ਪੱਤਰਕਾਰਤਾ ਇਕ ਚੁਣੌਤੀਪੂਰਵਕ ਕਿੱਤਾ – ਰਾਜੀਵ ਨਾਗ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਮਾਸ ਕਮਿਊਨੀਕੇਸ਼ਨ ਅਤੇ ਜਰਨਲਿਜ਼ਮ ਵਿਭਾਗ ਵੱਲੋਂ ‘ਮੀਡੀਆ
’ਚ ਉਭਰਦੇ ਰੁਝਾਨ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਨਿਊਸਟਰੈਕ ਟੈਲੀਵਿਜ਼ਨ ਦੇ ਸੀਨੀਅਰ ਸੰਪਾਦਕ ਸ੍ਰੀ ਰਾਜੀਵ ਰੰਜਨ ਨਾਗ ਨੇ ਆਪਣੇ ਭਾਸ਼ਣ ’ਚ ਪੱਤਰਕਾਰ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ, ਸੁਰੱਖਿਆ ਅਤੇ ਵੱਧ ਰਹੀ ਪੇਡ ਅਤੇ ਜਾਅਲੀ ਨਿਊਜ਼ ਦੇ ਰੁਝਾਨ ’ਤੇ ਜਾਣਕਾਰੀ ਪ੍ਰਦਾਨ ਕੀਤੀ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਨਾਗ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਆਪਣੇ ਭਾਸ਼ਣ ’ਚ ਨਾਗ ਨੇ ਕਿਹਾ ਕਿ ਪੱਤਰਕਾਰ ਜਿਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਹੈ, ਅੱਜ ਆਪਣੀ ਸੁਰੱਖਿਆ ਪ੍ਰਤੀ ਦੁਬਿਧਾ ’ਚ ਹੈ, ਜਿਸ ਦਾ ਕਾਰਨ ਪੱਤਰਕਾਰ ਵੱਲੋਂ ਇਕ ਤਰਫ਼ਾ ਖ਼ਬਰ ਪ੍ਰਕਾਸ਼ਿਤ ਕਰਨਾ ਅਤੇ ਨਕਲੀ ਖ਼ਬਰਾਂ ਦੀ ਭਰਮਾਰ ਹੈ।ਉਨ੍ਹਾਂ ਕਿਹਾ ਕਿ ਪੱਤਰਕਾਰ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਬਹੁਤ ਅਹਿਮ ਹੁੰਦੀ ਹੈ ਅਤੇ ਸਹੀ ਤੇ ਸੱਚੀ ਖ਼ਬਰ ਹੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ।ਨਾਗ ਨੇ ਕਈ ਅਖ਼ਬਾਰਾਂ ਵੱਲੋਂ ਪੇਡ ਖ਼ਬਰਾਂ ਪ੍ਰਕਾਸ਼ਿਤ ਕਰਨ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਪੇਡ ਨਿਊਜ਼ ਨੂੰ ਅਖ਼ਬਾਰਾਂ ਅਧਾਰ ਬਣਾ ਲੈਣਗੀਆਂ ਤਾਂ ਸਮਾਜ ’ਚ ਫ਼ੈਲੀਆਂ ਕਰੀਤੀਆਂ, ਘਟਨਾਵਾਂ ਅਤੇ ਮਜ਼ਲੂਮਾਂ ਦੀ ਅਵਾਜ਼ ਕੌਣ ਬੁਲੰਦ ਕਰੇਗਾ।ਉਨ੍ਹਾਂ ਪੱਤਰਕਾਰਾਂ ਨੂੰ ਆਪਣੀ ਤਾਕਤ ਪ੍ਰਤੀ ਜਾਣੂ ਕਰਵਾਉਂਦਿਆ ਕਿਹਾ ਕਿ ਭਾਰਤ ਦੀ ਸਰਵਉਚ ਅਦਾਲਤ ਦੇ ਕੁੱਝ ਜੱਜਾਂ ਨੂੰ ਵੀ ਆਪਣਾ ਪੱਖ ਉਜਾਗਰ ਕਰਨ ਲਈ ਪੱਤਰਕਾਰਤਾ ਨਾਲ ਰਾਬਤਾ ਕਾਇਮ ਕਰਨਾ ਪਿਆ ਸੀ।
ਸੈਮੀਨਾਰ ਮੌਕੇ ਹਾਜ਼ਰ ਵਿਦਿਆਰਥੀਆਂ ਨੇ ਸ੍ਰੀ ਨਾਗ ਕੋਲੋਂ ਪੱਤਰਕਾਰਤਾ ਦੀ ਸੁਰੱਖਿਆ, ਪੇਡ ਨਿਊਜ਼ ਅਤੇ ਪੱਤਰਕਾਰਤਾ ਦੇ ਰੁਝਾਨ ਸਬੰਧੀ ਸਵਾਲ ਵੀ ਪੁੱਛੇ, ਜਿਨ੍ਹਾਂ ਦਾ ਉਨ੍ਹਾਂ ਬਹੁਤ ਹੀ ਵਿਸਥਾਰਪੂਰਵਕ ਜਵਾਬ ਦਿੱਤਾ।ਇਸ ਮੌਕੇ ਪ੍ਰਿੰਸੀਪਲ ਮਹਿਲ ਸਿੰਘ ਨੇ ਨਾਗ ਦੇ ਸਵਾਗਤ ’ਚ ਕਿਹਾ ਕਿ ਕਾਲਜ ਲਈ ਅੱਜ ਦਾ ਦਿਨ ਬੜਾ ਹੀ ਅਹਿਮ ਹੈ, ਜਿਸ ਪੱਤਰਕਾਰਤਾ ਨਾਲ ਸਬੰਧਿਤ ਕਈ ਮਹੱਤਵਪੂਰਨ ਗੱਲਾਂ ਉਜਾਗਰ ਹੋਈਆਂ ਹਨ।ਉਨ੍ਹਾਂ ਨੇ ਪੱਤਰਕਾਰ ਕਿੱਤਾ ਮਹਾਨ ਅਤੇ ਨਿਡਰਤਾ ਭਰਪੂਰ ਹੈ, ਜਿਸ ’ਚ ਹਰੇਕ ਨੂੰ ਇਨਸਾਨ ਨੂੰ ਆਪਣੀ ਪੱਖ ਜਾਹਿਰ ਕਰਨ ਲਈ ਬਰਾਬਰ ਦਾ ਹੱਕ ਮਿਲਦਾ ਹੈ।ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਬੇਖੌਫ਼ ਅਤੇ ਇਮਾਨਦਾਰੀ ਨਾਲ ਪੱਤਰਕਾਰਤਾ ਕਰਨ ਦੀ ਹੱਲ੍ਹਾਸ਼ੇਰੀ ਦਿੱਤੀ।
ਇਸ ਮੌਕੇ ਕਾਲਜ ਤੋਂ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਡੀ.ਐਸ ਰਟੌਲ ਨੇ ਕਿਹਾ ਕਿ ਨਾਗ ਦਾ ਪੱਤਰਕਾਰਤਾ ’ਚ 30 ਸਾਲਾਂ ਦਾ ਤਜ਼ਰਬਾ ਹੈ।ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਅਜੋਕਾ ਸਮਾਂ ਸੂਚਨਾ ਦਾ ਯੁੱਗ ਹੈ, ਜਿਸ ’ਚ ਸੂਚਨਾ ਦੀ ਭਰਮਾਰ ਹੈ ਪਰ ਕੀ ਸੱਚ ਅਤੇ ਕੀ ਗ਼ਲਤ ਹੈ, ਪ੍ਰਤੀ ਚੋਣ ਕਰਨਾ ਬੜਾ ਕਠਿਨ ਹੋ ਗਿਆ ਹੈ।
ਇਸ ਮੌਕੇ ਵਿਭਾਗ ਦੇ ਅਮਨਜੋਤੀ ਕੌਰ, ਇਲਾਹੀ ਬੇਦੀ, ਗੁਰਪ੍ਰੀਤ ਸਿੰਘ, ਹਰਮਨਦੀਪ ਕੌਰ, ਵਰਿੰਦਰ ਸਿੰਘ, ਜਸਪ੍ਰੀਤ ਕੌਰ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media