ਹਿਸਾਰ ਹਮਲੇ ਦੀ ਕੀਤੀ ਨਿਖੇਧੀ
ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਹੀਦੀ ਗੈਲਰੀ ਡਾਉਟ ਕਾਮ ਵੈਬ ਸਾਈਟ ਲਾਂਚ ਕੀਤੀ ਹੈ। ਇਹ ਵੈਬ ਸਾਈਟ ਸ਼ਹੀਦੀ ਗੈਲਰੀ ਸੰਬੰਧੀ ਸੰਗਤ ਨੂੰ ਵਧੇਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਬਣਾਈ ਗਈ ਹੈ। ਸ਼ਹੀਦੀ ਗੈਲਰੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ ’84 ਦੌਰਾਨ ਭਾਰਤੀ ਫ਼ੌਜ ਦੇ ਹਮਲੇ ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪਾ ਗਏ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਾਥੀ ਸਿੰਘਾਂ ਦੀ ਯਾਦ ’ਚ ਉਸਾਰੇ ਗਏ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਜ਼ਮੀਨਦੋਜ਼ ਹਾਲ ਵਿਖੇ ਬਣਾਈ ਜਾ ਰਹੀ।ਇਸ ਵੈਬ ਸਾਈਟ ’ਚ ਦਮਦਮੀ ਟਕਸਾਲ ਦੀਆਂ ਪ੍ਰਚਾਰ ਸਰਗਰਮੀਆਂ ਨੂੰ ਵੀ ਜਗਾ ਦਿਤੀ ਗਈ ਹੈ ਅਤੇ ਜੂਨ ’84 ਦੇ ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸ਼ਹੀਦ ਹੋਏ 894 ਨਾਵਾਂ ਦੀ ਪ੍ਰਾਪਤ ਸੂਚੀ ਤੋਂ ਇਲਾਵਾ ਹੁਣ ਤੱਕ ਪ੍ਰਾਪਤ 300 ਦੇ ਕਰੀਬ ਸ਼ਹੀਦਾਂ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਦਮਦਮੀ ਟਕਸਾਲ ਮੁਖੀ ਨੇ ਹਰਿਆਣਾ ਦੇ ਹਿਸਾਰ ਵਿਖੇ ਸਿੱਖ ਪਰਿਵਾਰ ’ਤੇ ਗੁੰਡਿਆਂ ਵਲੋਂ ਕੀਤੇ ਜਾਨ ਲੇਵਾ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।ਉਨ੍ਹਾਂ ਪੀੜਤਾਂ ਖ਼ਿਲਾਫ਼ ਹੀ ਪਰਚਾ ਕਰਦਿਆਂ ਮੁਲਜ਼ਮਾਂ ਨੂੰ ਬਚਾਉਣ ’ਚ ਲਗੇ ਪੁਲੀਸ ਪ੍ਰਸ਼ਾਸਨ ਨੂੰ ਵੀ ਆੜੇ ਹੱਥੀਂ ਲਿਆ।ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰ ਦੀ ਮਾਰਕੁਟਾਈ ਕਰਨ ਵਾਲਿਆਂ ਵਲੋਂ ਗਰਭਵਤੀ ਸਿੱਖ ਔਰਤ ਦੀ ਮਾਰਕੁੱਟ ਅਣਮਨੁੱਖੀ ਕਾਰਾ ਹੈ।ਉਹਨਾ ਹਰਿਆਣਾ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਹਰ ਹਾਲ ’ਚ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ।ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਿਚ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ ਰਿਹਾ ਹੈ, ਸਿਲਾਂਗ ਹੋਵੇ ਜਾਂ ਹਿਸਾਰ ਜਾਂ ਫਿਰ ਖਾਜੂਵਾਲਾ ਬੀਕਾਨੇਰ ਰਾਜਸਥਾਨ ਥਾਂ-ਥਾਂ ਸਿਖਾਂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਲਈ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਸਿੱਖਾਂ ’ਤੇ ਹੋ ਰਹੇ ਹਮਲਿਆਂ ਨੂੰ ਠੱਲ ਪਾਉਣ ਲਈ ਪੰਥ ਨੂੰ ਇਕ ਮੁੱਠ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਜਸਪਾਲ ਸਿੰਘ ਸਿੱਧੂ ਮੁੰਬਈ, ਜਥੇ: ਸੁਖਦੇਵ ਸਿੰਘ ਅਨੰਦਪੁਰ, ਭਾਈ ਚਮਕੌਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।
Punjab Post Daily Online Newspaper & Print Media