ਵਿੱਚ ਹਿੱਸਾ ਲੈਣ ਵਾਲੇ ਪੰਜਾਬ ਹਿਤੈਸ਼ੀ ਲੋਕਾਂ ਦਾ ਤਹਿ ਦਿਲ ਤੋੰ ਧੰਨਵਾਦ ਕੀਤਾ।ਉਨਾਂ ਕਿਹਾ ਕਿ ਆਪ ਵਲੰਟੀਅਰ ਕਨਵੈਨਸ਼ਨ ਵਿੱਚ 6 ਮਤੇ ਪਾਸ ਕੀਤੇ ਗਏ ਹਨ, ਉਨਾਂ `ਤੇ ਆਪ ਵਲੰਟੀਅਰ ਸਖਤੀ ਨਾਲ ਪਹਿਰਾ ਦੇਣ। ਕਨਵੈਨਸ਼ਨ ਵਿੱਚ ਪਾਸ ਕੀਤੇ ਗਏ ਮਤਾ ਨੰਬਰ 1 `ਚ ਲਿਖਿਆ ਗਿਆ ਕਿ ਆਪ ਵਲੰਟੀਅਰ ਕਨਵੈਨਸ਼ਨ ਪੰਜਾਬ ਯੂਨਿਟ ਨੂੰ ਖੁਦਮੁਖਤਿਆਰ ਬਣਾਉਣਾ ਚਾਹੁੰਦੀ ਹੈ ਇਹ ਯੂਨਿਟ ਆਪਣੇ ਫੈਸਲੇ ਖੁਦ ਲਵੇਗੀ ਤੇ ਲਏ ਗਏ ਫੈਸਲਿਆਂ ਨੂੰ ਸਮੇਂ ਸਮੇਂ ਤੇ ਆਪ ਰਾਸ਼ਟਰੀ ਲੀਡਰਸ਼ਿਪ ਨੂੰ ਜਾਣੂ ਕਰਵਾਏਗੀ।
ਮਤਾ ਨੰਬਰ 2 `ਚ: ਲਿਖਿਆ ਗਿਆ ਕਿ ਆਪ ਵਲੰਟੀਅਰ ਕਨਵੈਨਸ਼ਨ ਮੌਜੂਦਾ ਨਕਾਰਾ ਤੇ ਆਯੋਗ ਆਪ ਸੰਗਠਨ ਨੂੰ ਭੰਗ ਕਰਦੀ ਹੈ।ਜਿਸ ‘ਚ ਡਾ.ਬਲਬੀਰ ਵਰਗੇ 19 000 ਵੋਟਾਂ ਲੈਣ ਵਾਲੇ ਲੋਕ ਔਹਦਿਆਂ ਤੇ ਕਾਬਿਜ ਹਨ, ਇਹ ਕਨਵੈਨਸ਼ਨ ਖਹਿਰਾ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਆਪ ਦੇ ਪੰਜਾਬ ਸੰਗਠਨ ਦੀ ਰੂਪਰੇਖਾ ਮੁੜ ਤਿਆਰ ਕਰਨ ਡਾ ਅਧਿਕਾਰ ਦਿੰਦੀ ਹੈ।
ਮਤਾ ਨੰਬਰ 3 ਅਨੁਸਾਰ ਆਪ ਵਲੰਟੀਅਰ ਕਨਵੈਨਸ਼ਨ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵੱਜੋਂ ਸੁਖਪਾਲ ਖਹਿਰਾ ਵੱਲੋਂ ਨਿਭਾਏ ਗਏ ਕਿਰਦਾਰ ਦੀ ਸ਼ਲਾਘਾ ਕਰਦੀ ਹੈ।
ਮਤਾ ਨੰਬਰ 4 ਲਿਖਿਆ ਗਿਆ ਕਿ ਆਪ ਵਲੰਟੀਅਰ ਕਨਵੈਨਸ਼ਨ ਹਾਈਕਮਾਂਡ ਵੱਲੋਂ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦਾ ਵਿਰੋਧ ਕਰਦੀ ਹੈ ਤੇ ਚੰਡੀਗੜ੍ਹ ਵਿਖੇ ਵਿਧਾਇਕਾਂ ਦੀ ਮੀਟਿੰਗ ਸੱਦ ਕੇ ਵਿਰੋਧੀ ਧਿਰ ਦਾ ਨੇਤਾ ਮੁੜ ਚੁਣਨ ਦਾ ਐਲਾਨ ਕਰਦੀ ਹੈ।
ਮਤਾ ਨੰਬਰ 5 `ਚ ਲਿਖਿਆ ਗਿਆ ਕਿ ਆਪ ਵਲੰਟੀਅਰ ਕਨਵੈਨਸ਼ਨ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਹੁਕਮ ਦਿੰਦੀ ਹੈ ਕੀ ਉਹ ਪਾਰਟੀ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ 12 ਅਗਸਤ ਨੂੰ ਹੁਸ਼ਿਆਰਪੁਰ ਤੋਂ ਸ਼ੁਰੂ ਕਰਨ।ਇਸ ਮਤੇ ਦੀ ਵੀ ਪ੍ਰਵਾਨਗੀ ਲਈ ਗਈ ਕੀ ਜਿਹੜੇ ਕਨਵੈਨਸ਼ਨ ਵਿੱਚ ਨਹੀਂ ਆਏ ਤੇ ਕਨਵੈਨਸ਼ਨ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਸ਼ਾਂਤ ਮਈ ਢੰਗ ਨਾਲ ਪਿੰਡ ਵਿੱਚ ਨਾ ਵੜਨ ਦਿੱਤਾ ਜਾਵੇ।
ਮਤਾ ਨੰਬਰ 6 ਲਿਖਿਆ ਗਿਆ ਕਿ ਆਪ ਵਲੰਟੀਅਰ ਕਨਵੈਨਸ਼ਨ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਐਨ.ਆਰ.ਆਈ ਪੰਜਾਬੀਆਂ ਵੱਲੋਂ 2017 ਦੀਆਂ ਵਿਧਾਨ ਸਭ ਚੋਣਾਂ ਤੇ ਇਸ ਕਨਵੈਨਸ਼ਨ ਨੂੰ ਕਾਮਯਾਬ ਕਰਨ ਲਈ ਤਨ ਮਨ ਧਨ ਨਾਲ ਸਾਥ ਦੇਣ ਤੇ ਉਨ੍ਹਾਂ ਦਾ ਧੰਨਵਾਦ ਕਰਦੀ ਹੈ।
Punjab Post Daily Online Newspaper & Print Media