Wednesday, June 24, 2026

ਕੇਰਲ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਅੱਜ ਭੇਜੇਗੀ ਰਾਹਤ ਟੀਮ

ਲੰਗਰ, ਕੱਪੜੇ ਤੇ ਮੈਡੀਕਲ ਸੇਵਾਵਾਂ ਦੇ ਰੂਪ ’ਚ ਕੀਤੀ ਜਾਵੇਗੀ ਸਹਾਇਤਾ

Longowalਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਕੇਰਲ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ 20 ਅਗਸਤ ਨੂੰ 30 ਮੈਂਬਰੀ ਇੱਕ ਵਿਸ਼ੇਸ਼ ਟੀਮ ਭੇਜੀ ਜਾਵੇਗੀ।ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਹਤ ਸੇਵਾਵਾਂ ਲਈ ਭੇਜੇ ਜਾ ਰਹੀ ਇਸ ਰਾਹਤ ਟੀਮ ਵਿਚ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸੁਖਬੀਰ ਸਿੰਘ ਤੇ ਹਰਪ੍ਰੀਤ ਸਿੰਘ, ਸੁਪਰਵਾਈਜਰ ਸ਼ਿਵਰਾਜ ਸਿੰਘ ਤੇ ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ ਤੋਂ ਇਲਾਵਾ ਸੇਵਾਦਾਰਾਂ ਅਤੇ ਲਾਂਗਰੀਆਂ ਸਮੇਤ ਮੈਡੀਕਲ ਅਮਲਾ ਸ਼ਾਮਲ ਹੋਵੇਗਾ।ਰਾਹਤ ਟੀਮ ਦੇ ਮੈਂਬਰ ਹੜ੍ਹ ਪੀੜਤਾਂ ਲਈ ਲੰਗਰ, ਬਸਤਰਾਂ ਤੇ ਮੈਡੀਕਲ ਸੇਵਾਵਾਂ ਦੇਣਗੇ ਉਥੇ ਹੀ ਇਲਾਕਿਆਂ ਦਾ ਦੌਰਾ ਕਰ ਕੇ ਉਥੇ ਲੋਂੜੀਂਦੀ ਸਹਾਇਤਾ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਨੂੰ ਤੁਰੰਤ ਰਿਪੋਰਟ ਕਰਨਗੇ ਜਿਸ ਅਨੁਸਾਰ ਮੁਕੰਮਲ ਰਾਹਤ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਹੈ ਕਿ ਪ੍ਰਧਾਨ ਲੌਂਗੋਵਾਲ ਵੱਲੋਂ ਕੇਰਲਾ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਕੀਤੇ ਗਏ ਐਲਾਨ ਅਨੁਸਾਰ ਭਲਕੇ ਰਾਹਤ ਸੇਵਾਵਾਂ ਲਈ ਵਿਸ਼ੇਸ਼ ਟੀਮ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੇਰਲਾ ਵਿਖੇ ਦੋ ਮੁੱਖ ਰਾਹਤ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਵਿਚ ਇੱਕ ਕੋਚੀਨ ਅਤੇ ਦੂਸਰਾ ਕੋਇਤੰਬੂਰ ਵਿਖੇ ਹੋਏਗਾ।ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਰਾਹਤ ਸੇਵਾਵਾਂ ਵਿਚ ਲੰਗਰ, ਕੱਪੜੇ ਅਤੇ ਮੈਡੀਕਲ ਸਹੂਲਤਾਂ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੇਰਲਾ ਵਿਖੇ ਰਾਹਤ ਸੇਵਾਵਾਂ ਉਦੋਂ ਤੱਕ ਜਾਰੀ ਰੱਖੀਆਂ ਜਾਣਗੀਆਂ ਜਦੋਂ ਤੱਕ ਲੋੜ ਬਣੀ ਰਹੇਗੀ। ਦੱਸਣਯੋਗ ਹੈ ਕਿ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਸਮਿਆਂ ਦੌਰਾਨ ਕੁਦਰਤੀ ਆਫਤਾਂ ਸਮੇਂ ਰਾਹਤ ਸੇਵਾਵਾਂ ਨਿਭਾਈਆਂ ਜਾਂਦੀਆਂ ਰਹੀਆਂ ਹਨ, ਜਿਸ ਵਿਚ ਜੰਮੂ ਕਸ਼ਮੀਰ, ਨੇਪਾਲ, ਉਤਰਾਖੰਡ, ਲੇਹ ਲਦਾਖ ਤੇ ਅੰਡੇਮਾਨ ਨਿਕੋਬਾਰ ਆਦਿ ਵਿਸ਼ੇਸ਼ ਹਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply