ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਤੀਆਂ ਦਾ ਤਿਉਹਾਰ ਸਮੂਹ ਸਟਾਫ ਮੈਂਬਰਾਂ
ਅਤੇ ਵਿਦਿਆਰਥਣਾਂ ਵਲੋਂ ਧੂਮ-ਧਾਮ ਨਾਲ ਮਨਾਇਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਪਤਨੀ ਅਤੇ ਸਪੋਰਟਸ ਮੈਡੀਸਨ ਵਿਭਾਗ ਪ੍ਰੋਫੈਸਰ ਤੇ ਮੁਖੀ ਡਾ. ਸ਼ਵੇਤਾ ਸ਼ਿਨੋਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸ਼੍ਰੀਮਤੀ ਬਲਬੀਰ ਕੌਰ ਬੇਦੀ ਅਤੇ ਸ਼੍ਰੀਮਤੀ ਵੰਦਨਾ ਮੈਂਬਰ ਆਫ ਆਲ ਲੇਡੀਜ਼ ਲੀਗ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਕਾਲਜ ਪਹੁੰਚਣ `ਤੇ ਫੁੱਲਾਂ ਨਾਲ ਨਿੱਘਾ ਸੁਆਗਤ ਕੀਤਾ।ਕਾਲਜ ਪ੍ਰਿੰਸੀਪਲ, ਸਮੂਹ ਸਟਾਫ ਮੈਂਬਰਾਂ, ਆਏ ਹੋਏ ਮਹਿਮਾਨਾਂ ਅਤੇ ਗਿੱਧਾ ਟੀਮ ਦੀਆਂ ਵਿਦਿਆਰਥਣਾਂ ਨੇ ਲੋਕ ਗੀਤ, ਕਿੱਕਲੀ ਅਤੇ ਲੋਕ ਨਾਚ ਗਿੱਧਾ ਪਾ ਕੇ ਤੀਆਂ ਦਾ ਖੂਬ ਰੰਗ ਬੰਨ੍ਹਿਆ।
ਮੁੱਖ ਮਹਿਮਾਨ ਡਾ. ਸ਼ਵੇਤਾ ਸ਼ਿਨੋਏ ਨੇ ਤੀਆਂ ਦੇ ਸਭਿਆਚਾਰਕ ਮੱਹਤਵ ਬਾਰੇ ਬੋਲਦਿਆਂ ਕਿਹਾ ਕਿ ਤੀਆਂ ਔਰਤਾਂ ਦੇ ਮਨੋਭਾਵਾਂ ਦੀ ਪੂਰਤੀ ਦਾ ਤਿਉਹਾਰ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ‘ਤੀਆਂ ਧੀਆਂ ਨਾਲ’ ਦੇ ਬੋਲਾਂ ਨਾਲ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸਾਉਣ ਦੇ ਪ੍ਰਸਿੱਧ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਸਭਿਆਚਾਰਕ ਰਸਮਾਂ ਰਿਵਾਜਾਂ ਦਾ ਬਹੁਤ ਮਹੱਤਵ ਹੈ।ਕੋਈ ਵੀ ਸਮਾਜ ਆਪਣੇ ਸਭਿਆਚਾਰ ਨਾਲੋਂ ਟੁੱਟ ਕੇ ਜਿਆਦਾ ਦੇਰ ਤੱਕ ਜਿਉਂਦਾ ਨਹੀ ਰਹਿ ਸਕਦਾ।ਉਹਨਾਂ ਪੀਂਘ ਨੂੰ ਔਰਤਾਂ ਦੇ ਹੋਂਸਲੇ, ਉਮੰਗ ਅਤੇ ਇਛਾਵਾਂ ਦਾ ਪ੍ਰਗਟਾਵਾ ਦੱਸਦਿਆਂ ਕਿਹਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੱਧਣ ਫੁੱਲਣ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਸਾਰਾ ਸਮਾਜ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਨੂੰ ਛੋਹ ਸਕੇ।
ਇਸ ਸਮੇਂ ਕਾਲਜ ਦੇ ਮਨੋਵਿਗਿਆਨ ਵਿਭਾਗ ਪ੍ਰੋਫੈਸਰ ਤੇ ਮੁਖੀ ਡਾ. ਸਿਮਰਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਹਰਲੀਨ ਕੌਰ ਅਤੇ ਅਸਿਸਟੈਂਟ ਪ੍ਰੋਫੈਸਰ ਪ੍ਰਿਯੰਕਾ ਚੌਹਾਨ ਵਲੋਂ ਲਿਖੀ ‘ਡਰੱਗ ਐਬਯੂਜ਼’ ਨਾਂ ਦੀ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ।ਮਿਸ਼ਨਦੀਪ ਐਨ.ਜੀ.ਓ ਦੇ ਵਿਦਿਆਰਥੀਆਂ ਅਤੇ ਮੈਂਬਰਾਂ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media