ਜੰਡਿਆਲਾ, 6 ਅਗਸਤ ( ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਬਲਾਕ ਜੰਡਿਆਲਾ ਗੁਰੂ ਵਿੱਚ ਪਿੰਡ ਨਿੱਜਰਪੁਰਾ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ
ਜੰਡਿਆਲਾ ਗੁਰੂ, ਸ੍ਰੀਮਤੀ ਕੁਲਦੀਪ ਕੌਰ ਭਮਰਾ ਦੀ ਅਗਵਾਈ ਅਧੀਨ ਅੰਤਰਰਾਸ਼ਟਰੀ ਬਰੈਸਟਫੀਡਿੰਗ ਵੀਕ ‘ਫਾਊਂਡੇਸ਼ਨ ਆਫ਼ ਲਾਇਫ’ ਟਾਇਟਲ ਅਧੀਨ ਬਲਾਕ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਸੁਪਰਵਾਇਜ਼ਰ ਸ੍ਰੀਮਤੀ ਰਜਵੰਤ ਕੌਰ ਦੁਆਰਾ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ।
ਇਸ ਮੌਕੇ ਤੇ ਇਸਤਰੀ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਪੋਸ਼ਣ ਦਿਵਸ ਹਰ ਮਹੀਨੇ ਦੇ 14 ਤਰੀਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਦੀ ਸਹੁੰ ਚੁੱਕੀ ਗਈ ਤਾਂ ਕਿ ਕੁਪੋਸ਼ਣ ਦੀ ਸਮੱਸਿਆ ਨੂੰ ਠੱਲ ਪਾਈ ਜਾ ਸਕੇ।
ਸਿਹਤ ਵਿਭਾਗ ਤੋਂ ਬਲਾਕ ਐਜੂਕੇਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਂ ਦੇ ਦੁੱਧ ਦੇ ਬੱਚੇ ਨੂੰ ਕੀ ਲਾਭ ਹਨ। ਉਨ੍ਹਾਂ ਕਿਹਾ ਕਿ ਕੁਝ ਬੱਚਿਆਂ ਵਿੱਚ ਕੁਪੋਸ਼ਣ ਦਾ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਜਨਮ ਤੋਂ ਬਾਅਦ ਮਾਂ ਦੇ ਦੁੱਧ ਦੀ ਮਿਕਦਾਰ ਮਾਤਰਾ ਵਿੱਚ ਪ੍ਰਾਪਤ ਨਹੀਂ ਹੁੰਦੀ।ਉਨ੍ਹਾਂ ਕਿਹਾ ਕਿ ਬੱਚੇ ਦੇ 6 ਮਹੀਨੇ ਦੇ ਹੋਣ ਤੇ ਉਸਨੂੰ ਮਾਂ ਦੇ ਦੁੱਧ ਤੋਂ ਇਲਾਵਾ ਹੋਰ ਜਲਦੀ ਪਚਣ ਵਾਲੇ ਭੋਜਨ ਵੀ ਦੇਣੇ ਜਰੂਰੀ ਹਨ।
ਇਸ ਮੌਕੇ ਤੇ ਸ੍ਰੀਮਤੀ ਕੁਲਦੀਪ ਕੌਰ, ਸੀ.ਡੀ.ਪੀ.ਓ ਜੰਡਿਆਲਾ ਗੁਰੂ ਨੇ ਕਿਹਾ ਕਿ ਅੱਜ ਬਦਲਦੇ ਸਮੇਂ ਵਿੱਚ ਨਿਊਟਰੀਸ਼ਨ ਅਤੇ ਕਾਉਂਸਲਿੰਗ ਅਧੀਨ ਆਂਗਣਵਾੜੀ ਵਰਕਰ ਦੀ ਜਿੰਮੇਵਾਰੀ ਬਹੁਤ ਜ਼ਿਆਦਾ ਬਣਦੀ ਹੈ ਕਿ ਉਹ ਹਰ ਰੋਜ ਹੋਮ ਵਿਜਟ ਦੌਰਾਨ ਗਰਭਵਤੀ ਮਾਵਾਂ, ਦੁੱਧ ਪਿਲਾਊ ਮਾਵਾਂ ਅਤੇ ਕਿਸ਼ੋਰੀਆਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਤਾਂ ਕਿ ਬੱਚਿਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ।ਉਨ੍ਹਾਂ ਇਹ ਵੀ ਦੱਸਿਆ ਕਿ ਬੱਚੇ ਦੇ ਛੇ ਮਹੀਨੇ ਦੀ ਉਮਰ ਪੂਰੀ ਹੋਣ ਤੇ ਉਸਨੂੰ ਕਿਹੜੇ-ਕਿਹੜੇ ਭੋਜਨ ਪਦਾਰਥ ਕਿੰਨੀ ਮਿਕਦਾਰ ਅਤੇ ਕਿੰਨੀ ਵਾਰ ਦੇਣੇ ਹਨ। ਉਨ੍ਹਾਂ ਐਚ.ਆਈ.ਵੀ ਨਾਲ ਪ੍ਰਭਾਵਿਤ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਊ ਮਾਵਾਂ ਸਬੰਧੀ ਵੀ ਜਾਣਕਾਰੀ ਦਿੱਤੀ ਕਿ ਉਹ ਆਪਣੇ ਬੱਚੇ ਨੂੰ ਕਿਵੇਂ ਫੀਡ ਦੇ ਕੇ ਐਚ.ਆਈ.ਵੀ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਤੇ ਬਲਾਕ ਜੰਡਿਆਲਾ ਗੁਰੂ ਤੋਂ ਸਮੂਹ ਆਂਗਣਵਾੜੀ ਵਰਕਰ, ਆਸ਼ਾ ਵਰਕਰ ਸ੍ਰੀਮਤੀ ਸਵਰਨ ਕੌਰ ਅਤੇ ਵੱਡੀ ਗਿਣਤੀ ਵਿੱਚ ਦੁੱਧ ਪਿਲਾਊ ਮਾਵਾਂ ਸ਼ਾਮਲ ਹੋਈਆਂ।ਹਾਜ਼ਰ ਦੁੱਧ ਪਿਲਾਊ ਮਾਵਾਂ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਸੁਣਿਆ ਗਿਆ ਅਤੇ ਕਾਉਂਸਲਿੰਗ ਕੀਤੀ ਗਈ।ਇਸ ਮੌਕੇ ਤੇ ਕ੍ਰਿਸ਼ੀ ਵਿਗਿਆਨ ਕੇਂਦਰ, ਮਜੀਠਾ ਵੱਲੋਂ ਚਲਾਏ ਜਾ ਰਹੇ ਸਿਖਲਾਈ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਜੋ ਕਿਸ਼ੋਰੀਆਂ ਅਤੇ ਆਮ ਔਰਤਾਂ ਵੀ ਇਨ੍ਹਾਂ ਦਾ ਲਾਭ ਪ੍ਰਾਪਤ ਕਰਕੇ ਸਵੈ ਨਿਰਭਰ ਬਣ ਸਕਣ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media