ਪਠਾਨਕੋਟ, 4 ਅਗਸਤ (ਪੰਜਾਬ ਪੋਸਟ ਬਿਊਰੋ) -ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ, ਇਸ ਸਮੇਂ ਜਰੂਰਤ ਹੈ ਸਾਨੂੰ ਜਾਗਰੁਕ ਹੋਣ ਦੀ। ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਚਾਲੂ ਮਾਨਸੂਨ ਰੁੱਤ ਦੌਰਾਨ ਵਰਖਾ ਘੱਟ ਹੋਣ ਕਰਕੇ ਕੁਦਰਤੀ ਜਲ ਸਰੋਤ ਭੰਡਾਰਾਂ ਵਿੱਚ ਪਾਣੀ ਦੀ ਆਮਦ ਘੱਟ ਹੋਣ ਕਾਰਨ ਜਲ ਭੰਡਾਰ ਕੇਵਲ 19% ਅਤੇ 15% ਹੀ ਭਰੇ ਹਨ, ਜਿਸ ਕਰਕੇ ਫਸਲਾਂ ਲਈ ਪਾਣੀ ਦੀ ਵਰਤੋਂ ਪ੍ਰਤੀ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ।
ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਮਾਨਸੂਨ ਨੂੰ ਰਾਜ ਵਿੱਚ ਪਹੁੰਚੇ ਹੋਏ ਨੂੰ ਤਕਰੀਬਨ ਇੱਕ ਮਹੀਨਾ ਹੋ ਜਾਣ ਦੇ ਬਾਵਜੂਦ ਡੈਮਾਂ ਦੇ ਜਲ ਭੰਡਾਰਾਂ ਵਿੱਚ ਪਾਣੀ ਦੀ ਖਾਸ ਮਾਤਰਾ ਨਾਲ ਭਰਪਾਈ ਨਹੀਂ ਹੋਈ ਹੈ ਜੋ ਭਵਿੱਖ ਵਿੱਚ ਆ ਰਹੇ ਸੰਕਟ ਦਾ ਸੰਕੇਤ ਚਿੰਨ ਹੈ।ਉਨਾਂ ਦੱਸਿਆ ਅਗਲੇ ਦਿਨਾਂ ਦੌਰਾਨ ਜੇਕਰ ਹਾਲਤ ਨਾਂ ਸੁਧਰੇ ਤਾਂ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਉਨਾਂ ਕਿਹਾ ਕਿ ਜ਼ਰੂਰਤ ਅਨੁਸਾਰ ਵਰਖਾ ਨਾਂ ਹੋਣ ਕਾਰਨ ਪੈਦਾ ਹੋਈ ਸਥਿਤੀ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਆਰਮੈਨ ਨੇ ਸੁਚੇਤ ਕੀਤਾ ਹੈ ਕਿ ਘੱਟ ਵਰਖਾ ਦੇ ਕਾਰਨ ਜੇਕਰ ਡੈਮਾਂ ਦੇ ਪਾਣੀ ਦੀ ਮਾਤਰਾ ਵਿੱਚ ਲੋੜ ਮੁਤਾਬਿਕ ਵਾਧਾ ਨਹੀਂ ਹੁੰਦਾ ਤਾਂ ਰਾਜ ਵਿੱਚ ਚੱਲ ਰਹੀਆਂ ਨਹਿਰਾਂ ਦੀ ਸਪਲਾਈ ਤੇ ਗੰਭੀਰ ਅਸਰ ਪਵੇਗਾ। ਉਨਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਮੁੱਖ ਰੱਖਦਿਆਂ ਫਸਲਾਂ ਖਾਸ ਕਰਕੇ ਝੋਨੇ ਦੀ ਫਸਲ ਨੂੰ ਪਾਣੀ ਜ਼ਰੂਰਤ ਅਨੁਸਾਰ ਹੀ ਲਗਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਆਮ ਕਰਕੇ ਦੇਖਿਆ ਗਿਆ ਹੈ ਕਿ ਕਿਸਾਨ ਝੋਨੇ ਵਿੱਚ ਪਾਣੀ ਖੜਾ ਰੱਖਦੇ ਹਨ ਜਿਸ ਨਾਲ ਫਸਲ ਨੂੰ ਕਈ ਬਿਮਾਰੀਆ ਲੱਗਣ ਦਾ ਡਰ ਲੱਗਿਆ ਰਹਿੰਦਾ ਹੈ, ਜਿਸ ਨਾਲ ਖੇਤੀ ਲਾਗਤ ਖਰਚੇ ਵਧਦੇ ਹਨ ਅਤੇ ਸ਼ੁੱਧ ਆਮਦਨ ਘਟ ਜਾਂਦੀ ਹੈ ।ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਪਾਣੀ ਲਗਾਉਣ ਤੋਂ ਬਾਅਦ ਅਗਲਾ ਪਾਣੀ ਉਦੋਂ ਲਗਾਉ ਜਦ ਪਹਿਲੇ ਪਾਣੀ ਦੇ ਜ਼ਮੀਨ ਵਿੱਚ ਜੀਰੇ ਨੂੰ 2 ਦਿਨ ਹੋ ਗਏ ਹੋਣ।ਉਨਾਂ ਕਿਹਾ ਕਿ ਜੇਕਰ ਨੇੜ ਭਵਿੱਖ ਵਿੱਚ ਬਾਰਸ਼ਾਂ ਜ਼ਰੂਰਤ ਅਨੁਸਾਰ ਨਾਂ ਹੋਈਆ ਤਾਂ ਝੋਨੇ ਦੀ ਫਸਲ ਉਪਰ ਬੁਰਾ ਪ੍ਰਭਾਵ ਪੈ ਸਕਦਾ ਹੈ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media