ਪੰਜਾਬ ਦੇ ਹਾਲਾਤਾਂ ਦੀ ਤਰਜ਼ਮਾਨੀ ਕਰਦਾ ਜਗਦੀਸ਼ ਖੰਨਾ ਦਾ ਨਾਟਕ ‘ਡਬੋਲੀਏ’ ਸਭ ਨੂੰ ਹਲੂਣ ਗਿਆ
ਸਮਰਾਲਾ, 22 ਅਗਸਤ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ
ਪ੍ਰਧਾਨਗੀ ਹੇਠ ਹੋਈ।ਸਮੁੱਚੀ ਮੀਟਿੰਗ ਦੀ ਕਾਰਵਾਈ ਹੈੱਡਮਾਸਟਰ ਮੇਘ ਸਿੰਘ ਜਵੰਦਾ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ।ਮੀਟਿੰਗ ਦੇ ਸ਼ੁਰੂ ਵਿੱਚ ਬਿਹਾਰੀ ਲਾਲ ਸੱਦੀ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆ ਆਖਿਆ। ਪੰਜਾਬੀ ਸਾਹਿਤ ਸਭਾ ਦੇ ਨਵੇਂ ਚੁਣੇ ਖ਼ਜ਼ਾਨਚੀ ਪੁਖਰਾਜ ਸਿੰਘ ਘੁਲਾਲ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਭਾ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨਾਟਕਕਾਰ ਜਗਦੀਸ਼ ਖੰਨਾ ਅਤੇ ਜਗਰੂਪ ਸਿੰਘ ਬਹਿਲੋਲਪੁਰ ਦਾ ਨਿੱਘਾ ਸਵਾਗਤ ਕੀਤਾ ਗਿਆ।ਉਪਰੰਤ ਇਟਲੀ ਵਿੱਚ ਇੱਕ ਸਤੰਬਰ ਨੂੰ ਹੋਣ ਵਾਲੀ ‘ਯੂਰਪੀ ਪੰਜਾਬੀ ਕਾਨਫਰੰਸ’ ਵਿੱਚ ਕਹਾਣੀਕਾਰ ਸੁਖਜੀਤ ਦਾ ਸਵੈ ਬਿਰਤਾਂਤ ‘ਮੈਂ ਜੈਸਾ ਹੂੰਂ, ਮੈਂ ਵੈਸਾ ਕਿਉਂ ਹੂੰਂ?’ ਨੂੰ ਲੋਕ ਅਰਪਣ ਕਰਨ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਰਾਮਪੁਰ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਦੀ ਖੁੱਲੀ ਕਵਿਤਾ ਨਾਲ ਕੀਤੀ ਗਈ। ਕਹਾਣੀਕਾਰ ਸੰਦੀਪ ਸਮਰਾਲਾ ਨੇ ਕਹਾਣੀ ‘ਗੱਲ ਛੋਟੀ ਨਹੀਂ ਹੁੰਦੀ’ ਸੁਣਾਈ, ਜੋ ਅੱਜ ਦੇ ਦੌਰ ਵਿੱਚ ਬੱਚਿਆਂ ਵਿੱਚ ਇੰਟਰਨੈਟ ਰਾਹੀਂ ਪੈ ਰਹੀਆਂ ਮਾਨਸਿਕ ਗੰਢਾਂ, ਉਲਝਣਾ, ਪੰਜਾਬੀ ਮਾਂ ਬੋਲੀ ਤੋਂ ਬੇਮੁੱਖ ਹੋ ਰਹੇ ਪੰਜਾਬੀਆਂ ਦੀ ਗਾਥਾ ਕਹਿ ਰਹੀ ਸੀ।ਕਹਾਣੀ `ਤੇ ਨਿੱਠ ਕੇ ਵਿਚਾਰ ਚਰਚਾ ਹੋਈ।ਬਲਬੀਰ ਬੱਬੀ ਨੇ ਗਜ਼ਲ ਪੇਸ਼ ਕੀਤੀ, ਖੰਨਾ ਤੋਂ ਪੁੱਜੇ ਨਾਟਕਕਾਰ ਜਗਦੀਸ਼ ਖੰਨਾ ਨੇ ਕਹਾਣੀਕਾਰ ਬਲਵਿੰਦਰ ਗਰੇਵਾਲ ਦੀ ਕਹਾਣੀ `ਤੇ ਅਧਾਰਿਤ ਲਿਖਿਆ ਨਾਟਕ ‘ਡਬੋਲੀਏ’ ਸੁਣਾਇਆ।ਇਹ ਨਾਟਕ ਪੂਰੇ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦਾ ਹੋਇਆ ਜਿਸ ਵਿੱਚ ਪੰਜਾਬ ਦੀ ਨੌਜਵਾਨੀ ਜੋ ਬੇਰੁਜ਼ਗਾਰੀ ਨਾਲ ਝੰਬੀ ਪਈ ਹੈ, ਪੰਜਾਬ ਪੁਲਿਸ ਦੀ ਰਿਸ਼ਵਤਖੋਰੀ, ਖੁਦਕੁਸ਼ੀਆਂ ਦੇ ਰਾਹ ਪਏ ਪੰਜਾਬੀ, ਗੈਂਗਸਟਰਾਂ ਦੀ ਆੜ ਵਿੱਚ ਨੌਜਵਾਨਾਂ ’ਤੇ ਹੋ ਰਹੇ ਅੱਤਿਆਚਾਰਾਂ ਦੇ ਦ੍ਰਿਸ਼ਾਂ ਨੇ ਸਾਰਿਆਂ ਦੇ ਹਿਰਦੇ ਵਲੂੰਧਰ ਦਿੱਤੇ।‘ਡਬੋਲੀਏ’ ਨਾਟਕ ਇਸ ਮੀਟਿੰਗ ਦਾ ਸ਼ਿਖਰ ਰਿਹਾ।ਹਰਬੰਸ ਮਾਲਵਾ ਦੁਆਰਾ ਗੀਤ ਪੇਸ਼ ਕੀਤਾ ਗਿਆ। ਅਵਤਾਰ ਸਿੰਘ ਓਟਾਲ ਨੇ ਕਹਾਣੀ ‘ਕਾੜਨੀ ਵਾਲਾ ਦੁੱਧ’ ਪੇਸ਼ ਕੀਤੀ।ਜਿਸ ਵਿੱਚ ਲੇਖਕ ਨੇ ਪੁਰਾਤਨ ਪੰਜਾਬ ਦੀਆਂ ਵਿਰਾਸਤੀ ਚੀਜਾਂ ਦੇ ਹੇਰਵੇ ਦੀ ਗੱਲ ਕੀਤੀ।ਸਾਰੇ ਲੇਖਕਾਂ ਨੇ ਕਹਾਣੀ ਦੀ ਸਰਾਹਨਾ ਕੀਤੀ।ਕੇਵਲ ਸਿੰਘ ਮੰਜਾਲੀਆਂ ਨੇ ਆਪਣੀ ਜਵਾਨੀ ਦੇ ਵੇਲੇ ਦਾ ਲਿਖਿਆ ਗੀਤ ਤਰੰਨਮ ਵਿੱਚ ਸੁਣਾ ਕੇ ਹਾਜ਼ਰੀ ਲਗਵਾਈ।
ਮੀਟਿੰਗ ਦੌਰਾਨ ਪੜ੍ਹੀਆਂ ਰਚਨਾਵਾਂ ਉੱਤੇ ਬਹਿਸ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ `ਤੇ ਕਹਾਣੀਕਾਰ ਸੁਖਜੀਤ, ਮੇਘ ਸਿੰਘ ਜਵੰਦਾ, ਦਰਸ਼ਨ ਸਿੰਘ ਕੰਗ, ਨਿਰਭੈ ਸਿੰਘ ਸਿੱਧੂ, ਜਗਰੂਪ ਸਿੰਘ ਬਹਿਲੋਲਪੁਰ, ਪੁਖਰਾਜ ਸਿੰਘ ਘੁਲਾਲ, ਜਸਵੀਰ ਸਮਰਾਲਾ, ਇੰਦਰਜੀਤ ਸਿੰਘ ਕੰਗ, ਨੇਤਰ ਸਿੰਘ ਮੁੱਤੋਂ ਵੱਲੋਂ ਸਾਰਥਿਕ ਤੇ ਉਸਾਰੂ ਟਿੱਪਣੀਆਂ ਕੀਤੀਆਂ ਗਈਆਂ।ਅਖੀਰ ਵਿੱਚ ਪ੍ਰਧਾਨ ਬਿਹਾਰੀ ਲਾਲ ਸੱਦੀ ਵੱਲੋਂ ਗੀਤ ਸੁਣਾ ਕੇ, ਆਉਣ ਵਾਲੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media