Tuesday, March 10, 2026

ਅੰਮ੍ਰਿਤਧਾਰੀ ਪਰਿਵਾਰ ਦੀ ਮਾਰਕੁੱਟ ਤੇ ਕਕਾਰਾਂ ਦੀ ਬੇਅਦਬੀ ਘਿਨਾਉਣੀ ਹਰਕਤ – ਜਥੇਦਾਰ ਗਿ. ਗੁਰਬਚਨ ਸਿੰਘ

G. Gurbachan Singhਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਡਾ ਗੁਆਂਢੀ ਸੂਬਾ ਜਿਥੇ ਵੱਡੀ ਗਿਣਤੀ `ਚ ਸਿੱਖ ਵੱਸਦੇ ਹਨ ਅਤੇ ਸਾਡੇ ਇਤਿਹਾਸਿਕ ਗੁ: ਸਾਹਿਬ ਵੀ ਮੌਜੂਦ ਹਨ।ਉਥੇ ਬਿਨ੍ਹਾਂ ਕਾਰਨ ਤੋਂ ਅੰਮ੍ਰਿਤਧਾਰੀ ਪਰਿਵਾਰ ਦੀ ਮਾਰਕੁੱਟ ਕਰਨੀ, ਕਕਾਰਾਂ ਦੀ ਬੇਅਦਬੀ ਕਰਨੀ ਅਤੇ ਕਿੰਨੀ ਘਿਨਾਉਣੀ ਹਰਕਤ ਕਰਨੀ ਕਿ ਗਰਭਵਤੀ ਔਰਤ ਦੇ ਪੇਟ ਵਿਚ ਲੱਤਾਂ ਮਾਰਨੀਆਂ।ਇਹ ਸਿੱਖ ਅਤੇ ਜਾਟ ਭਾਈਚਾਰੇ ਵਿਚ ਤਕਰਾਰ ਪੈਦਾ ਕਰਨ ਦੀ ਕੋਝੀ ਸਾਜਿਸ਼ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਇਸ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸ਼ਨ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ `ਤੇ ਕਾਨੂੰਨੀ ਕਾਰਵਾਈ ਕਰੇ ਅਤੇ ਸਮੁੱਚੇ ਸਿੱਖ ਇਸ ਘਟਨਾ ਦੇ ਵਿਰੁੱਧ ਆਪਣੀ ਅਵਾਜ਼ ਉਠਾਉਣ ਜਿਸ ਨਾਲ ਪੀੜਤ ਪਰਿਵਾਰ ਨੂੰ ਨਿਆ ਮਿਲ ਸਕੇ।
ਇਥੇ ਹੀ ਬਸ ਨਹੀਂ ਦੂਜੇ ਸੂਬੇ ਅਤੇ ਵਿਦੇਸ਼ਾਂ ਵਿਚ ਵੀ ਸਿੱਖਾਂ ਉੱਪਰ ਇਸ ਤਰ੍ਹਾਂ ਦੀਆ ਘਟਨਾਵਾਂ ਵਾਪਰ ਰਹੀਆਂ ਹਨ ਜਿਵੇਂ ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਦੇ ਖਾਜੂਵਾਲਾ ਕਸਬੇ ਵਿਚ ਭਰੇ ਬਜ਼ਾਰ ਵਿਚ ਸਿੱਖ ਨਾਲ ਕੁੱਟਮਾਰ ਕੀਤੀ ਗਈ ਕਿਸੇ ਪੁਲਿਸ ਵਾਲੇ ਨੇ ਅੱਗੇ ਹੋ ਕੇ ਨਹੀਂ ਛੁਡਾਇਆ, ਸਗੋਂ ਜਿਸ ਦੀ ਕੁੱਟਮਾਰ ਹੋਈ ਉਸ ਉਪਰ ਹੀ ਮੁਕਦਮਾ ਦਰਜ ਕੀਤਾ ਗਿਆ।ਗੁਰਦਾਸਪੁਰ ਦੇ ਪਿੰਡ ਕਲੇਰ ਕਲ੍ਹਾਂ ਵਿਖੇ ਇੱਕ ਨੌਜਵਾਨ ਅੰਮ੍ਰਿੱਧਾਰੀ ਬੱਚੇ ਨੂੰ ਕੇਸਾਂ ਤੋਂ ਪਕੜ ਕੇ ਕੁੱਟਮਾਰ ਕੀਤੀ ਗਈ ਅਤੇ ਵਿਦੇਸ਼ ਵਿਚ ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਇੱਕ ਸਿੱਖ ਤਰਲੋਕ ਸਿੰਘ ਨਾਂ ਦੇ ਵਿਅਕਤੀ ਦੀ ਉਸ ਦੇ ਸਟੋਰ `ਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।ਜਿਸ ਨਾਲ ਸਿੱਖਾਂ ਦੇ ਮਨ੍ਹਾਂ ਉੱਪਰ ਡੂੰਘੀ ਸੱਟ ਵੱਜੀ ਹੈ।ਇਸ ਸਬੰਧੀ ਸੂਬਾ ਸਰਕਾਰ ਤੁਰੰਤ ਹੱਤਿਆਰਿਆਂ ਨੂੰ ਪਕੜ ਕੇ ਉਨ੍ਹਾਂ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।
ਜਥੇਦਾਰ ਨੇ ਕਿਹਾ ਕਿ ਸੂਬਾ ਸਰਕਾਰਾਂ ਕਿਵੇਂ ਕੁੰਭਕਰਨੀ ਨੀਂਦ ਸੁੱਤੀਆਂ ਹੋਈਆ ਹਨ ਜਾਂ ਫਿਰ ਜਾਣ ਬੁੱਝ ਕੇ ਕਿਸੇ ਗੁੱਝੀ ਸਾਜਿਸ਼ ਦੇ ਅਧੀਨ ਏਜੰਸੀਆਂ ਵੱਲੋਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖਾਂ ਨੂੰ ਜਲੀਲ ਕਰਨ ਵਾਸਤੇ ਕਰਵਾਈਆ ਜਾ ਰਹੀਆਂ ਹਨ।ਇਸ ਸਬੰਧੀ ਸਿੱਖ ਪੰਥ ਨੂੰ ਇੱਕਮੁੱਠ ਹੋ ਕੇ ਸੋਚਣ ਦੀ ਲੋੜ ਹੈ।ਉਨਾਂ ਕਿਹਾ ਕਿ ਜਿਥੇ ਵੀ ਇਹ ਘਟਨਾਵਾਂ ਵਾਪਰੀਆਂ ਹਨ ਉਥੇ ਸੂਬਾ ਸਰਕਾਰ ਅਤੇ ਪ੍ਰਸ਼ਾਸ਼ਨ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।ਜਿਸ ਨਾਲ ਦੇਸ਼ ਦੀ ਅਮਨ ਸ਼ਾਂਤੀ ਭੰਗ ਹੋਵੇ।ਸਮੁੱਚੀ ਸਿੱਖ ਕੌਮ ਇੱਕਠੀ ਹੋ ਕਿ ਅਵਾਜ਼ ਬੁਲੰਦ ਕਰੇ ਤਾਂ ਕਿ ਜਿਥੇ-ਕਿਤੇ ਵੀ ਸਿੱਖ ਬੈਠਾ ਹੋਇਆ ਹੈ, ਉਸ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਸੂਬਾ ਸਰਕਾਰਾਂ ਗੰਭੀਰ ਹੋਣ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply