ਨਸ਼ਿਆਂ ਦੇ ਕਾਲੇ ਬੱਦਲਾਂ ਤੋਂ ਪੰਜਾਬ ਨੂੰ ਮੁਕਤੀ ਦਿਵਾਉਣ ਲਈ ਸਾਂਝੀ ਲੜਾਈ ਦੀ ਲੋੜ -ਸਿਮਰਤ ਖੰਗੂੜਾ
ਧੂਰੀ, 22 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪੰਜਾਬ ਸਰਕਾਰ ਵੱਲੋਂ ”ਨਸ਼ੇ ਤੋਂ ਅਜਾਦੀ” ਵਿੱਢੀ ਮੁਹਿੰਮ ਤਹਿਤ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀਂ ਸਿਮਰਤ ਖੰਗੂੜਾ ਅਤੇ ਐਸ.ਡੀ.ਐਮ ਧੂਰੀ ਦੀਪਕ ਰਹੇਲਾ ਨੇ ਸ਼ਿਰਕਤ ਕੀਤੀ।ਸਮਾਗਮ ਨੂੰ ਸੰਬੋਧਨ ਕਰਦਿਆਂ ਸਿਮਰਤ ਖੰਗੂੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ’ਚ ਨਸ਼ਾ ਖਤਮ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਢੀ ਗਈ ਹੈ ਅਤੇ ਇਸ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਸਰਕਾਰ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਿਪਟ ਰਹੀ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਲੇ ਬੱਦਲਾਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਸਾਂਝੀ ਲੜ੍ਹਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਰਾਣੀ ਪਰਨੀਤ ਕੌਰ ਵਲੋਂ ਉਨਾਂ ਨੂੰ ਨਾਮਜ਼ੱਦ ਕੀਤਾ ਗਿਆ ਹੈ, ਜਿਸ ਤਹਿਤ ਹਲਕੇ ਦੇ ਹਰੇਕ ਸਕੂਲ-ਕਾਲਜ ਵਿੱਚ ਨਸ਼ੇ ਵਿਰੁੱਧ ਜਾਗਰੁਕਤਾ ਸੈਮੀਨਾਰ ਕਰਵਾਏ ਜਾਣਗੇ, ਜਿਸ ਦਾ ਆਗਾਜ਼ ਅੱਜ ਇਸ ਕਾਲਜ ਤੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾਖੋਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ”ਬਡੀ” ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਐਸ.ਡੀ.ਐਮ ਦੀਪਕ ਰਹੇਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਗ੍ਰਿਫਤ `ਚ ਆ ਚੁੱਕੇ ਨੌਜਵਾਨਾਂ ਨੂੰ ਸਿੱਧੇ ਰਸਤੇ ਤੇ ਲਿਆਉਣ ਅਤੇ ਪੀੜੀ ਨੂੰ ਸੁਚੇਤ ਕਰਨ ਲਈ ਅਤੇ ਭਟਕ ਚੁੱਕੇ ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਲਈ ਮੁਹਿੰਮ ਚਲਾਈ ਗਈ ਹੈ।ਉਨ੍ਹਾਂ ਨਸ਼ਾ ਖੋਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਲੋਕ ਜਾਗੂਰਕ ਹੋਣ ਅਤੇ ਪ੍ਰਸ਼ਾਸ਼ਨ ਦਾ ਸਾਥ ਦੇਣ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਮਰਜੀਤ ਸਿੰਘ, ਪ੍ਰੋ: ਹਰਪ੍ਰੀਤ ਸਿੰਘ, ਕਾਕਾ ਤੂਰ, ਮੁਨੀਸ਼ ਗਰਗ ਸਮੇਤ ਹੋਰ ਕਾਲਜ ਦੇ ਸਟਾਫ਼ ਮੈਂਬਰ ਹਾਜਰ ਸਨ।
Punjab Post Daily Online Newspaper & Print Media